ਚੰਡੀਗੜ੍ਹ ਨਿਊਜ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਇੱਕ ਅਜਿਹਾ
ਟਵੀਟ ਕੀਤਾ ਗਿਆ, ਜੋ ਸੂਬੇ ਦੀ ਸਿਆਸਤ ਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਆਸਤਦਾਨ ਅਤੇ ਜਨਤਾ ਉਨ੍ਹਾਂ ਦੇ ਟਵੀਟ ਦੇ ਵੱਖ-ਵੱਖ ਮਤਲਬ ਕੱਢ ਰਹੇ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਹ ਟਵੀਟ ਅਕਾਲੀ ਦਲ ਤੇ ਹਮਲਾ ਬੋਲਣ ਲਈ ਹੀ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸ਼ਾਅਰੀ ਭਰਿਆ ਟਵੀਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਲਿੱਖਿਆ, ਇੱਕ ਜ਼ੁਲਮ ਕਰਦੀ ਹੈ ਤੇ ਇੱਕ ਜ਼ੁਲਮ ਰੋਕਦੀ ਹੈ। ਤਲਵਾਰ ਤਲਵਾਰ ਵਿੱਚ ਫਰਕ ਹੁੰਦਾ ਹੈ। ਇੱਕ ਨਾਲ ਕੌਮ ਉੱਤੋਂ ਵਾਰ ਦਿੱਤਾ ਜਾਂਦਾ ਹੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਹੈ। ਪਰਿਵਾਰ ਪਰਿਵਾਰ ਵਿੱਚ ਫਰਕ ਹੁੰਦਾ ਹੈ। ਇੱਕ ਸਹੂਲਤਾਂ ਦਿੰਦੀ ਹੈ ਇੱਕ ਮਾਫੀਆ ਪਾਲਦੀ ਹੈ..ਸਰਕਾਰ ਸਰਕਾਰ ਚ ਫਰਕ ਹੁੰਦਾ ਹੈ। ਇੱਕ ਛਪ ਕੇ ਵਿਕਦਾ ਹੈ ਇੱਕ ਵਿਕ ਕੇ ਛਪਦਾ ਹੈ। ਅਖਬਾਰ ਅਖਬਾਰ ਚ ਫਰਕ ਹੁੰਦਾ ਹੈ।
ਨਾਲ ਹੀ ਹੇਠਾਂ ਉਨ੍ਹਾਂ ਨੇ ਇੱਕ ਸਪੈਸ਼ਲ ਨੋਟ ਵੀ ਲਿੱਖਿਆ ਹੈ, ਜਿਸ ਵਿੱਚ ਵਿਅੰਗਾਤਮਕ ਤਰੀਕੇ ਵਿੱਚ ਉਨ੍ਹਾਂ ਕਿਹਾ – ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ਹਮਦਰਦ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ਇੱਕਨੂੰ ਛੱਡਕੇ। ਮੁੱਖ ਮੰਤਰੀ ਦੇ ਇਸ ਟਵੀਟ ਤੋਂ ਬਾਅਦ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਟਵੀਟ ਰਾਹੀਂ ਅਸਿੱਧੇ ਤੌਰ ਤੇ
ਅਕਾਲੀ ਦਲ ਤੇ ਹਮਲਾ ਬੋਲਿਆ ਹੈ।
ਜਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਜਿਮਨੀ ਚੋਣ ਵਿੱਚ ਜਦੋਂ ਤੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਹੈ, ਉਦੋਂ ਤੋਂ ਹੀ ਸੂਬਾ ਸਰਕਾਰ ਅਤੇ ਅਕਾਲੀ ਦਲ ਵਿੱਚ ਜੁਬਾਨੀ ਹਮਲਿਆਂ ਦਾ ਦੌਰ ਜਾਰੀ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਧਾਰਮਿਕ ਜਥੇਬੰਦੀ ਵੱਲੋਂ ਸਿਆਸੀ ਪ੍ਰਚਾਰ ਕਰਨ ਤੇ ਇਤਰਾਜ ਚੁੱਕ ਰਹੀ ਹੈ ਤਾਂ ਉੱਥੇ ਹੀ ਧਾਮੀ ਉਨ੍ਹਾਂ ਤੇ ਇਤਿਹਾਸ ਦੀ ਜਾਣਕਾਰੀ ਨਾ ਹੋਣ ਦਾ ਇਲਜਾਮ ਲਗਾ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ