Baisakhi 2023: ਬਖ਼ਸ਼ੇ ਨਹੀਂ ਜਾਣਗੇ ਕਾਨੂੰਨ ਨਾਲ ਖਿਲਵਾੜ ਕਰਨ ਵਾਲੇ: DGP ਗੌਰਵ ਯਾਦਵ
DGP on Amritpal Singh: ਅਮ੍ਰਿਤਪਾਲ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਡੀਜੀਪੀ ਨੇ ਕਿਹਾ ਕਿ ਜੋ ਭਗੋੜਾ ਹੈ ਉਸਨੂੰ ਫੜਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਬਠਿੰਡਾ ਨਿਊਜ਼: ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (Talwani Sabo) ਵਿਖੇ ਹਰ ਸਾਲ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਲਈ ਇਸ ਵਾਰ ਖਾਸ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭਗੋੜਾ ਅਮ੍ਰਿਤਪਾਲ ਇਸ ਦੌਰਾਨ ਸਰੇਂਡਰ ਕਰ ਸਕਦਾ ਹੈ। ਜਿਸ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ। ਪੂਰੇ ਤਲਵੰਡੀ ਸਾਬੋ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਇੱਥੇ ਪਹੁੰਚੇ।
ਡੀਜੀਪੀ ਗੌਰਵ ਯਾਦਵ ਨੇ ਤਲਵੰਡੀ ਸਾਬੋ ਪਹੁੰਚ ਕੇ ਪੁਲਿਸ ਵੱਲੋਂ ਕੀਤੇ ਸੁਰੱਖਿਆ ਇੰਤਜਾਮਾਂ ਦਾ ਜਾਇਜਾ ਲਿਆ। ਉਨ੍ਹਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੇਲੇ ਦੀਆਂ ਤਿਆਰੀਆਂ ਦੀ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰੇਗਾ, ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਖਿਲਾਫ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਰਾਜਸਥਾਨ ਪੁਲਿਸ ਦਾ ਸਰਚ ਓਪਰੇਸ਼ਨ
ਉੱਧਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੇਂਦਰੀ ਏਜੰਸੀਆਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਰਾਜਸਥਾਨ ਪੁਲਿਸ ਵੱਡੇ ਪੱਧਰ ‘ਤੇ ਸਰਚ ਓਪਰੇਸ਼ਨ ਚਲਾ ਰਹੀ ਹੈ। ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ ਕਿ ਹਨੂੰਮਾਨਗੜ੍ਹ ਅਤੇ ਸ੍ਰੀਗੰਗਾਨਗਰ ਜ਼ਿਲ੍ਹਿਆਂ ਵਿੱਚ ਉਨ੍ਹਾਂ ਵੱਲੋਂ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਇਸਦੇ ਖਤਮ ਹੋਣ ਤੱਕ ਇਸ ਨਾਲ ਸਬੰਧਿਤ ਹਰ ਜਾਣਕਾਰੀ ਗੁਪਤ ਰੱਖੀ ਜਾਵੇਗੀ।
25 ਦਿਨਾਂ ਤੋਂ ਫਰਾਰ ਹੈ ਅਮ੍ਰਿਤਪਾਲ ਸਿੰਘ
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ (Amritpal Singh) 25 ਦਿਨਾਂ ਤੋਂ ਫਰਾਰ ਹੈ ਅਤੇ ਪੰਜਾਬ ਪੁਲਿਸ ਅਜੇ ਤੱਕ ਉਸ ਨੂੰ ਫੜ ਨਹੀਂ ਸਕੀ ਹੈ। ਅਕਾਲ ਤਖ਼ਤ ਨੇ ਵੀ ਉਸ ਨੂੰ ਆਤਮ ਸਮਰਪਣ ਕਰਨ ਅਤੇ ਕਾਨੂੰਨੀ ਲੜਾਈ ਲੜਨ ਦੀ ਸਲਾਹ ਦਿੱਤੀ ਹੈ। ਵਿਸਾਖੀ ਮੌਕੇ ਉਸ ਦੇ ਆਤਮ ਸਮਰਪਣ ਦੀਆਂ ਕਿਆਸਅਰਾਈਆਂ ਅਜੇ ਵੀ ਬਰਕਰਾਰ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਖਾਸ ਮੌਕੇ ‘ਤੇ ਉਹ ਤਿੰਨਾਂ ਪਵਿੱਤਰ ਸਿੱਖ ਤਖ਼ਤਾਂ ‘ਚੋਂ ਕਿਸੇ ਵੀ ਤਖ਼ਤ ‘ਤੇ ਜਾ ਕੇ ਆਤਮ ਸਮਰਪਣ ਕਰਕੇ ਹੀਰੋ ਬਣਨ ਦੀ ਕੋਸ਼ਿਸ਼ ਕਰ ਸਕਦਾ ਹੈ।
ਦਰਅਸਲ ਅੰਮ੍ਰਿਤਪਾਲ ਨੂੰ ਇਹ ਵੀ ਪਤਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਪੁਲਿਸ ਉਸ ਨੂੰ ਫੜ ਲਵੇਗੀ। ਅਜਿਹੀ ਸਥਿਤੀ ਵਿੱਚ, ਉਹ ਭੀੜ ਦੇ ਵਿਚਕਾਰ ਕਿਸੇ ਪਵਿੱਤਰ ਤਖਤ ‘ਤੇ ਜਾ ਕੇ ਅਤੇ ਸਪੀਚ ਦੇ ਕੇ ਧਾਰਮਿਕ ਨਾਇਕ ਬਣਨ ਦੀ ਕੋਸ਼ਿਸ਼ ਕਰੇਗਾ। ਇਸ ਦੌਰਾਨ, ਪੰਜਾਬ ਪੁਲਿਸ ਉਸ ਨੂੰ ਤਖਤ ‘ਤੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇਗੀ। ਵਿਸਾਖੀ ਤੋਂ ਪਹਿਲਾਂ ਪੰਜਾਬ ਹਾਈ ਅਲਰਟ ‘ਤੇ ਹੈ। ਸੀਨੀਅਰ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ
ਨੈਸ਼ਨਲ ਹਾਈਵੇ-ਸਟੇਟ ਹਾਈਵੇਅ ‘ਤੇ ਬੈਰੀਕੇਡਿੰਗ
ਨੈਸ਼ਨਲ ਹਾਈਵੇਅ, ਸਟੇਟ ਹਾਈਵੇਅ ਅਤੇ ਹੋਰ ਸਾਰੀਆਂ ਸੜਕਾਂ ‘ਤੇ ਜਬਰਦਸਤ ਬੈਰੀਕੇਡਿੰਗ ਹੈ। ਹਰ ਬਲਾਕ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਇੱਥੋਂ ਲੰਘਣ ਵਾਲਾ ਕੋਈ ਵੀ ਵਾਹਨ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ ਹੈ। ਹਰ ਵਾਹਨ ਅਤੇ ਹਰ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਅੰਮ੍ਰਿਤਪਾਲ ਸਿੰਘ ਭੇਸ ਵਿੱਚ ਤਖਤ ਤੱਕ ਨਾ ਪਹੁੰਚ ਜਾਵੇ। ਬੈਰੀਕੇਡਾਂ ਦੀ ਨਿਗਰਾਨੀ ਲਈ ਸੀਸੀਟੀਵੀ ਵੀ ਲਗਾਏ ਗਏ ਹਨ। ਬਠਿੰਡਾ ਤੋਂ ਦਮਦਮਾ ਸਾਹਿਬ ਨੂੰ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾ ਕੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਵੀ ਮੌਜੂਦ ਹਨ |
ਰੇਲਵੇ ਸਟੇਸ਼ਨਾਂ ‘ਤੇ ਅੰਮ੍ਰਿਤਪਾਲ ਦੇ ਪੋਸਟਰ
ਇਸ ਦੌਰਾਨ ਪੰਜਾਬ ਦੇ ਰੇਲਵੇ ਸਟੇਸ਼ਨਾਂ ‘ਤੇ ਅੰਮ੍ਰਿਤਪਾਲ ਸਿੰਘ ਦੇ ਵਾਂਟੇਡ ਪੋਸਟਰ ਚਿਪਕਾਏ ਜਾ ਰਹੇ ਹਨ। ਗੁਰਦਾਸਪੁਰ ਦੇ ਬਟਾਲਾ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨਾਂ ‘ਤੇ ਪੋਸਟਰ ਲਗਾਏ ਗਏ ਹਨ। ਪੋਸਟਰਾਂ ‘ਚ ਜੀਆਰਪੀ ਦਾ ਫ਼ੋਨ ਨੰਬਰ ਦਿੱਤਾ ਗਿਆ ਹੈ। ਪੋਸਟਰ ‘ਚ ਕਿਹਾ ਗਿਆ ਹੈ ਕਿ ਜੋ ਵੀ ਅੰਮ੍ਰਿਤਪਾਲ ਦਾ ਪਤਾ ਦੱਸੇਗਾ, ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ।