ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਕੀਤਾ ਸਫ਼ਲ ਅਪ੍ਰੇਸ਼ਨ
47 ਸਾਲਾ ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੀ ਹਨ।
ਚੰਡੀਗੜ੍ਹ: ਡਾ. ਬਲਜੀਤ ਕੌਰ ਜੋ ਕਿ ਮੌਜੂਦਾ ਪੰਜਾਬ ਸਰਕਾਰ ਕੈਬਨਿਟ ਵਿਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਹਨ, ਨੇ ਬੀਤੇ ਦਿਨੀਂ ਦੋ ਨੇਤਰਹੀਣ ਵਿਅਕਤੀਆਂ ਦੀਆਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੀਤਾ ਜੋ ਕਿ ਸਫਲ ਰਿਹਾ। ਕੈਬਿਨੇਟ ਮੰਤਰੀ ਅੱਜ ਇਹਨਾਂ ਦੋਹਾਂ ਦਾ ਹਾਲ ਚਾਲ ਪੁੱਛਣ ਲਈ ਆਏ ਸਨ। ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਰਜ ਅਤੇ ਕਵਿਤਾ ਦੋਨੋ ਪਤੀ ਪਤਨੀ ਪਿੰਡ ਲੱਧੂਵਾਲਾ ਫਾਜਿਲਕਾ ਤੋਂ ਇੱਕ ਸਾਲ ਤੋਂ ਚਿੱਟੇ ਮੋਤੀਏ ਕਰਕੇ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਸਨ। ਇਹ ਲੋਕ ਗਰੀਬੀ ਕਰਕੇ ਅਣਗੌਲੇ ਰਹਿ ਗਏ ਸਨ। ਇਨ੍ਹਾਂ ਮਰੀਜ਼ਾਂ ਨੂੰ ਇੱਕ ਸੰਸਥਾ ਦੁਆਰਾ ਲਿਆਂਦਾ ਗਿਆ ਸੀ। ਦੋਵੇਂ ਪਤੀ ਪਤਨੀ ਦਾ ਇੱਕ ਮਹੀਨੇ ਪਹਿਲਾਂ ਅੱਖਾਂ ਦਾ ਅਪ੍ਰੇਸ਼ਨ ਕੀਤਾ ਸੀ ਜੋ ਕਿ ਪੂਰੀ ਤਰ੍ਹਾਂ ਕਾਮਯਾਬ ਰਿਹਾ ਅਤੇ ਇਹ ਦੰਪਤੀ ਜ਼ਿੰਦਗੀ ਦੇ ਰੰਗ ਦੇਖਣਯੋਗ ਹੋ ਗਏ ਹਨ।
ਸਫਲ ਹੋਇਆ ਦੂਜੀ ਅੱਖ ਦਾ ਅਪ੍ਰੇਸ਼ਨ
ਕੈਬਿਨੇਟ ਮੰਤਰੀ ਨੇ ਅੱਗੇ ਦੱਸਿਆ ਕਿ ਸੂਰਜ ਅਤੇ ਕਵਿਤਾ ਅੱਜ ਆਪ ਚੱਲ ਕੇ ਆਪਣੀ ਦੂਜੀ ਅੱਖ ਦੇ ਅਪ੍ਰੇਸ਼ਨ ਲਈ ਆਏ ਜੋ ਕਿ ਸਫਲਤਾ ਪੂਰਵਕ ਹੋ ਗਿਆ ਹੈ। ਉਨਾਂ ਕਿਹਾ ਕਿ ਇਹ ਲੋਕ ਜ਼ਿੰਦਗੀ ਵਿੱਚ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵਿਅਕਤੀ ਹੁਣ ਪੂਰੀ ਤਰ੍ਹਾਂ ਆਪਣੀਆਂ ਅੱਖਾਂ ਨਾਲ ਸਮਾਜ ਨੂੰ ਵੇਖ ਸਕਦੇ ਹਨ ਅਤੇ ਆਪਣਾ ਚੰਗਾ ਜੀਵਨ ਜਿਉਣ ਦੇ ਕਾਬਲ ਹੋ ਗਏ ਹਨ। ਇਸ ਮੌਕੇ ਸ੍ਰੀ ਗੁਰੂ ਨਾਨਕ ਸਾਹਿਬ ਸਰਬ ਸਾਂਝਾ ਮੋਦੀਖਾਨਾ ਸਮਾਜ ਦੇ ਉੱਘੇ ਵਿਅਕਤੀਆਂ ਤੋਂ ਇਲਾਵਾ ਹੋਰ ਸਮਾਜ ਸੇਵਕ ਵੀ ਹਾਜ਼ਰ ਸਨ।
ਵਿਰਾਸਤ ‘ਚ ਮਿਲੀ ਰਾਜਨੀਤੀ
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਵਿਧਾਇਕ ਵਿਚ ਇਕਲੌਤੀ ਡਾ: ਬਲਜੀਤ ਕੌਰ ਮਹਿਲਾ ਹੀ ਵਿਧਾਇਕ ਵਜੋਂ ਸ਼ਾਮਲ ਹੈ। 47 ਸਾਲਾ ਬਲਜੀਤ ਕੌਰ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੀ ਹਨ।
ਪੇਸ਼ੇ ਤੋਂ ਸਰਜਨ ਨੇ ਡਾ. ਬਲਜੀਤ ਕੌਰ
ਉਹ ਪੇਸ਼ੇ ਤੋਂ ਸਰਜਨ ਵੀ ਹਨ ਅਤੇ ਚੋਣ ਪ੍ਰਚਾਰ ਦੌਰਾਨ ਵੀ ਉਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਸੀ। ਉਹ ਨੇਤਰ ਵਿਗਿਆਨ ਵਿੱਚ ਐਮ. ਐਸ. ਹਨ ਅਤੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਵਿੱਚ ਸਰਜਨ ਸਨ। ਡਾ. ਬਲਜੀਤ ਕੌਰ ਮੂਲ ਰੂਪ ਵਿੱਚ ਫਰੀਦਕੋਟ ਦੀ ਵਸਨੀਕ ਹਨ ਜਿਨ੍ਹਾਂ ਨੂੰ ਸਿਆਸਤ ਵਿਰਾਸਤ ਵਿੱਚ ਮਿਲੀ ਹੈ। ਉਹ ਫਰੀਦਕੋਟ ਸੰਸਦੀ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਬੇਟੀ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਮਲੋਟ ਸੀਟ ਤੋਂ ਟਿਕਟ ਹਾਸਲ ਕੀਤੀ।