ਸ਼੍ਰੀ ਕਾਲੀ ਮਾਤਾ ਮੰਦਰ ਹੋਵੇਗਾ ਪੁਨਰ ਸੁਰਜੀਤ, ਨਾਭਾ ਪਹੁੰਚੇ CM ਮਾਨ ਨੇ ਕੀਤਾ ਐਲਾਨ
ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੰਦਰ ਦੇ ਸਰੋਵਰ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਗਾਦ ਹਟਾਉਣਾ, ਵਾਟਰਪ੍ਰੂਫਿੰਗ, ਪੱਥਰਾਂ ਨਾਲ ਕਿਨਾਰਿਆਂ ਨੂੰ ਪੱਕਾ ਕਰਨਾ ਅਤੇ ਰਸਤੇ ਹੋਰ ਆਕਰਸ਼ਕ ਬਣਾਉਣਾ ਸ਼ਾਮਲ ਹੈ।
CM Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਜ਼ਰੂਰੀ ਸਰੋਤਾਂ ਨਾਲ ਮੰਦਰ ਦੇ ਪੁਨਰ ਸੁਰਜੀਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 30 ਸਾਲਾਂ ਤੋਂ ਸੁੱਕੀ ਹੋਈ ਮੰਦਿਰ ਝੀਲ ਨੂੰ ਤਾਜ਼ੇ ਪਾਣੀ ਨਾਲ ਭਰ ਕੇ ਮੁੜ ਸੁਰਜੀਤ ਕੀਤਾ ਜਾਵੇਗਾ।
ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੰਦਰ ਦੇ ਸਰੋਵਰ ਦਾ ਪੂਰੀ ਤਰ੍ਹਾਂ ਨਵੀਨੀਕਰਨ ਕੀਤਾ ਜਾਵੇਗਾ, ਜਿਸ ਵਿੱਚ ਗਾਦ ਹਟਾਉਣਾ, ਵਾਟਰਪ੍ਰੂਫਿੰਗ, ਪੱਥਰਾਂ ਨਾਲ ਕਿਨਾਰਿਆਂ ਨੂੰ ਪੱਕਾ ਕਰਨਾ ਤੇ ਰਸਤੇ ਹੋਰ ਆਕਰਸ਼ਕ ਬਣਾਉਣਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਪਿਛਲਾ ਦਰਵਾਜ਼ਾ, ਜੋ ਸ਼ਰਧਾਲੂਆਂ ਦੀ ਭੀੜ ਦੇ ਸਮੇਂ ਮੁੱਖ ਪ੍ਰਵੇਸ਼ ਦੁਆਰ ਵਜੋਂ ਕੰਮ ਕਰਦਾ ਹੈ, ਨੂੰ ਦੁਬਾਰਾ ਖੋਲ੍ਹਣ ਅਤੇ ਨਵੀਨੀਕਰਨ ਕਰਨ ਦਾ ਪ੍ਰਸਤਾਵ ਹੈ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੰਦਰ ਦੇ ਸਾਰੇ ਪ੍ਰਵੇਸ਼ ਦੁਆਰ ਇੱਕੋ ਸਮੇਂ ਨਵੀਂ ਸਜਾਵਟ ਵਿੱਚ ਬਹਾਲ ਕੀਤੇ ਜਾਣਗੇ ਤਾਂ ਜੋ ਸ਼ਰਧਾਲੂਆਂ ਦੀ ਆਵਾਜਾਈ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ ਅਤੇ ਨਾਲ ਹੀ ਆਰਕੀਟੈਕਚਰਲ ਸਮਰੂਪਤਾ ਨੂੰ ਬਣਾਈ ਰੱਖਿਆ ਜਾ ਸਕੇ।
ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਸਿੱਖ ਅਤੇ ਹਿੰਦੂ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਰਧਾਲੂਆਂ, ਖਾਸ ਕਰਕੇ ਦੂਰ-ਦੁਰਾਡੇ ਥਾਵਾਂ ਤੋਂ ਆਉਣ ਵਾਲੇ ਜਾਂ ਆਰਥਿਕ ਤੌਰ ‘ਤੇ ਕਮਜ਼ੋਰ ਸ਼ਰਧਾਲੂਆਂ ਲਈ ਰੋਜ਼ਾਨਾ ਲੰਗਰ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਦੀ ਉਸਾਰੀ, ਵਿਰਾਸਤੀ ਸੰਭਾਲ, ਤੀਰਥ ਯਾਤਰਾ ਸੇਵਾਵਾਂ, ਸਫਾਈ, ਪਾਰਕਿੰਗ ਅਤੇ ਸੁਚਾਰੂ ਆਵਾਜਾਈ ਪ੍ਰਬੰਧਨ ਲਈ ਸ਼ਹਿਰੀ ਅਤੇ ਧਾਰਮਿਕ ਯੋਜਨਾ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਵਿਆਪਕ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ।
ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਤ ਹਾਲ ਨੂੰ ਪੂਰੀ ਤਰ੍ਹਾਂ ਏਅਰ-ਕੰਡੀਸ਼ਨਡ ਹਾਲ ਵਿੱਚ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਬਜ਼ੁਰਗ ਨਾਗਰਿਕਾਂ, ਬੱਚਿਆਂ ਵਾਲੀਆਂ ਔਰਤਾਂ ਅਤੇ ਅਪਾਹਜ ਸ਼ਰਧਾਲੂਆਂ ਨੂੰ ਖਾਸ ਕਰਕੇ ਬਦਲਦੇ ਮੌਸਮ ਵਿੱਚ ਆਰਾਮ ਮਿਲ ਸਕੇ।
ਇਹ ਵੀ ਪੜ੍ਹੋ
ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਇਸ ਮੰਦਰ ਦੀ ਮਹੱਤਤਾ ਇਸ ਗੱਲ ਤੋਂ ਝਲਕਦੀ ਹੈ ਕਿ ਇੱਥੇ ਰੋਜ਼ਾਨਾ ਲਗਭਗ 25,000 ਸ਼ਰਧਾਲੂ ਆਉਂਦੇ ਹਨ, ਸ਼ਨੀਵਾਰ ਨੂੰ ਲਗਭਗ ਇੱਕ ਲੱਖ ਅਤੇ ਨਵਰਾਤਰੀ ਤਿਉਹਾਰ ਦੌਰਾਨ ਲਗਭਗ 1.5 ਲੱਖ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਇਸ ਪਵਿੱਤਰ ਸਥਾਨ ‘ਤੇ ਮੱਥਾ ਟੇਕਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਪਟਿਆਲਾ ਵਿੱਚ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ, ਉੱਤਰੀ ਭਾਰਤ ਦੇ ਸਭ ਤੋਂ ਵੱਕਾਰੀ ਅਤੇ ਇਤਿਹਾਸਕ ਮੰਦਰਾਂ ਵਿੱਚੋਂ ਇੱਕ ਹੈ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਮੰਦਰ ਪੰਜਾਬ ਦੀ ਅਮੀਰ ਅਧਿਆਤਮਿਕ ਵਿਰਾਸਤ ਅਤੇ ਸ਼ਾਹੀ ਸਰਪ੍ਰਸਤੀ ਦਾ ਪ੍ਰਮਾਣ ਹੈ।
ਮੁੱਖ ਮੰਤਰੀ ਅਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਇਸ ਮੰਦਰ ਵਿੱਚ ਕਾਲੀ ਮਾਤਾ ਦੀ ਛੇ ਫੁੱਟ ਉੱਚੀ ਮੂਰਤੀ ਅਤੇ ਬੰਗਾਲ ਦੀ ਪਵਿੱਤਰ ਲਾਟ ਸਥਾਪਿਤ ਹੈ। ਉਨ੍ਹਾਂ ਕਿਹਾ ਕਿ ਕਾਲੀ ਮਾਤਾ ਦੇ ਮੁੱਖ ਪਵਿੱਤਰ ਸਥਾਨ ਤੋਂ ਇਲਾਵਾ, ਮੰਦਰ ਕੰਪਲੈਕਸ ਵਿੱਚ ਸ਼ਕਤੀ ਦੇ ਰੂਪ ਵਿੱਚ ਸ਼੍ਰੀ ਰਾਜ ਰਾਜੇਸ਼ਵਰੀ ਜੀ ਦਾ ਇੱਕ ਪ੍ਰਾਚੀਨ ਮੰਦਰ ਵੀ ਹੈ।
ਸੀਐਮ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੋਹਰੀ ਸ਼ਰਧਾ ਇਸ ਕੰਪਲੈਕਸ ਨੂੰ ਅਧਿਆਤਮਿਕ ਤੇ ਆਰਕੀਟੈਕਚਰਲ ਦੋਵਾਂ ਦ੍ਰਿਸ਼ਟੀਕੋਣਾਂ ਤੋਂ ਵਿਲੱਖਣ ਬਣਾਉਂਦੀ ਹੈ ਅਤੇ ਸਦੀਆਂ ਪੁਰਾਣੀਆਂ ਭਗਤੀ ਪਰੰਪਰਾਵਾਂ ਨੂੰ ਆਧੁਨਿਕ ਯੁੱਗ ਦੇ ਬੁਨਿਆਦੀ ਢਾਂਚੇ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਮੁੱਢਲਾ ਫਰਜ਼ ਹੈ ਕਿ ਉਹ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲੇ ਤਾਂ ਜੋ ਸਾਡੇ ਨੌਜਵਾਨਾਂ ਨੂੰ ਸਾਡੇ ਸ਼ਾਨਦਾਰ ਅਤੀਤ ਤੋਂ ਜਾਣੂ ਕਰਵਾਇਆ ਜਾ ਸਕੇ।