ਅੰਮ੍ਰਿਤਸਰ ‘ਚ ਪਾਈਪ ਪਾਉਣ ਵੇਲੇ ਟੁੱਟੀ ਨਹਿਰ, ਘਰਾਂ ‘ਚ ਵੜਿਆ ਗੋਡੇ-ਗੋਡੇ ਪਾਣੀ; ਅਧਿਕਾਰੀ ਮੌਕੇ ਤੋਂ ਫ਼ਰਾਰ
ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਭਾਈ ਮਾਨ ਸਿੰਘ ਰੋਡ ਖੇਤਰ ਵਿੱਚ ਵਿਭਾਗੀ ਅਣਗਹਿਲੀ ਕਾਰਨ ਨਹਿਰ ਪਾਟਣ ਨਾਲ ਭਿਆਨਕ ਜਲ-ਥਲ ਦੀ ਸਥਿਤੀ ਪੈਦਾ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਜਾਂ ਸਬੰਧਤ ਨਹਿਰੀ ਵਿਭਾਗ ਵੱਲੋਂ ਇਲਾਕੇ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ।
ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਭਾਈ ਮਾਨ ਸਿੰਘ ਰੋਡ ਖੇਤਰ ਵਿੱਚ ਵਿਭਾਗੀ ਅਣਗਹਿਲੀ ਕਾਰਨ ਨਹਿਰ ਪਾਟਣ ਨਾਲ ਭਿਆਨਕ ਜਲ-ਥਲ ਦੀ ਸਥਿਤੀ ਪੈਦਾ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਜਾਂ ਸਬੰਧਤ ਨਹਿਰੀ ਵਿਭਾਗ ਵੱਲੋਂ ਇਲਾਕੇ ਵਿੱਚ ਪਾਈਪਾਂ ਪਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ। ਇਸ ਕੰਮ ਦੌਰਾਨ ਕੀਤੀ ਗਈ ਭਾਰੀ ਲਾਪਰਵਾਹੀ ਕਾਰਨ ਨਹਿਰ ਪੰਕਚਰ (ਨੁਕਸਾਨੀ) ਹੋ ਗਈ। ਨਹਿਰ ਟੁੱਟਦਿਆਂ ਹੀ ਤੇਜ਼ ਵਹਾਅ ਵਾਲਾ ਪਾਣੀ ਰਿਹਾਇਸ਼ੀ ਇਲਾਕਿਆਂ, ਮੁੱਖ ਸੜਕਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਨਾਲ ਚਾਰੇ ਪਾਸੇ ਹਾਹਾਕਾਰ ਮੱਚ ਗਈ ਅਤੇ ਸਥਿਤੀ ਬੇਕਾਬੂ ਹੋ ਗਈ।
3 ਤੋਂ 4 ਘੰਟੇ ਭਰਦਾ ਰਿਹਾ ਪਾਣੀ
ਇਲਾਕਾ ਨਿਵਾਸੀ ਸਰਦਾਰ ਕੁਲਵਿੰਦਰ ਸਿੰਘ ਨੇ ਘਟਨਾ ਸਬੰਧੀ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਨਹਿਰ ਟੁੱਟਣ ਉਪਰੰਤ ਤਕਰੀਬਨ ਤਿੰਨ ਤੋਂ ਚਾਰ ਘੰਟੇ ਤੱਕ ਪਾਣੀ ਬਿਨਾਂ ਰੋਕ-ਟੋਕ ਤੇਜ਼ੀ ਨਾਲ ਵਹਿੰਦਾ ਰਿਹਾ। ਵੇਖਦਿਆਂ ਹੀ ਵੇਖਦਿਆਂ ਲੋਕਾਂ ਦੇ ਘਰਾਂ ਅੰਦਰ ਗੋਡੇ-ਗੋਡੇ ਪਾਣੀ ਭਰ ਗਿਆ, ਜਿਸ ਕਾਰਨ ਘਰੇਲੂ ਸਾਮਾਨ, ਕੀਮਤੀ ਵਸਤਾਂ ਅਤੇ ਆਸ-ਪਾਸ ਦੀਆਂ ਫ਼ਸਲਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਗਿਆ। ਉਨ੍ਹਾਂ ਗੰਭੀਰ ਆਰੋਪ ਲਾਇਆ ਕਿ ਜਿਵੇਂ ਹੀ ਨਹਿਰ ਵਿੱਚੋਂ ਪਾਣੀ ਰਿਸਣਾ ਅਤੇ ਫੁੱਟਣਾ ਸ਼ੁਰੂ ਹੋਇਆ, ਕੰਮ ਕਰਵਾ ਰਹੀ ਟੀਮ ਅਤੇ ਜ਼ਿੰਮੇਵਾਰ ਅਧਿਕਾਰੀ ਮੌਕੇ ਦੀ ਨਜ਼ਾਕਤ ਨੂੰ ਸੰਭਾਲਣ ਦੀ ਬਜਾਏ ਉੱਥੋਂ ਰਫ਼ੂ-ਚੱਕਰ ਹੋ ਗਏ।
ਅਧਿਕਾਰੀਆਂ ਦੇ ਦਾਅਵੇ ਨਿਕਲੇ ਝੂਠੇ, ਕਈ ਘੰਟੇ ਸੁੱਤਾ ਰਿਹਾ ਵਿਭਾਗ
ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਪਿੱਛੋਂ ਜੇਠੋਵਾਲ ਅਤੇ ਤਾਰਾਂ ਵਾਲੇ ਪੁਲ ਤੋਂ ਨਹਿਰ ਦਾ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ। ਪਰ ਜਦੋਂ ਸੁਚੇਤ ਸਥਾਨਕ ਨਾਗਰਿਕਾਂ ਨੇ ਖ਼ੁਦ ਜੇਠੋਵਾਲ ਸੰਪਰਕ ਕੀਤਾ ਤਾਂ ਹੈਰਾਨੀਜਨਕ ਖ਼ੁਲਾਸਾ ਹੋਇਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਨਹਿਰ ਟੁੱਟਣ ਦੇ ਕਰੀਬ ਤਿੰਨ ਘੰਟੇ ਬਾਅਦ, ਮਹਿਜ਼ 15 ਮਿੰਟ ਪਹਿਲਾਂ ਹੀ ਭੇਜੀ ਗਈ ਸੀ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜ਼ਿੰਮੇਵਾਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਈ ਘੰਟੇ ਲਾਪਰਵਾਹੀ ਦੀ ਨੀਂਦ ਸੁੱਤੇ ਰਹੇ ਅਤੇ ਸਮਾਂ ਰਹਿੰਦੇ ਪਾਣੀ ਦਾ ਵਹਾਅ ਰੋਕਣ ਲਈ ਕੋਈ ਠੋਸ ਯਤਨ ਨਹੀਂ ਕੀਤਾ ਗਿਆ।
ਮੌਕੇ ‘ਤੇ ਕੋਈ ਉੱਚ ਅਧਿਕਾਰੀ ਨਹੀਂ
ਮੌਜੂਦਾ ਹਾਲਾਤ ਇਹ ਹਨ ਕਿ ਮੌਕੇ ‘ਤੇ ਵਿਭਾਗ ਦਾ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਪ੍ਰਸ਼ਾਸਨਿਕ ਨੁਮਾਇੰਦਾ ਮੌਜੂਦ ਨਹੀਂ ਹੈ। ਪ੍ਰਸ਼ਾਸਨ ਵੱਲੋਂ ਮਹਿਜ਼ ਇੱਕ ਪ੍ਰਾਈਵੇਟ ਜੇਸੀਬੀ ਚਾਲਕ ਨੂੰ ਕੰਮ ‘ਤੇ ਲਗਾ ਕੇ ਛੱਡ ਦਿੱਤਾ ਗਿਆ ਹੈ, ਜੋ ਮਿੱਟੀ ਪਾ ਕੇ ਪਾਣੀ ਦਾ ਰਿਸਾਅ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਪਾਣੀ ਦੇ ਤੇਜ਼ ਦਬਾਅ ਕਾਰਨ ਰਾਹਤ ਕਾਰਜ ਕਾਫ਼ੀ ਨਹੀਂ ਜਾਪ ਰਹੇ।
ਲੋਕਾਂ ਵੱਲੋਂ ਮੁਆਵਜ਼ੇ ਦੀ ਮੰਗ, ਕਾਰਵਾਈ ਨਾ ਹੋਣ ‘ਤੇ ਚੱਕਾ ਜਾਮ ਕਰਨ ਦੀ ਚੇਤਾਵਨੀ
ਪ੍ਰਸ਼ਾਸਨ ਅਤੇ ਵਿਭਾਗ ਦੀ ਇਸ ਅਣਗਹਿਲੀ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰਭਾਵਿਤ ਪਰਿਵਾਰਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਵੇ ਅਤੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ, ਜਾਇਦਾਦਾਂ ਤੇ ਸਾਮਾਨ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਜਾਰੀ ਕੀਤਾ ਜਾਵੇ। ਸਥਾਨਕ ਲੋਕਾਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਨੁਕਸਾਨ ਦੀ ਭਰਪਾਈ ਨਾ ਕੀਤੀ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਵਿੱਢੀ, ਤਾਂ ਉਹ ਸੜਕਾਂ ‘ਤੇ ਉਤਰ ਕੇ ਵੱਡੇ ਪੱਧਰ ‘ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
