ਮੁੱਖ ਮੰਤਰੀ ਭਗਵੰਤ ਮਾਨ ਦੇ ਮੁੰਬਈ ਦੌਰੇ ਦਾ ਦੂਜਾ ਦਿਨ, ਕਪਿਲ ਸ਼ਰਮਾ ਨਾਲ ਕੀਤੀ ਮੁਲਾਕਾਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਮੁੰਬਈ ਦੌਰੇ ਦੌਰਾਨ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ਨਾਲ ਮੁਲਾਕਾਤ ਕੀਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੋ ਦਿਨਾਂ ਦੇ ਮੁੰਬਈ ਦੌਰੇ ਦਾ ਅੱਜ ਆਖਿਰੀ ਦਿਨ ਹੈ। ਮੁੰਬਈ ਦੌਰੇ ‘ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਮੁੱਖ ਮੰਤਰੀ ਵੱਖ-ਵੱਖ ਕਾਰੋਬਾਰੀਆਂ ਅਤੇ ਪ੍ਰਮੁੱਖ ਕੰਪਨੀਆਂ ਦੇ ਪ੍ਰਬੰਧਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹਨਾਂ ਨੇ ਬਾਲੀਵੁੱਡ ਅਦਾਕਾਰ ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ਨਾਲ ਮੁਲਾਕਾਤ ਕੀਤੀ ਹੈ।
ਮੁੰਬਈ ਦੇ ਕਾਰੋਬਾਰੀਆਂ ਨੂੰ ਮਿਲੇ ਸੀਐੱਮ ਭਗਵੰਤ ਮਾਨ
ਮੁੱਖ ਮੰਤਰੀ ਮਾਨ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨਗੇ। ਇਸ ਦੇ ਨਾਲ ਹੀ ਉਹ ਬਾਲੀਵੁੱਡ ਦੇ ਵੱਡੇ ਪ੍ਰੋਡਕਸ਼ਨ ਹਾਊਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਸਟੂਡੀਓ ਸਥਾਪਤ ਕਰਨ ਦਾ ਸੱਦਾ ਦੇਣਗੇ। ਸੀਐਮ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਾਲੀਵੁੱਡ ਅਤੇ ਪਾਲੀਵੁੱਡ ਨੂੰ ਜੋੜਨ ਲਈ ਮੁੰਬਈ ਆਏ ਹਨ। ਇਸ ਦੇ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ। ਪੰਜਾਬ ‘ਚ ਫਿਲਮ ਸਿਟੀ ਬਣਾਉਣ ਲਈ ਵੱਡੇ ਪ੍ਰੋਡਕਸ਼ਨ ਹਾਊਸਾਂ ਨਾਲ ਮੀਟਿੰਗ ਕਰਨਗੇ ਮਾਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਪਹਿਲਾਂ ਹੀ ਵਿਸ਼ਾਲ ਹੈ ਅਤੇ ਇਹ ਪ੍ਰਸਤਾਵਿਤ ਫਿਲਮ ਸਿਟੀ ਇਸ ਨੂੰ ਵਿਆਪਕ ਪੱਧਰ ‘ਤੇ ਫੈਲਣ ਦਾ ਮੌਕਾ ਦੇਵੇਗੀ।
ਸੂਬੇ ਦੇ ਉਦਯੋਗਿਕ ਵਿਕਾਸ ਨੂੰ ਮਿਲੇਗਾ ਹੁਲਾਰਾ
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਸ ਦੌਰੇ ਨਾਲ ਜਿੱਥੇ ਇੱਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੁੱਲ੍ਹਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਮੁੰਬਈ ਵਿੱਚ ਉਦਯੋਗਪਤੀਆਂ ਦੇ ਸਾਹਮਣੇ ਪੰਜਾਬ ਨੂੰ ਮੌਕਿਆਂ ਅਤੇ ਵਿਕਾਸ ਦੀ ਧਰਤੀ ਵਜੋਂ ਦਿਖਾਉਣਗੇ। ਪੰਜਾਬ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਅਤੇ ਸੂਬੇ ਵਿੱਚ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਪੰਜਾਬ ਚ ਨਿਵੇਸ਼ ਕਰਨ ਲਈ ਦੇਣਗੇ ਸੱਦਾ
ਮੁੱਖ ਮੰਤਰੀ ਭਗਵੰਤ ਮਾਨ ਅਗਲੇ ਮਹੀਨੇ ਆਪਣੇ ਦੌਰੇ ਦੌਰਾਨ ਐੱਸ. ਏ ਐੱਸ. ਨਗਰ ਮੋਹਾਲੀ ਵਿਖੇ ਹੋਣ ਵਾਲੀ ਇਨਵੈਸਟ ਪੰਜਾਬ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉਦਯੋਗਪਤੀਆਂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਹੈ ਅਤੇ ਸੂਬੇ ਵਿੱਚ ਨਵੇਂ ਨਿਵੇਸ਼ ਲਈ ਹਰ ਸੰਭਵ ਯਤਨ ਕੀਤੇ ਜਾਣਗੇ।