ਚੰਡੀਗੜ੍ਹ ‘ਚ ਪ੍ਰਸ਼ਾਸਕ ਨੇ 198 ਅਧਿਆਪਕਾਂ ਨੂੰ ਸੌਂਪੇ ਜੁਆਇਨਿੰਗ ਲੈਟਰ, ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਭਰੀਆਂ ਅਸਾਮੀਆਂ

Published: 

05 Jun 2025 21:24 PM IST

ਚੰਡੀਗੜ੍ਹ ਪ੍ਰਸ਼ਾਸਨ ਨੇ 198 ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ। ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ 2015 ਤੋਂ ਬਾਅਦ ਵੱਡੇ ਪੱਧਰ 'ਤੇ ਹੋਈਆਂ ਪਹਿਲੀਆਂ ਰੈਗੂਲਰ ਨਿਯੁਕਤੀਆਂ ਹਨ, ਬਾਕੀ ਅਸਾਮੀਆਂ ਕਾਨੂੰਨੀ ਵਿਵਾਦਾਂ ਕਾਰਨ ਅਜੇ ਭਰੀਆਂ ਨਹੀਂ ਜਾ ਸਕੀਆਂ।

ਚੰਡੀਗੜ੍ਹ ਚ ਪ੍ਰਸ਼ਾਸਕ ਨੇ 198 ਅਧਿਆਪਕਾਂ ਨੂੰ ਸੌਂਪੇ ਜੁਆਇਨਿੰਗ ਲੈਟਰ, ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਭਰੀਆਂ ਅਸਾਮੀਆਂ
Follow Us On

ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਵਿੱਚ ਟੀਜੀਟੀ ਦੀਆਂ 198 ਅਸਾਮੀਆਂ ਲਈ ਨਿਯਮਤ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਮੁੱਖ ਸਕੱਤਰ ਰਾਜੀਵ ਵਰਮਾ ਨੇ ਸੈਕਟਰ-42 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਅੱਜ ਪਹਿਲੇ ਪੜਾਅ ਵਿੱਚ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਿਨ੍ਹਾਂ ਦੀ ਯੋਗਤਾ ਜਾਂ ਚੋਣ ਪ੍ਰਕਿਰਿਆ ਵਿੱਚ ਕੋਈ ਇਤਰਾਜ਼ ਨਹੀਂ ਹੈ। ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਟੀਜੀਟੀ ਦੀ ਭਰਤੀ ਪ੍ਰਕਿਰਿਆ ਤਹਿਤ ਅੱਜ 198 ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਜਲਦੀ ਹੀ ਸਕੂਲਾਂ ਵਿੱਚ ਪੋਸਟਿੰਗ ਦਿੱਤੀ ਜਾਵੇਗੀ। ਵਿਭਾਗ ਇਹ ਯਕੀਨੀ ਬਣਾਏਗਾ ਕਿ ਸਾਰੇ ਚੁਣੇ ਗਏ ਅਧਿਆਪਕ ਸਮੇਂ ਸਿਰ ਜੁਆਇਨ ਕਰਨ।

2015 ਤੋਂ ਬਾਅਦ ਪਹਿਲੀ ਵਾਰ ਵੱਡੇ ਪੱਧਰ ‘ਤੇ ਰੇਗੁਲਰ ਨਿਯੁਕਤੀਆਂ

ਹੁਣ ਤੱਕ ਸਿਰਫ਼ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਕਾਨੂੰਨੀ ਵਿਵਾਦਾਂ ਜਾਂ ਅਦਾਲਤੀ ਮਾਮਲਿਆਂ ਕਾਰਨ ਬਾਕੀ 328 ਅਸਾਮੀਆਂ ਲਈ ਨਿਯੁਕਤੀ ਪ੍ਰਕਿਰਿਆ ਰੁਕੀ ਹੋਈ ਹੈ। ਵਿਭਾਗ ਨੇ ਟੀਜੀਟੀ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ 26 ਫਰਵਰੀ 2024 ਨੂੰ ਸ਼ੁਰੂ ਕੀਤੀ ਸੀ। ਲਿਖਤੀ ਪ੍ਰੀਖਿਆ 23 ਜੂਨ ਤੋਂ 28 ਜੂਨ ਤੱਕ ਲਈ ਗਈ ਸੀ, ਜਿਸ ਵਿੱਚ 60 ਹਜ਼ਾਰ 397 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ। ਜਾਂਚ ਤੇ ਦਸਤਾਵੇਜ਼ ਤਸਦੀਕ ਤੋਂ ਬਾਅਦ, ਵਿਭਾਗ ਨੇ 198 ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਹੈ।

ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਤੋਂ ਬਾਅਦ ਦੁਬਾਰਾ ਅਸਾਮੀਆਂ ਭਰੀਆਂ

ਸਿੱਖਿਆ ਵਿਭਾਗ ਵੱਲੋਂ ਹੁਣ ਜੋ ਅਸਾਮੀਆਂ ਭਰਤੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਪਹਿਲਾਂ ਰੱਦ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸਮੇਂ ਸਿਰ ਭਰਤੀ ਨਾ ਹੋਣ ਕਾਰਨ 1082 ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿੱਚੋਂ ਗ੍ਰਹਿ ਮੰਤਰਾਲੇ ਨੇ 2023 ਵਿੱਚ 1036 ਅਸਾਮੀਆਂ ਨੂੰ ਦੁਬਾਰਾ ਭਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ 993 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋਈ।