Crop Componsation: ‘ਨੁਕਸਾਨੀਆਂ ਗਈਆਂ ਫਸਲਾਂ ਦਾ ਇੱਕ ਏਕੜ ਨੂੰ ਹੀ ਇਕਾਈ ਮੰਨ ਕੇ ਦਿੱਤਾ ਜਾਵੇ ਮੁਆਵਜ਼ਾ’
ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਰਕੇ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਸਰਕਾਰ ਇੱਕ ਏਕੜ ਨੂੰ ਹੀ ਇਕਾਈ ਮੰਨ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ।
ਬਠਿੰਡਾ ਨਿਊਜ: ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਹੋਏ ਫਸਲਾਂ, ਬਾਗਾਂ ਅਤੇ ਮਕਾਨਾਂ ਦੇ ਨੁਕਸਾਨ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਸਮੂਹ ਜ਼ਿਲ੍ਹਾ ਹੈਡਕੁਆਟਰਾ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਪੰਜਾਬ ਸਰਕਾਰ ਦੇ ਨਾਮ ਡੀਸੀ ਬਠਿੰਡਾ ਨੂੰ ਮੰਗ ਪੱਤਰ ਦਿੱਤੇ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸਦੋਹਾ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਪਿੱਛਲੇ ਸਮੇਂ ਤੋਂ ਲਗਾਤਾਰ ਕਈ ਫਸਲਾਂ ਉੱਪਰ ਪਈਆਂ ਕੁਦਰਤੀ ਮਾਰਾਂ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਰਕੇ ਕਿਸਾਨੀ ਦਾ ਲੱਕ ਟੁੱਟ ਚੁੱਕਾ ਹੈ ।
ਕਿਸਾਨਾਂ ਪ੍ਰਤੀ ਸਰਕਾਰ ਦੀਆ ਨੀਤੀਆਂ ਅਤੇ ਸਰਕਾਰਾਂ ਦੀ ਕਿਸਾਨਾਂ ਪ੍ਰਤੀ ਸੋਚ ਦਾ ਅੰਦਾਜ਼ਾ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਹਾਲ ਹੀ ਵਿੱਚ ਦਿੱਤੇ ਉਸ ਤਾਜ਼ਾ ਬਿਆਨ ਤੋਂ ਹੀ ਲਗਾਇਆ ਜਾ ਸਕਦਾ ਹੈ। ਜਿਸ ਵਿੱਚ ਉਹ ਹੱਦ ਤੋਂ ਵੀ ਵੱਧ ਹੋਈ ਗੜੇਮਾਰ ਤੇ ਬਰਸਾਤ ਨਾਲ ਹੋਏ ਫਸਲਾ ਦੇ ਨੁਕਸਾਨ ਨੂੰ ਨਾਂ ਮਾਤਰ ਨੁਕਸਾਨ ਦੱਸ ਰਹੇ ਹਨ।
ਕਿਸਾਨਾਂ ਦੀ ਸਰਕਾਰ ਤੋਂ ਮੰਗ
ਕਿਸਾਨ ਆਗੂ ਰਣਜੀਤ ਸਿੰਘ ਜੀਦਾ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ 17 ਮਾਰਚ ਤੋਂ ਗਰਜ-ਚਮਕ ਕਾਰਨ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਅਤੇ ਫੇਰ 24, 25 ਮਾਰਚ ਨੂੰ ਹੋਈ ਭਾਰੀ ਬਰਸਾਤ ਅਤੇ ਗੜੇਮਾਰ ਨੇ ਕਿਸਾਨਾਂ ਦੀ ਔਲਾਦ ਵਾਂਗ ਪਾਲੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਅਤੇ ਕਣਕ, ਸਰੋਂ, ਸਬਜ਼ੀਆਂ,ਹਰਾ ਚਾਰੇ ਦਾ ਬੁਰੀ ਤਰ੍ਹਾਂ ਡਿੱਗਣ ਅਤੇ ਖੇਤਾਂ ਵਿੱਚ ਪਾਣੀ ਖੜਨ ਕਰਕੇ ਸਾਰੇ ਹੀ ਪੰਜਾਬ ਵਿੱਚ ਵੱਡੇ ਪੱਧਰ ਤੇ ਫਸਲਾ ਦਾ ਨੁਕਸਾਨ ਹੋਇਆ ਹੈ ਅਤੇ ਇਸ ਸਮੇਂ ਪੱਕਣ ਦੇ ਕੰਢੇ ਖੜੀ ਫਸਲ ਉੱਪਰ ਹੋਈ ਇਸ ਬੇਮੌਸਮੀ ਬਰਸਾਤ ਤੇ ਗੜੇਮਾਰ ਨੇ ਪਹਿਲਾਂ ਹੀ ਆਰਥਿਕ ਪੱਖੋਂ ਟੁੱਟ ਚੁੱਕੀ ਕਿਸਾਨੀਂ ਨੂੰ ਆਰਥਿਕ ਪੱਖੋਂ ਬਿਲਕੁੱਲ ਹੀ ਤੋੜਨ ਅਤੇ ਕਿਸਾਨ ਦੇ ਮੂੰਹ ਵਿੱਚੋਂ ਰੋਟੀ ਖੋਹਣ ਦਾ ਕੰਮ ਕੀਤਾ ਹੈ।
‘ਖਰਾਬ ਫਸਲਾਂ ਦਾ ਮੁਆਵਜਾ ਦੇਵੇ ਸਰਕਾਰ’
ਆਗੂਆ ਨੇ ਕਿਹਾ ਕਿ ਇਹ ਸਿਰਫ ਕਣਕ, ਸਰੋਂ,ਸਬਜੀ, ਫਲਾਂ ਦੀ ਫਸਲਾ ਨਹੀਂ ਸੀ ਇਹ ਕਿਸਾਨਾਂ ਦੀਆਂ ਆਸਾਂ ਉਮੀਦਾਂ ਸਨ ਜਿਸ ਤੋ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਘਰ ਪਾਉਣਾ ਸੀ ਕਿਸੇ ਨੇ ਬੈਂਕ ਦੀ ਕਿਸ਼ਤ ਦੇਣੀ ਸੀ ਅਤੇ ਹੋਰ ਬੜੇ ਕੰਮ ਹਨ ਜੋ ਕਿਸਾਨਾਂ ਨੇ ਇਹਨਾਂ ਫਸਲਾ ਉੱਪਰ ਆਸਾਂ ਕਰਕੇ ਆਰੰਭੇ ਹੋਏ ਹਨ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦੀ ਫਸਲਾਂ ਦੇ ਹੋਏ ਇਸ ਖਰਾਬੇ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ ਅਤੇ ਜੋ ਕਿਸਾਨਾਂ ਦੇ ਫਸਲੀ ਹੱਦ ਕਰਜ਼ੇ ਦੀਆਂ ਕਿਸ਼ਤਾਂ ਹਨ ਉਨ੍ਹਾਂ ਨੂੰ ਅਗਲੀ ਫਸਲ ਤੱਕ ਅੱਗੇ ਪਾਇਆ ਜਾਵੇ ਅਤੇ ਜੋ ਉਸ ਫਸਲੀ ਹੱਦ ਕਰਜ਼ੇ ਉੱਪਰ ਲੱਗਣ ਵਾਲਾ ਵਿਆਜ ਹੈ ਉਸ ਨੂੰ ਵੀ ਮਾਫ਼ ਕੀਤਾ ਜਾਵੇ।
ਉਨ੍ਹਾਂ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹੋ ਰਹੇ ਇਸ ਨੁਕਸਾਨ ਦੀ ਪੂਰਤੀ ਕਰਨ ਲਈ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਆਪਣੇ ਤੌਰ ਤੇ ਕਰਵਾਏ ਅਤੇ ਮੰਡੀ ਬੋਰਡ ਨੂੰ ਮੰਡੀਆਂ ਵਿੱਚੋ ਹੋਣ ਵਾਲੀ ਆਮਦਨ ਵਿੱਚੋਂ ਫਸਲਾਂ ਦੇ ਹੋਣ ਵਾਲੇ ਇਸ ਬੀਮੇ ਦਾ ਪ੍ਰੀਮੀਅਰ ਭਰੇ ਤਾਂ ਜੋ ਕਿਸਾਨਾ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਕਰਕੇ ਕਿਸਾਨਾਂ ਦੀ ਸਮੇਂ ਸਿਰ ਆਰਥਿਕ ਤੌਰ ਤੇ ਬਾਂਹ ਫੜੀ ਜਾ ਸਕੇ।