ਚੰਨੀ ਦੀ ਧੜੇ ਦੀ ਅੱਜ ਕੇਸੀ ਵੇਣੂਗੋਪਾਲ ਨਾਲ ਮੀਟਿੰਗ, ਕੀ ਨਾਰਾਜ਼ ਆਗੂ ਕਰਨਗੇ ਸਮਝੌਤਾ?
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਚੰਨੀ ਧੜਾ, ਅੱਜ ਹਾਈਕਮਾਂਡ ਸਾਹਮਣੇ ਆਪਣੀ ਗੱਲ ਰੱਖੇਗਾ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕੀਤੀ ਸੀ। ਬਘੇਲ ਇਸ ਤੋਂ ਪਹਿਲਾਂ ਪੰਜਾਬ ਦੇ 5 ਦਿਨਾਂ ਦੇ ਦੌਰੇ 'ਤੇ ਆਏ ਸਨ।
ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਅੱਜ ਚੰਨੀ ਧੜੇ ਦੀ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 3 ਵਜੇ ਦਿੱਲੀ ਵਿਖੇ ਹੋਵੇਗੀ। ਵੇਣੂਗੋਪਾਲ ਨਾਲ ਪੰਜਾਬ ਕਾਂਗਰਸ ਦੇ ਆਗੂ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ ਤੇ ਪਰਗਟ ਸਿੰਘ ਸਮੇਤ ਹੋਰ ਆਗੂ ਮੌਜੂਦ ਰਹਿਣਗੇ। ਚੰਨੀ ਧੜਾ ਬੀਤੇ ਕਈ ਦਿਨਾਂ ਤੋਂ ਹਾਈਕਮਾਂਡ ਨਾਲ ਮੀਟਿੰਗ ਦੀ ਮੰਗ ਕਰ ਰਿਹਾ ਸੀ ਤੇ ਅੱਜ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹਾ ਚੰਨੀ ਧੜਾ, ਅੱਜ ਹਾਈਕਮਾਂਡ ਸਾਹਮਣੇ ਆਪਣੀ ਗੱਲ ਰੱਖੇਗਾ। ਇਸ ਤੋਂ ਪਹਿਲਾਂ ਬੀਤੇ ਦਿਨ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਸੀ ਵੇਣੂਗੋਪਾਲ ਨਾਲ ਮੀਟਿੰਗ ਕੀਤੀ ਸੀ। ਬਘੇਲ ਇਸ ਤੋਂ ਪਹਿਲਾਂ ਪੰਜਾਬ ਦੇ 5 ਦਿਨਾਂ ਦੇ ਦੌਰੇ ‘ਤੇ ਆਏ ਸਨ। ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਕਲੇਸ਼ ‘ਤੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਇਸ ਤੋਂ ਬਾਅਦ ਹਾਈਕਮਾਂਡ ਨੂੰ ਰਿਪੋਰਟ ਸੌਂਪੀ।
ਵੜਿੰਗ ਨੂੰ ਹੀ ਪ੍ਰਧਾਨਗੀ ਅਹੁਦੇ ‘ਤੇ ਬਰਕਰਾਰ ਰੱਖਣ ਦੀ ਸਿਫ਼ਾਰਿਸ਼?
ਸੂਤਰਾਂ ਮੁਤਾਬਕ, ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਜੋ ਰਿਪੋਰਟ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਸੌਂਪੀ ਹੈ, ਉਸ ‘ਚ ਰਾਜਾ ਵੜਿੰਗ ਨੂੰ ਹੀ ਪ੍ਰਧਾਨਗੀ ਅਹੁਦੇ ‘ਤੇ ਬਰਕਰਾਰ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਉਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ 29 ਜ਼ਿਲ੍ਹਾ ਪ੍ਰਧਾਨਾਂ ਚੋਂ 25 ਤੇ 7 ਚੋਂ 4 ਸੰਸਦ ਮੈਂਬਰ ਵੜਿੰਗ ਦਾ ਸਮਰਥਨ ਕਰਦੇ ਹਨ।
ਪੰਜਾਬ ਲੀਡਰਸ਼ਿਪ ਚ ਬਦਲਾਅ ਦੀ ਮੰਗ ਕਰ ਰਹੇ ਚਰਨਜੀਤ ਸਿੰਘ ਚੰਨੀ ਨੂੰ ਅਜਿਹੇ ਚ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਕਾਂਗਰਸ ਇੰਚਾਰਜ ਬਘੇਲ ਇਸ ਤੋਂ ਪਹਿਲਾਂ ਕਿਸੇ ਵੀ ਫੈਸਲੇ ਤੇ ਪੁਨਰ ਵਿਚਾਰ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਉੱਥੇ ਹੀ, ਬੀਤੇ ਦਿਨੀਂ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੋਈ ਗੁੱਡੇ-ਗੁੱਡਿਆਂ ਦਾ ਖੇਡ ਨਹੀਂ ਹੈ। ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ਬਾਗੀ ਕੈਂਪ ਦੇ ਇੱਕ ਦੇ ਰਵੱਈਏ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਖੜਗੇ ਤੇ ਰਾਹੁਲ ਗਾਂਧੀ ਫਿਲਹਾਲ ਕਿਸੇ ਵੀ ਅਸੰਤੁਸ਼ਟ ਨੇਤਾ ਨਾਲ ਨਹੀਂ ਮਿਲਣਗੇ। ਕਾਂਗਰਸ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਹੱਲ ਕੱਢਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਸ ਮੀਟਿੰਗ ਤੋਂ ਬਾਅਦ ਆਗੂਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕਦਾ ਹੈ।
