PU ਵਿਦਿਆਰਥੀ ਚੋਣਾਂ ‘ਚ ਖ਼ਾਲਸਾ ਕਾਲਜ CSF ਜੇਤੂ, ਨਵਜੋਤ ਸਿੰਘ ਬਣੇ ਪ੍ਰਧਾਨ
ਪੰਜਾਬ ਯੂਨੀਵਰਸਿਟੀ (PU) ਕੈਂਪਸ ਸਮੇਤ ਚੰਡੀਗੜ੍ਹ ਦੇ 8 ਪ੍ਰਮੁੱਖ ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ। ਵੋਟਾਂ ਪੈਣ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਪੰਜਾਬ ਯੂਨੀਵਰਸਿਟੀ (PU) ਕੈਂਪਸ ਸਮੇਤ ਚੰਡੀਗੜ੍ਹ ਦੇ 8 ਪ੍ਰਮੁੱਖ ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ। ਵੋਟਾਂ ਪੈਣ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਦੌਰਾਨ ਸੈਕਟਰ-26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦੇ ਨਤੀਜੇ ਸਾਹਮਣੇ ਆਏ ਹਨ, ਜਿੱਥੇ ਚੰਡੀਗੜ੍ਹ ਸਟੂਡੈਂਟਸ ਫਰੰਟ (CSF) ਦੇ ਉਮੀਦਵਾਰ ਨਵਜੋਤ ਸਿੰਘ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪ੍ਰਧਾਨਗੀ ਦੇ ਅਹੁਦੇ ‘ਤੇ ਕਬਜ਼ਾ ਕੀਤਾ ਹੈ।
ਲਾਅ ਵਿਭਾਗ ਦੇ ਬਾਹਰ ਭਾਰੀ ਹੰਗਾਮਾ
ਵੋਟਿੰਗ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਲਾਅ ਡਿਪਾਰਟਮੈਂਟ ਦੇ ਬਾਹਰ ਉਸ ਵੇਲੇ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਜਦੋਂ ਵਿਦਿਆਰਥੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਗੁੱਸੇ ਵਿੱਚ ਆਏ ਕਈ ਵਿਦਿਆਰਥੀ ਦਰਵਾਜ਼ੇ ਨੂੰ ਲੱਤਾਂ ਮਾਰ ਕੇ ਜ਼ਬਰਦਸਤੀ ਵਿਭਾਗ ਦੇ ਅੰਦਰ ਦਾਖ਼ਲ ਹੋ ਗਏ। ਇਸ ਦੌਰਾਨ ਸਥਿਤੀ ‘ਤੇ ਕਾਬੂ ਪਾਉਣ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਵਿਚਾਲੇ ਤਿੱਖੀ ਝੜਪ ਅਤੇ ਜ਼ਬਰਦਸਤ ਧੱਕਾ-ਮੁੱਕੀ ਹੋਈ। ਮੌਕੇ ‘ਤੇ ਹਾਲਾਤ ਇੰਨੇ ਵਿਗੜ ਗਏ ਕਿ ਇੱਕ ਪੁਲਿਸ ਮੁਲਾਜ਼ਮ ਵੱਲੋਂ ਪ੍ਰਦਰਸ਼ਨਕਾਰੀ ਵਿਦਿਆਰਥੀ ਨੂੰ ਲੱਤ ਤੋਂ ਫੜ ਕੇ ਖਿੱਚਣ ਦੇ ਦ੍ਰਿਸ਼ ਵੀ ਸਾਹਮਣੇ ਆਏ। ਇਸ ਤੋਂ ਬਾਅਦ ਪੁਲਿਸ ਨੇ ਨਾਅਰੇਬਾਜ਼ੀ ਕਰ ਰਹੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਸਮੇਂ ਤੋਂ ਪਹਿਲਾਂ ਗੇਟ ਬੰਦ ਕਰਨ ਅਤੇ ਜਾਅਲੀ ਵੋਟਿੰਗ ਦੇ ਲਗਾਏ ਦੋਸ਼
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਚੋਣ ਪ੍ਰਬੰਧਕਾਂ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਵੋਟਿੰਗ ਦਾ ਅਧਿਕਾਰਤ ਸਮਾਂ ਸਵੇਰੇ 11 ਵਜੇ ਤੱਕ ਨਿਰਧਾਰਤ ਸੀ, ਪਰ ਲਾਅ ਵਿਭਾਗ ਦਾ ਮੁੱਖ ਗੇਟ ਸਵੇਰੇ 10 ਵਜੇ ਦੇ ਕਰੀਬ ਹੀ ਬੰਦ ਕਰ ਦਿੱਤਾ ਗਿਆ। ਸਮੇਂ ਤੋਂ ਪਹਿਲਾਂ ਗੇਟ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝੇ ਰਹਿਣ ਦੇ ਖ਼ਦਸ਼ੇ ਕਾਰਨ ਭੜਕ ਗਏ। ਵਿਦਿਆਰਥੀਆਂ ਨੇ ਤੁਰੰਤ ਗੇਟ ਖੋਲ੍ਹ ਕੇ ਵੋਟਿੰਗ ਦੁਬਾਰਾ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਵਿਭਾਗ ਅੰਦਰ ਜਾਅਲੀ ਵੋਟਾਂ ਪਾਏ ਜਾਣ ਦੇ ਦੋਸ਼ ਵੀ ਮੜ੍ਹੇ।
ਬੈਲਟ ਬਾਕਸ ਲੈ ਕੇ ਜਾ ਰਹੀ ਪੁਲਿਸ ਨੂੰ ਘੇਰਿਆ
ਹੰਗਾਮੇ ਅਤੇ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਜਦੋਂ ਪੁਲਿਸ ਟੀਮ ਲਾਅ ਡਿਪਾਰਟਮੈਂਟ ਦੇ ਅੰਦਰੋਂ ਬੈਲਟ ਬਾਕਸ ਨੂੰ ਬਾਹਰ ਲੈ ਕੇ ਜਾਣ ਲੱਗੀ, ਤਾਂ ਰੋਸ ਵਿੱਚ ਆਏ ਵਿਦਿਆਰਥੀਆਂ ਨੇ ਪੁਲਿਸ ਦਾ ਰਸਤਾ ਰੋਕ ਲਿਆ ਅਤੇ ਪੇਟੀਆਂ ਨੂੰ ਅੱਗੇ ਨਹੀਂ ਲਿਜਾਣ ਦਿੱਤਾ। ਇਸ ਤੋਂ ਬਾਅਦ ਨਾਰਾਜ਼ ਵਿਦਿਆਰਥੀ ਉੱਥੇ ਹੀ ਜ਼ਮੀਨ ‘ਤੇ ਧਰਨੇ ‘ਤੇ ਬੈਠ ਗਏ। ਸਥਿਤੀ ਨੂੰ ਸ਼ਾਂਤ ਕਰਨ ਲਈ ਸੀਨੀਅਰ ਪੁਲਿਸ ਅਧਿਕਾਰੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਅਤੇ ਮਾਮਲਾ ਹੱਲ ਕਰਨ ਦੇ ਯਤਨਾਂ ਵਿੱਚ ਜੁਟੇ ਰਹੇ।
