Bathinda News: ਜ਼ਿਲ੍ਹੇ ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ,11 ਜੂਨ 2023 ਤੱਕ ਲਾਗੂ ਰਹਿਣਗੇ ਹੁਕਮ

Updated On: 

20 Apr 2023 13:26 PM

DC Orders: ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੋੁਰ ਹੁਕਮਾਂ ਮੁਤਾਬਿਕ ਜ਼ਿਲ੍ਹੇ ਚ ਅਮਨ ਤੇ ਕਾਨੂੰਨ ਦੀ ਕਾਇਮੀ ਲਈ ਵਿਆਹਾਂ ਅਤੇ ਹੋਰ ਸਮਾਗਮਾਂ ਆਦਿ ਤੇ ਪਟਾਕੇ, ਆਤਿਸ਼ਬਾਜ਼ੀ ਚਲਾਉਣ 'ਤੇ ਆਰਮ ਫਾਇਰ ਦੀ ਵਰਤੋਂ ਕਰਨ ਉੱਪਰ ਮੁਕੰਮਲ ਪਾਬੰਦੀ ਲਗਾਈ ਗਈ ਹੈ।

Bathinda News: ਜ਼ਿਲ੍ਹੇ ਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਲਾਗੂ,11 ਜੂਨ 2023 ਤੱਕ ਲਾਗੂ ਰਹਿਣਗੇ ਹੁਕਮ
Follow Us On

ਬਠਿੰਡਾ ਨਿਊਜ: ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹੇ ਚ ਵੱਖ-ਵੱਖ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਹੁਕਮ ਅਨੁਸਾਰ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਕੁਝ ਲੋਕ ਪਾਣੀ ਦੀਆਂ ਟੈਂਕੀਆਂ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ ਚੜ ਜਾਂਦੇ ਹਨ, ਜਿਸ ਨਾਲ ਉਹ ਆਪਣੇ ਆਪ ਨੂੰ ਜਾਂ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਸ ਤੋ ਇਲਾਵਾ ਕਿਸੇ ਸ਼ਰਾਰਤੀ ਅਨਸਰ ਵਲੋਂ ਟੈਂਕੀਆਂ ਤੇ ਚੜਕੇ ਪੀਣ ਵਾਲੇ ਪਾਣੀ ਵਿਚ ਕੋਈ ਜ਼ਹਿਰੀਲੀ ਜਾਂ ਖ਼ਤਰਨਾਕ ਵਸਤੂ ਸੁੱਟਕੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਤੇ ਅਜਿਹੇ ਸ਼ਰਾਰਤੀ ਅਨਸਰਾਂ ਵਲੋਂ ਪਾਣੀਆਂ ਦੀਆਂ ਟੈਂਕੀਆਂ ਤੇ ਚੜਕੇ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ ਚੜਕੇ ਭੰਨ ਤੋੜ ਕੀਤੀ ਜਾ ਸਕਦੀ ਹੈ।

ਜਿਲ੍ਹਾ ਪ੍ਰਸ਼ਾਸਨ ਨੇ ਲਗਾਈਆਂ ਕਈ ਪਾਬੰਦੀਆਂ

ਜਾਰੀ ਹੁਕਮਾਂ ਅਨੁਸਾਰ ਉਕਤ ਦੇ ਮੱਦੇਨਜ਼ਰ ਕਾਨੂੰਨ ਤੇ ਵਿਵਸਥਾ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਕਿਸੇ ਵੀ ਵਿਅਕਤੀ ਦੇ ਪਾਣੀ ਦੀਆਂ ਟੈਕੀਆਂ ਜਾਂ ਅਜਿਹੀਆਂ ਉਚੀਆਂ ਥਾਵਾਂ ਤੇ ਚੜਣ ਤੇ ਪਾਬੰਦੀ ਲਾਈ ਜਾਂਦੀ ਹੈ। ਇੱਕ ਵੱਖਰੇ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਿਸੇ ਕਿਸਮ ਦਾ ਜਲੂਸ ਕੱਢਣ, ਕੋਈ ਸਮਾਗਮ ਕਰਨ, ਕਿਸੇ ਸਮਾਗਮ ਜਲੂਸ ਵਿਚ ਹਥਿਆਰ ਚੁੱਕ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਕਿਸੇ ਵਿਅਕਤੀ ਵੱਲੋਂ ਨਾਹਰੇ ਲਗਾਉਣ ਜਾਂ ਭੜਕਾਊ ਭਾਸ਼ਣ ਦੇਣ, ਮੀਟਿੰਗਾਂ ਕਰਨ ਜਾਂ ਜਲੂਸ ਕੱਢਣ ਤੇ ਕਿਸੇ ਕਿਸਮ ਦੀ ਰੈਲੀ ਕਰਨ ਤੇ ਪਾਬੰਦੀ ਸ਼ਾਮਿਲ ਹੈ।ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲੇ ਅੰਦਰ ਓਲੀਵ ਗਰੀਨ ਰੰਗ ਦੀ ਮਿਲਟਰੀ ਵਰਦੀ ਅਤੇ ਓਲੀਵ ਗਰੀਨ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ਮੋਟਰਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਦੀ ਵੀ ਮਨਾਹੀ ਕੀਤੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਅਨੁਸਾਰ ਪੰਜਾਬ ਵਿਲੇਜ ਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਸਬ-ਸੈਕਸ਼ਨ 1 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਅੰਦਰ ਪਿੰਡ, ਰੇਲਵੇ ਟਰੈਕ, ਸੂਏ ਤੇ ਨਹਿਰਾਂ ਦੇ ਪੁਲ, ਨਹਿਰਾਂ, ਜਨ-ਨਿਕਾਸ ਦੇ ਨਾਲਿਆਂ ਅਤੇ ਸੂਏ/ਰਜਵਾਹੇ, ਆਇਲ ਪਾਈਪ ਲਾਈਨਜ਼ ਆਦਿ ਨਾਲ ਲਗਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਸਾਰੇ ਬਾਲਗ ਆਦਮੀ ਸਾਰੇ ਪਿੰਡਾਂ, ਰੇਲ ਪਟੜੀਆਂ, ਜਲ ਸਪਲਾਈ ਸਕੀਮਾਂ, ਨਹਿਰਾਂ, ਜਲ ਨਿਕਾਸ ਦੇ ਨਾਲਿਆਂ ਅਤੇ ਸੂਏ ਟੁੱਟਣ ਤੋਂ ਬਚਾਉਣ ਲਈ ਠੀਕਰੀ ਪੈਰਾ ਰਾਖੀ ਦੀ ਡਿਊਟੀ ਨਿਭਾਉਣਗੇ।

ਉਨਾਂ ਦੱਸਿਆ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲਾਲਟੇਨ ਪਤੰਗਾਂ, ਇੱਛਾ ਪਤੰਗਾਂ ਦੀ ਵਰਤੋਂ ਹਵਾਈ ਜਹਾਜ਼ਾਂ ਦੇ ਉਤਰਨ ਅਤੇ ਚੜਨ ਸਮੇਂ ਦੌਰਾਨ ਕੰਮ-ਕਾਜ ਅਤੇ ਸੁਰੱਖਿਆ ਲਈ ਖਤਰਾ ਪੈਦਾ ਕਰਦੀਆਂ ਹਨ।ਉਨ੍ਹਾਂ ਜ਼ਿਲ੍ਹੇ ਅੰਦਰ ਸਾਰੇ ਪੀ. ਜੀ. ਮਾਲਕਾਂ ਨੂੰ ਪੀ. ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ/ਕਿਰਾਏਦਾਰਾਂ ਦੀ ਰਜਿਸਟ੍ਰੇਸ਼ਨ/ਵੈਰੀਫ਼ਿਕੇਸ਼ਨ ਸਬੰਧਤ ਪੁਲਿਸ ਥਾਣੇ/ਸਾਂਝ ਕੇਂਦਰ ਵਿਚ ਕਰਵਾਉਣ ਦਾ ਹੁਕਮ ਜਾਰੀ ਕੀਤਾ ਹੈ।

ਉਨਾਂ ਕਿਹਾ ਹੈ ਕਿ ਜ਼ਿਲਾ ਬਠਿੰਡਾ ਵਿਚ ਬਹੁਤ ਸਾਰੇ ਵਿਦਿਆਰਥੀ/ਕਿਰਾਏਦਾਰ ਬਾਹਰੋਂ ਆ ਕੇ ਜ਼ਿਲੇ ਅੰਦਰ ਬਣੀਆਂ ਪੀ.ਜੀ. ਵਿਚ ਰਹਿ ਰਹੇ ਹਨ, ਜਿਸ ਦੀ ਕੋਈ ਵੀ ਜਾਣਕਾਰੀ ਜ਼ਿਲਾ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਹੁੰਦੀ। ਇਸ ਦੀ ਆੜ ਵਿਚ ਕੋਈ ਵੀ ਗੈਰ ਸਮਾਜਿਕ ਜਾਂ ਸ਼ਰਾਰਤੀ ਅਨਸਰ ਕਿਰਾਏਦਾਰ/ਵਿਦਿਆਰਥੀ ਦੇ ਭੇਸ ਵਿਚ ਸ਼ਹਿਰ ਅੰਦਰ ਕਿਸੇ ਵੀ ਪੀ.ਜੀ. ਵਿਚ ਰਹਿ ਕੇ ਕੋਈ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦੇ ਕੇ ਸਮਾਜਿਕ ਸ਼ਾਂਤੀ ਭੰਗ ਕਰ ਸਕਦਾ ਹੈ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਖ਼ਤਰਾ ਪੈਦਾ ਕਰ ਸਕਦਾ ਹੈ।

ਹੁਕਮ ਅਨੁਸਾਰ ਜ਼ਿਲਾ ਬਠਿੰਡਾ ਅੰਦਰ ਅਮਨ ਕਾਨੂੰਨ ਵਿਵਸਥਾ ਅਤੇ ਸਮਾਜਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਹਰ ਪੀ.ਜੀ. ਮਾਲਕ ਆਪਣੇ ਪੀ.ਜੀ. ਨੂੰ ਰਜਿਸਟਰ ਕਰਵਾਉਂਦੇ ਹੋਏ ਪੀ.ਜੀ. ਵਿਚ ਰਹਿਣ ਵਾਲੇ ਬੱਚਿਆਂ/ਕਿਰਾਏਦਾਰਾਂ ਦੀ ਸਬੰਧਤ ਪੁਲਿਸ ਥਾਣੇ/ਸਾਂਝ ਕੇਂਦਰ ਰਾਹੀਂ ਰਜਿਸਟੇ੍ਰਸ਼ਨ/ਵੈਰੀਫ਼ਿਕੇਸ਼ਨ ਕਰਵਾਉਣ ਦਾ ਜ਼ਿੰਮੇਵਾਰ ਹੋਵੇਗਾ। ਉਨਾਂ ਪੀ.ਜੀ. ਮਾਲਕਾਂ ਨੂੰ ਇਹ ਵੀ ਹੁਕਮ ਦਿੱਤਾ ਹੈ ਕਿ ਉਹ ਆਪਣੇ ਪੀ.ਜੀ. ਵਿਚ ਰਹਿਣ ਵਾਲੇ ਵਿਦਿਆਰਥੀਆਂ, ਕਿਰਾਏਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਗ ਬੁਝਾਊ ਯੰਤਰ ਅਤੇ ਸੀ.ਸੀ.ਟੀ.ਵੀ. ਕੈਮਰੇ ਜ਼ਰੂਰ ਲਗਾਉਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਵਿਦਿਆਰਥੀ/ਕਿਰਾਏਦਾਰ ਦੀ ਆੜ ਵਿਚ ਸਮਾਜਿਕ ਸ਼ਾਂਤੀ ਭੰਗ ਨਾ ਕਰ ਸਕੇ।ਅਗਲੇ ਹੁਕਮ ਅਨੁਸਾਰ ਟ੍ਰੈਫ਼ਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਤੰਗ ਥਾਵਾਂ ਤੇ ਟਰੱਕ ਖੜਾ ਕਰਨ ਦੀ ਸਖ਼ਤ ਮਨਾਹੀ ਕੀਤੀ ਹੈ।

ਡਿਪਟੀ ਕਮਿਸ਼ਨਰ ਸ਼ੌਕਤ ਪਰੇ ਨੇ ਦੱਸਿਆ ਕਿ ਇਹ ਸਾਰੇ ਹੁਕਮ ਜ਼ਿਲ੍ਹੇ ਅੰਦਰ 11 ਜੂਨ 2023 ਤੱਕ ਲਾਗੂ ਰਹਿਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ