Barnala Updates: ਢਿੱਲੋਂ ਨੇ ਜਿੱਤਿਆ AAP ਦਾ ‘ਕਿਲ੍ਹਾ’, 7 ਸਾਲਾਂ ਬਾਅਦ ਹੋਈ ਕਾਂਗਰਸ ਦੀ ਵਾਪਸੀ

Updated On: 

23 Nov 2024 14:44 PM

Barnala Result: ਬਰਨਾਲਾ ਦੀ ਵਿਧਾਨ ਸਭਾ ਸੀਟ ਤੇ ਮੁਕਾਬਲਾ ਫ਼ਸਵਾ ਦਿਖਾਈ ਦੇ ਰਿਹਾ ਸੀ। ਜਿੱਥੇ ਇਸ ਸੀਟ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਵਿਚਾਲੇ ਫ਼ਸਵੀ ਟੱਕਰ ਹੈ ਤਾਂ ਦੂਜੇ ਪਾਸੇ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਵੀ 16 ਹਜ਼ਾਰ ਵੋਟਾਂ ਲੈਕੇ ਆਮ ਆਦਮੀ ਪਾਰਟੀ ਤੇ ਭਾਰੀ ਪੈ ਗਏ। ਜੋ ਆਮ ਆਦਮੀ ਪਾਰਟੀ ਦੀ ਹਾਰ ਦਾ ਇੱਕ ਕਾਰਨ ਬਣੇ।

Barnala Updates: ਢਿੱਲੋਂ ਨੇ ਜਿੱਤਿਆ AAP ਦਾ ਕਿਲ੍ਹਾ, 7 ਸਾਲਾਂ ਬਾਅਦ ਹੋਈ ਕਾਂਗਰਸ ਦੀ ਵਾਪਸੀ
Follow Us On

ਹਮੇਸ਼ਾ ਦੀ ਤਰ੍ਹਾਂ ਬਾਗੀ ਰਹਿਣ ਵਾਲੀ ਬਰਨਾਲਾ ਵਿਧਾਨ ਸਭਾ ਸੀਟ ਮੁੜ ਇੱਕ ਵਾਰ ਸਰਕਾਰ ਦੇ ਹੱਥੋਂ ਨਿਕਲ ਗਈ ਹੈ। ਬਰਨਾਲਾ ਦੀ ਸੀਟ ਤੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 28 ਹਜ਼ਾਰ 226 ਵੋਟਾਂ ਲੈਕੇ ਜਿੱਤ ਹਾਸਿਲ ਕੀਤੀ। ਜਦੋਂਕਿ ਆਮ ਆਦਮੀ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26 ਹਜ਼ਾਰ 79 ਵੋਟਾਂ ਮਿਲੀਆਂ।

ਜਦੋਂਕਿ ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਰਹੇ। ਜਿਨ੍ਹਾਂ ਨੂੰ 17 ਹਜ਼ਾਰ 937 ਵੋਟਾਂ ਮਿਲੀਆਂ। ਚੌਥੇ ਨੰਬਰ ਤੇ ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਰਹੇ। ਜਿਨ੍ਹਾਂ ਨੂੰ 16 ਹਜ਼ਾਰ 893 ਵੋਟਾਂ ਮਿਲੀਆ ਹਨ।

AAP ਨੂੰ ਮਹਿੰਗੀ ਪਈ ਬਗਾਵਤ

ਕਾਂਗਰਸ ਦੀ ਜਿੱਤ ਵਿੱਚ ਜਿੱਥੇ ਪਾਰਟੀ ਵਰਕਰਾਂ ਦਾ ਯੋਗਦਾਨ ਹੈ ਤਾਂ ਉੱਥੇ ਹੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਦੀ ਫੁੱਟ ਦਾ ਫਾਇਦਾ ਮਿਲਦਾ ਦਿਖਾਈ ਦਿੱਤਾ ਹੈ। ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਬਾਕੀ ਸੀਟਾਂ ਤੇ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ ਤਾਂ ਉੱਥੇ ਹੀ ਬਰਨਾਲਾ ਜੋ ਕਿ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਉੱਥੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਆਮ ਆਦਮੀ ਪਾਰਟੀ ਤੋਂ ਬਗਾਵਤ ਕਰਕੇ ਅਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉੱਤਰੇ ਗੁਰਦੀਪ ਸਿੰਘ ਬਾਠ ਨੂੁੰ 16 ਹਜ਼ਾਰ ਤੋਂ ਜ਼ਿਆਦਾ ਵੋਟਾਂ ਮਿਲੀ। ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨੁਕਸਾਨ ਹੋਇਆ। ਜੇਕਰ ਆਮ ਆਦਮੀ ਪਾਰਟੀ ਸਮਾਂ ਰਹਿੰਦੇ ਬਾਗੀਆਂ ਨਾਲ ਗੱਲਬਾਤ ਕਰ ਲੈਂਦੀ ਤਾਂ ਸ਼ਾਇਦ ਅੱਜ ਨਤੀਜ਼ੇ ਹੋਰ ਸਕਦੇ ਸਨ।

ਕਾਲਾ ਢਿੱਲੋਂ ਨੇ ਪਹਿਲੀ ਵਾਰ ਲੜੀ ਚੋਣ

ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ ਕਾਂਗਰਸ ਦੇ ਪ੍ਰਧਾਨ ਹਨ। ਉਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜੀ ਹੈ। ਜਿਸ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਿਲ ਕੀਤੀ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਭਰਾ ਮਹਰੂਮ ਸੀਰਾ ਢਿੱਲੋਂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਕਾਲਾ ਢਿੱਲੋਂ ਨੂੰ ਜਿੱਤ ਤੋਂ ਬਾਅਦ ਵਧਾਈ ਦੇਣ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਪਹੁੰਚੇ। ਉਹਨਾਂ ਨੇ ਇਸ ਜਿੱਤ ਦਾ ਸਿਹਰਾ ਬਰਨਾਲਾ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੂੰ ਦਿੱਤਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਢਿੱਲੋਂ ਨੂੰ ਵਧਾਈਆਂ ਦੇਣ ਉਹਨਾਂ ਦੀ ਰਿਹਾਇਸ ਤੇ ਪਹੁੰਚੇ।