ਬਠਿੰਡਾ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ, ਮੁਲਜ਼ਮ ਖਿਲਾਫ ਕਈ ਕੇਸ ਦਰਜ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ

Updated On: 

28 Oct 2025 15:53 PM IST

Bathinda Drug Smuggler House Demolished: ਬਠਿੰਡਾ ਪੁਲਿਸ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਧੋਬੀਆਣਾ ਬਸਤੀ ਵਿੱਚ ਨਸ਼ਾ ਤਸਕਰ ਮਨਜੀਤ ਕੌਰ ਦੇ ਗੈਰ-ਕਾਨੂੰਨੀ ਘਰ ਨੂੰ ਢਾਹ ਦਿੱਤਾ ਹੈ। ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ-ਮੁਕਤ ਪੰਜਾਬ ਬਣਾਉਣ ਦੀ ਵਚਨਬੱਧਤਾ ਦਾ ਹਿੱਸਾ ਹੈ। ਨਾਜਾਇਜ਼ ਕਬਜ਼ੇ ਅਤੇ ਨਸ਼ਾ ਤਸਕਰੀ ਵਿਰੁੱਧ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ। ਜਿਸ ਤਹਿਤ ਕਈ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਬਠਿੰਡਾ ਚ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ, ਮੁਲਜ਼ਮ ਖਿਲਾਫ ਕਈ ਕੇਸ ਦਰਜ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ
Follow Us On

ਬਠਿੰਡਾ ਪੁਲਿਸ ਨੇ ਧੋਬੀਆਣਾ ਬਸਤੀ ਵਿੱਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ ਇੱਕ ਨਸ਼ਾ ਤਸਕਰ ਦੁਆਰਾ ਸਰਕਾਰੀ ਜ਼ਮੀਨ ‘ਤੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਇੱਕ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ। ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।

ਪੁਲਿਸ ਅਧਿਕਾਰੀਆਂ ਅਨੁਸਾਰ, ਇਹ ਘਰ ਮਨਜੀਤ ਕੌਰ ਉਰਫ਼ ਹਰਬੰਸ ਕੌਰ ਉਰਫ਼ ਬੰਸੋ ਧੋਬੀਆਣਾ ਬਸਤੀ ਬਠਿੰਡਾ ਦੇ ਵਸਨੀਕ ਕਾਲਾ ਸਿੰਘ ਦੀ ਪਤਨੀ ਹੈ, ਉਸ ਨੇ ਬਣਾਇਆ ਸੀ। ਉਨ੍ਹਾਂ ਨੂੰ ਨਾਜਾਇਜ਼ ਕਬਜ਼ੇ ਲਈ ਕਈ ਨੋਟਿਸ ਜਾਰੀ ਕੀਤੇ ਗਏ ਸਨ ਪਰ ਕਬਜ਼ਾਧਾਰਕਾਂ ਵੱਲੋਂ ਇਮਾਰਤ ਖਾਲੀ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

ਮੁਲਜ਼ਮਾਂ ਖ਼ਿਲਾਫ਼ ਕਈ ਮਾਮਲੇ ਦਰਜ

ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵੱਡੇ ਪੱਧਰ ‘ਤੇ ਚਲਾਈ ਜਾ ਰਹੀ ਹੈ। ਮਨਜੀਤ ਕੌਰ ਵਿਰੁੱਧ ਨਸ਼ੀਲੇ ਪਦਾਰਥਾਂ ਅਤੇ ਹੋਰ ਗੰਭੀਰ ਅਪਰਾਧਾਂ ਤਹਿਤ ਕਈ ਮਾਮਲੇ ਦਰਜ ਹਨ।

ਬਠਿੰਡਾ ਪੁਲਿਸ ਨੇ 1 ਮਾਰਚ, 2025 ਤੋਂ ਇਸ ਮੁਹਿੰਮ ਤਹਿਤ ਕੁੱਲ 1,311 ਮਾਮਲੇ ਦਰਜ ਕੀਤੇ ਹਨ ਅਤੇ 1,973 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚ 68 ਵੱਡੇ ਨਸ਼ਾ ਤਸਕਰਾਂ ਸ਼ਾਮਲ ਹਨ। ਇਸ ਤੋਂ ਇਲਾਵਾ, 2023 ਤੋਂ ਲੈ ਕੇ ਹੁਣ ਤੱਕ ਲਗਭਗ ₹14 ਕਰੋੜ ਰੁਪਏ ਦੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਾਰੇ ਜਾਣੋ?

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇੱਕ ਵੱਡੀ ਜਨ ਅਭਿਆਨ ਹੈ। ਜਿਸ ਦਾ ਮਕਸਦ ਸੂਬੇ ਨੂੰ ਨਸ਼ਾ ਮੁਕਤ ਬਣਾਉਣਾ ਹੈ। ਇਸ ਮੁਹਿੰਮ ਅਧੀਨ ਪੁਲਿਸ, ਸਿਹਤ ਵਿਭਾਗ ਅਤੇ ਸਮਾਜਿਕ ਸੰਸਥਾਵਾਂ ਮਿਲ ਕੇ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ। ਇਸ ਮੁਹਿੰਮ ਤਹਿਤ ਪੁਲਿਸ ਨੇ ਕਈ ਤਸਕਰ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਨਸ਼ੇ ਦੀਆਂ ਵੱਡੀਆਂ ਖੇਪਾਂ ਜ਼ਬਤ ਕੀਤੀਆਂ ਹਨ। ਇਸ ਦਾ ਮੁੱਖ ਉਦੇਸ਼ ਨੌਜਵਾਨੀ ਨੂੰ ਬਚਾ ਕੇ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਹੈ।