Chandigarh Mayor Election: ਭਾਜਪਾ ਜਿੱਤੀ, ਕਾਂਗਰਸ ਜਿੱਤੀ, ਪਰ ਜਿੱਤੀ ਹੋਈ ਬਾਜ਼ੀ ਹਾਰ ਗਈ AAP…

Updated On: 

30 Jan 2025 15:56 PM

ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਆਪਣਾ ਕਿਲ੍ਹਾ ਬਚਾਉਣ ਵਿੱਚ ਅਸਫ਼ਲ ਰਹੀ ਹੈ। ਵੀਰਵਾਰ ਨੂੰ ਸਵੇਰ ਵੇਲੇ ਜਦੋਂ ਮੌਜੂਦਾ ਮੇਅਰ ਕੁਲਦੀਪ ਕੁਮਾਰ ਨੂੰ ਹਾਈਕੋਰਟ ਨੇ ਜ਼ਮਾਨਤ ਮਿਲ ਗਈ ਸੀ ਤਾਂ ਲੱਗ ਰਿਹਾ ਸੀ ਕਿ ਇੰਡੀਆ ਗੱਠਜੋੜ ਦੇ ਬਹੁਮਤ ਨਾਲ ਆਮ ਆਦਮੀ ਪਾਰਟੀ ਦੇ ਮੇਅਰ ਅਹੁਦੇ ਦਾ ਉਮੀਦਵਾਰ ਜਿੱਤ ਜਾਵੇਗਾ। ਪਰ ਨਤੀਜਾ ਆਇਆ ਤਾਂ ਪੂਰੀ ਬਾਜ਼ੀ ਹੀ ਪਲਟ ਗਈ।

Chandigarh Mayor Election: ਭਾਜਪਾ ਜਿੱਤੀ, ਕਾਂਗਰਸ ਜਿੱਤੀ, ਪਰ ਜਿੱਤੀ ਹੋਈ ਬਾਜ਼ੀ ਹਾਰ ਗਈ AAP...

Chandigarh Municipal Corporation

Follow Us On

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਹੋਣ ਚੋਣ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਜਿੱਥੇ ਇੰਡੀਆ ਗੱਠਜੋੜ (ਕਾਂਗਰਸ+ਆਮ ਆਦਮੀ ਪਾਰਟੀ) ਕੋਲ ਬਹੁਮਤ ਦੇ ਅੰਕੜੇ ਤੋਂ ਇੱਕ ਵੱਧ ਕੌਂਸਲਰ ਦੀ ਵੱਧ ਸੀ। ਪਰ ਫਿਰ ਵੀ ਜਦੋਂ ਵੋਟਿੰਗ ਹੋਈ ਤਾਂ 3 ਕੌਂਸਲਰਾਂ ਨੇ ਕਰਾਸ ਵੋਟਿੰਗ ਕਰ ਦਿੱਤੀ।

ਇਸ ਕਰਾਸ ਵੋਟਿੰਗ ਦਾ ਨਤੀਜ਼ਾ ਇਹ ਹੋਇਆ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੇਮ ਲਤਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ 19 ਵੋਟਾਂ ਲੈਕੇ ਬਾਜ਼ੀ ਮਾਰ ਗਈ।

2 ਅਹੁਦਿਆਂ ਤੇ ਕਾਂਗਰਸ ਦੀ ਜਿੱਤ

ਕਾਂਗਰਸ ਨੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਕਾਂਗਰਸ ਵੱਲੋਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਜਸਬੀਰ ਸਿੰਘ ਬੰਟੀ ਨੇ ਜਿੱਤ ਹਾਸਿਲ ਕੀਤੀ। ਉਹਨਾਂ ਨੂੰ 19 ਵੋਟਾਂ ਮਿਲੀਆਂ ਜਦੋਂ ਕਿ ਭਾਜਪਾਈ ਉਮੀਦਵਾਰ ਬਿਮਲਾ ਦੂਬੇ ਨੂੰ 17 ਕੌਂਸਲਰਾਂ ਦਾ ਸਮਰਥਨ ਮਿਲਿਆ। ਡਿਪਟੀ ਮੇਅਰ ਦੇ ਅਹੁਦੇ ਲਈ ਮੁਕਾਬਲਾ ਕਾਂਗਰਸ ਦੀ ਤਰੁਣਾ ਮਹਿਤਾ ਅਤੇ ਭਾਜਪਾ ਦੇ ਲਖਬੀਰ ਸਿੰਘ ਵਿਚਾਲੇ ਸੀ। ਡਿਪਟੀ ਮੇਅਰ ਦੇ ਅਹੁਦੇ ਤੇ ਵੀ ਕਾਂਗਰਸ ਦੀ ਜਿੱਤ ਹੋਈ। ਤਰੁਣਾ ਮਹਿਤਾ ਨੂੰ 19 ਵੋਟ ਮਿਲੇ।

ਮੇਅਰ ਚੋਣ ‘ਚ ਭਾਜਪਾ ਨੇ ਕੀਤਾ ਉਲਟਫੇਰ

ਉੱਧਰ, ਮੇਅਰ ਅਹੁਦੇ ਲਈ ਮੁਕਾਬਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਅਤੇ ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਦੇ ਵਿਚਕਾਰ ਸੀ। ਇੰਡੀਆ ਗੱਠਜੋੜ ਕੋਲ 20 (ਇੱਕ ਸਾਂਸਦ) ਵੋਟਾਂ ਸਨ ਅਤੇ ਬਹੁਮਤ ਲਈ 19 ਵੋਟਾਂ ਚਾਹੀਦੀਆਂ ਸਨ।

ਪਰ ਜਦੋਂ ਵੋਟਿੰਗ ਤੋਂ ਬਾਅਦ ਬੈਲੇਟ ਪੇਪਰ ਖੁੱਲ੍ਹਿਆ ਤਾਂ ਪਾਸਾ ਪਲਟ ਗਿਆ। ਪ੍ਰੇਮ ਲਤਾ ਨੂੰ ਸਿਰਫ਼ 17 ਵੋਟਾਂ ਮਿਲੀਆਂ ਜਦੋਂ ਕਿ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ। NDA ਕੋਲ 16 ਕੌਂਸਲਰ ਸਨ ਪਰ 19 ਵੋਟਾਂ ਮਿਲਣ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ 3 ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਹੈ। ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਭਾਜਪਾ ਨੂੰ ਵੋਟ ਪਾਈ ਹੈ।

ਜਿੱਤੀ ਹੋਈ ਬਾਜ਼ੀ ਕਿਵੇਂ ਹਾਰੀ AAP?

ਚੰਡੀਗੜ੍ਹ ਵਿੱਚ ਮਿਲੀ ਜਿੱਤ ਵਾਲਾ ਕਿਲ੍ਹਾ ਆਮ ਆਦਮੀ ਪਾਰਟੀ ਬਚਾਏ ਰੱਖਣ ਵਿੱਚ ਅਸਫਲ ਰਹੀ। ਹਾਲਾਂਕਿ ਇੰਡੀਆ ਗਠਜੋੜ ਕੋਲ ਬਹੁਮਤ ਜ਼ਰੂਰ ਸੀ ਪਰ ਨਰਾਜ਼ੀ ਅਤੇ ਕਰਾਸ ਵੋਟਿੰਗ ਨੇ ਪਾਰਟੀ ਨੂੰ ਹਰਾ ਦਿੱਤਾ। ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਦਾ ਇਲਜ਼ਾਮ ਹੈ ਕਿ ਕਾਂਗਰਸੀ ਕੌਂਸਲਰਾਂ ਨੇ ਭਾਜਪਾ ਨਾਲ ਮਿਲਕੇ ਕਰਾਸ ਵੋਟਿੰਗ ਕੀਤੀ ਹੈ। ਪਰ ਅਜੇ ਇਸ ਇਲਜ਼ਾਮ ਤੇ ਕਾਂਗਰਸ ਦਾ ਸਪੱਸ਼ਟੀਕਰਨ ਆਉਣਾ ਬਾਕੀ ਹੈ।

ਪਾਰਟੀ ਦੀ ਹਾਰ ਦਾ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਸਾਰੇ ਵੱਡੇ ਲੀਡਰ ਦਿੱਲੀ ਦੀਆਂ ਚੋਣਾਂ ਵਿੱਚ ਰੁਝੇ ਹੋਏ ਹਨ ਤਾਂ ਅਜਿਹੇ ਵਿੱਚ ਮੇਅਰ ਦੀ ਚੋਣ ਵੱਲ ਜ਼ਿਆਦਾ ਧਿਆਨ ਨਾ ਦੇਣਾ ਵੀ ਆਮ ਆਦਮੀ ਪਾਰਟੀ ਨੂੰ ਮਹਿੰਗਾ ਸਾਬਿਤ ਹੋਇਆ ਹੈ।