ਸੁਪਨੇ ਲੈ ਵਿਦੇਸ਼ ਗਈਆਂ, ਤਸਕਰਾਂ ਨੇ ਵੇਚ ਦਿੱਤੀਆਂ ਕੁੜੀਆਂ, ਪੰਜਾਬੀਓ.. ਜ਼ਰਾ ਗੌਰ ਕਰਿਓ…

Updated On: 

30 Dec 2024 15:25 PM

ਵਿਦੇਸ਼ ਜਾਣਾ ਸ਼ਾਇਦ ਅੱਜ ਪੰਜਾਬ ਦੀ ਹਰ ਮੁਟਿਆਰ ਅਤੇ ਗੱਭਰੂ ਦਾ ਸੁਪਨਾ ਹੋਵੇਗਾ। ਅਸੀਂ ਵੀ ਆਸ ਕਰਦੇ ਆ ਤੁਸੀਂ ਤਰੱਕੀਆਂ ਕਰੋਗੇ। ਪਰ ਅਸੀਂ ਕੁੱਝ ਕੁ ਕਹਾਣੀਆਂ ਨੂੰ ਸਹਾਰਾ ਬਣਾਕੇ ਅੱਜ ਪੰਜਾਬ ਦੇ ਲੱਖਾਂ ਹੀ ਮੁੰਡੇ ਕੁੜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਗਾਹ ਅਤੇ ਜਾਗਰੂਕ ਕਰਨ ਦੀ ਕੋਸ਼ਿਸ ਕਰ ਰਹੇ ਹਾਂ ਕਿ ਸ਼ਾਇਦ ਥੋੜ੍ਹੀ ਜਿਹੀ ਜਾਗਰੂਕਤਾ ਨਾਲ ਕੋਈ ਕੁੜੀ ਜਾਂ ਮੁੰਡਾ ਅਜਿਹੀ ਮੁਸ਼ਕਿਲ ਵਿੱਚ ਫਸਣ ਤੋਂ ਬਚ ਜਾਵੇ।

ਸੁਪਨੇ ਲੈ ਵਿਦੇਸ਼ ਗਈਆਂ, ਤਸਕਰਾਂ ਨੇ ਵੇਚ ਦਿੱਤੀਆਂ ਕੁੜੀਆਂ, ਪੰਜਾਬੀਓ.. ਜ਼ਰਾ ਗੌਰ ਕਰਿਓ...
Follow Us On

ਪੰਜਾਬ, ਜੋ ਕਿਸੇ ਸਮੇਂ ਇੰਕਲਾਬੀਆਂ ਦੀ ਧਰਤੀ ਰਿਹਾ, ਫਿਰ ਇੱਕ ਸਮਾਂ ਆਇਆ ਜਦੋਂ ਇਸ ਨੂੰ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਕਿਹਾ ਜਾਣ ਲੱਗਾ, ਅਖੀਰ ਫੇਰ 21ਵੀਂ ਸਦੀ ਦੀ ਸ਼ੁਰੂਆਤ ਹੋਈ, ਜਦੋਂ ਪੰਜਾਬ ਦੀ ਧਰਤੀ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸ ਸ਼ੁਰੂ ਹੋ ਗਿਆ। ਦੁਨੀਆਂ ਤੇ ਰਾਜ ਕਰਨ ਲਈ ਪੈਦਾ ਹੋਏ ਪੰਜਾਬ ਦੇ ਗੱਭਰੂ ਅਤੇ ਮੁਟਿਆਰਾਂ… ਦੁਨੀਆਂ ਭਰ ਵਿੱਚ ਜਾਕੇ ਮਜ਼ਦੂਰ ਬਣਨ ਲੱਗ ਗਏ। ਹੱਦ ਤਾਂ ਉਦੋਂ ਹੋਰ ਗਈ ਜਦੋਂ ਵਿਦੇਸ਼ ਜਾਣ ਦੀ ਰੀਸੋਂ ਰੀਸ… ਹੋੜ ਹੀ ਆ ਗਈ ਅਤੇ ਇਸ ਵਿਚਾਲੇ ਪੈਦਾ ਹੋਏ ਅਜਿਹੇ ਏਜੰਟ, ਜੋ ਸਾਡੀਆਂ ਕੁੜੀਆਂ ਨੂੰ ਹੀ ਵੇਚਣ ਲੱਗ ਪਏ।

ਹਾਂ, ਸ਼ਬਦ ਬੁਰੇ ਜਾਂ ਕੋੜੇ ਲੱਗ ਸਕਦੇ ਨੇ, ਪਰ ਸੱਚ ਹਨ। ਪੰਜਾਬ ਦੀਆਂ ਮੁਟਿਆਰਾਂ ਨੂੰ ਵਿਦੇਸ਼ੀ ਧਰਤੀ ਤੇ ਵੇਚ ਦਿੱਤਾ ਗਿਆ। ਕਈਆਂ ਨੂੰ ਮਜ਼ਬੂਰੀ ਵੱਸ ਅਜਿਹੇ ਕੰਮ ਵਿੱਚ ਸ਼ਾਮਿਲ ਹੋਣਾ ਪਿਆ। ਇਹ ਦਰਦ ਕਿਸੇ ਇੱਕ ਕੁੜੀ ਜਾਂ ਮੁੰਡੇ ਦਾ ਨਹੀਂ ਹੈ। ਪਤਾ ਨਹੀਂ ਕਿੰਨੇ ਕੁ ਮੁੰਡੇ ਕੁੜੀਆਂ ਹਨ। ਜੋ ਆਪਣੇ ਨਾਲ ਹੋਈਆਂ ਜ਼ਿਆਦਤੀਆਂ ਨੂੰ ਆਪਣੇ ਅੰਦਰ ਹੀ ਦੱਬੀ ਬੈਠੇ ਹਨ। ਸ਼ਾਇਦ ਸਮਾਜ ਜਾਂ ਪਰਿਵਾਰ ਦੇ ਡਰ ਤੋਂ।

ਪਰ ਜੋ ਕੁੱਝ ਕੁ ਘਟਨਾਵਾਂ ਸਾਡੇ ਸਾਹਮਣੇ ਆਈਆਂ ਅਸੀ ਉਹਨਾਂ ਨੂੰ ਹੀ ਸਹਾਰਾ ਬਣਾਕੇ ਅੱਜ ਪੰਜਾਬ ਦੇ ਲੱਖਾਂ ਹੀ ਮੁੰਡੇ ਕੁੜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਅਗਾਹ ਅਤੇ ਜਾਗਰੂਕ ਕਰਨ ਦੀ ਕੋਸ਼ਿਸ ਕਰ ਰਹੇ ਹਾਂ। ਕਿ ਸ਼ਾਇਦ ਥੋੜ੍ਹੀ ਜਿਹੀ ਜਾਗਰੂਕਤਾ ਨਾਲ ਕੋਈ ਕੁੜੀ ਜਾਂ ਮੁੰਡਾ ਅਜਿਹੀ ਮੁਸ਼ਕਿਲ ਤੋਂ ਬਚ ਜਾਵੇ।

ਸੀਚੇਵਾਲ ਨੇ ਕੀਤੀ ਮਦਦ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਾਲ 2024 ਦੌਰਾਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਅਤੇ ਖਾਸ ਕਰਕੇ ਲੜਕੀਆਂ ਲਈ ਇੱਕ ਸੱਚੇ ਮਸੀਹਾ ਬਣ ਕੇ ਸਾਹਮਣੇ ਆਏ ਹਨ। ਖਾਸ ਤੌਰ ‘ਤੇ ਉਨ੍ਹਾਂ ਲਈ ਜੋ ਬਿਹਤਰ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਵਿਚ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਏ। ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ, ਉਨ੍ਹਾਂ ਨੇ ਵਿਦੇਸ਼ਾਂ ਵਿੱਚ ਫਸੇ ਅਣਗਿਣਤ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨਾਲ ਸਫਲਤਾਪੂਰਵਕ ਮੁੜ ਮਿਲਾਇਆ ਹੈ।

ਵਿਦੇਸ਼ ਤੋਂ ਵਾਪਿਸ ਆਈ ਲੜਕੀਆਂ ਨਾਲ ਸੰਤ ਸੀਚੇਵਾਲ

24 ਸਾਲਾਂ ਤੋਂ ਲੇਬਨਾਨ ਵਿੱਚ ਫਸਿਆ ਪੰਜਾਬੀ ਗੁਰਤੇਜ ਸਿੰਘ ਹੋਵੇ ਜਾਂ 12 ਸਾਲਾਂ ਤੋਂ ਹਾਂਗਕਾਂਗ ਵਿੱਚ ਫਸੀ ਭਾਰਤੀ ਕੁੜੀ ਹੋਵੇ ਜਾਂ ਅਰਬ ਵਿੱਚ ਵਿਕੀਆਂ ਭਾਰਤੀ ਕੁੜੀਆਂ। ਜਿੱਥੇ ਉਹਨਾਂ ਨੇ ਹਰ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ, ਉੱਥੇ ਹੀ ਉਹਨਾਂ ਨੇ ਉਨ੍ਹਾਂ ਸਾਰੇ ਪੀੜਤ ਪਰਿਵਾਰਾਂ ਦਾ ਹੱਥ ਵੀ ਫੜ੍ਹਿਆ ਅਤੇ ਕਈ ਕੋਸ਼ਿਸਾਂ ਤੋਂ ਬਾਅਦ ਵਿਦੇਸ਼ਾਂ ਵਿੱਚ ਫਸੇ ਲੜਕੇ ਲੜਕੀਆਂ ਦੀ ਵਤਨ ਵਾਪਸੀ ਕਰਵਾਈ।

ਆਪਣੀ ਹੱਡਬੀਤੀ ਸੁਣਾਉਂਦਾ ਹੋਇਆ 24 ਸਾਲਾਂ ਬਾਅਦ ਲੇਬਨਾਨ ਤੋਂ ਪਰਤਿਆ ਪੰਜਾਬੀ ਵਿਅਕਤੀ

ਸਾਲ 2024 ਵਿੱਚ, ਸੰਤ ਸੀਚੇਵਾਲ ਨੇ 17 ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ। ਜਿਨ੍ਹਾਂ ਦੇ ਕੋਈ ਪਰਿਵਾਰਿਕ ਮੈਂਬਰ ਵਿਦੇਸ਼ਾਂ ਵਿੱਚ ਫਸ ਗਏ ਸਨ ਜੋ ਵਿਦੇਸ਼ ਵਿੱਚ ਕੰਮ ਕਰਨ ਲਈ ਗਏ ਸਨ। ਕਈ ਵਾਰ ਵਿਦੇਸ਼ ਗਏ ਪੰਜਾਬੀਆਂ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਕੋਲ ਲਿਆਂਦਾ।

ਸੀਚੇਵਾਲ ਨੇ ਮਨੁੱਖੀ ਤਸਕਰੀ ਦਾ ਸ਼ਿਕਾਰ ਪੰਜਾਬ ਦੀਆਂ 28 ਤੋਂ ਵੱਧ ਲੜਕੀਆਂ ਨੂੰ ਦਲਾਲਾਂ ਦੇ ਚੁੰਗਲ ਤੋਂ ਛੁਡਵਾ ਕੇ ਸੁਰੱਖਿਅਤ ਵਾਪਸ ਲਿਆਂਦਾ ਗਿਆ। ਇਸ ਤਰ੍ਹਾਂ ਉਹ 27 ਦੇ ਕਰੀਬ ਅਜਿਹੇ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਲਿਆਏ, ਜੋ ਰੁਜ਼ਗਾਰ ਲਈ ਵਿਦੇਸ਼ ਗਏ ਸਨ ਅਤੇ ਉਥੇ ਏਜੰਟਾਂ ਦੇ ਜਾਲ ਵਿੱਚ ਫਸ ਗਏ ਸਨ ਅਤੇ ਧੋਖਾਧੜ੍ਹੀ ਦਾ ਸ਼ਿਕਾਰ ਹੋ ਗਏ

ਵਿਦੇਸ਼ ਤੋਂ ਪਰਤੀ ਹੋਈ ਇੱਕ ਕੁੜੀ

ਕੇਂਦਰ ਤੱਕ ਲੈਕੇ ਗਏ ਮਸਲਾ

ਸੰਤ ਸੀਚੇਵਾਲ ਉਸ ਸਮੇਂ ਚਰਚਾਵਾਂ ਵਿੱਚ ਆਏ ਜਦੋਂ ਉਹਨਾਂ ਨੇ ਰੂਸੀ ਫੌਜ ਤੋਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਕਰਵਾਈ ਸੀ। ਫਰਵਰੀ ਤੋਂ ਮੀਡੀਆ ਵਿੱਚ ਛਾਏ ਹੋਏ ਰੂਸੀ ਫੌਜ ਵਿੱਚ ਭਾਰਤੀ ਨੌਜਵਾਨਾਂ ਦੀ ਭਰਤੀ ਦਾ ਮਾਮਲਾ ਆਪਣੇ ਸਿਖਰ ਤੇ ਸੀ, ਜਿਨ੍ਹਾਂ ਦੇ ਪਰਿਵਾਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਵਿਦੇਸ਼ ਤੋਂ ਪਰਤੀ ਹੋਈ ਇੱਕ ਪੰਜਾਬੀ ਕੁੜੀ

ਵਿਦੇਸ਼ ਮੰਤਰੀ ਨੂੰ ਦਿੱਤੇ ਪੱਤਰ ਰਾਹੀਂ ਉਨ੍ਹਾਂ ਭਾਰਤੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਦੀ ਵੀ ਜ਼ੋਰਦਾਰ ਮੰਗ ਕੀਤੀ ਸੀ। ਜਿਸ ਕਾਰਨ ਮੁਸ਼ਕਲ ਹਾਲਾਤਾਂ ਵਿੱਚ ਫਸੇ ਜ਼ਿਆਦਾਤਰ ਨੌਜਵਾਨ ਸੁਰੱਖਿਅਤ ਵਾਪਸ ਪਰਤ ਆਏ। ਖਾਸ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਕਨ੍ਹਈਆ ਦੀ ਦੇਹ, ਜਿਸ ਦੀ ਰੂਸੀ ਫੌਜ ‘ਚ ਸੇਵਾ ਕਰਦੇ ਹੋਏ ਮੌਤ ਹੋ ਗਈ ਸੀ। ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਉਸ ਦੀ ਮੌਤ ਦੀ ਖ਼ਬਰ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੀ ਦੇਹ ਨੂੰ ਭਾਰਤ ਵਾਪਸ ਲਿਆਂਦਾ ਗਿਆ।

ਵਿਦੇਸ਼ ਭੇਜਣ ਤੋਂ ਜਾਣ ਚੰਗੀ ਤਰ੍ਹਾਂ ਕਰੋ ਜਾਂਚ

ਸੰਤ ਸੀਚੇਵਾਲ ਅਤੇ ਸਾਡੀਆਂ ਸਰਕਾਰਾਂ ਕਈ ਵਾਰ ਦੇਸ਼ ਦੇ ਲੋਕਾਂ ਨੂੰ ਅਪੀਲ ਕਰ ਚੁੱਕੀਆਂ ਹਨ ਕਿ ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਵਿਦੇਸ਼ ਜਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਏਜੰਟ ਦੀ ਚੰਗੀ ਤਰ੍ਹਾਂ ਪੜਤਾਲ ਕਰ ਲਓ, ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਜਾਂ ਸਫਾਰਤਖਾਨੇ ਰਾਹੀਂ ਇਸ ਦੀ ਜਾਂਚ ਕਰੋ। ਜਿਹੜੀ ਥਾਂ ਜਾ ਰਹੇ ਹੋ ਉਸ ਸਬੰਧੀ ਵੀ ਚੰਗੀ ਤਰ੍ਹਾਂ ਜਾਣਕਾਰੀ ਇਕੱਠੀ ਕਰ ਲਓ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਵਿੱਚ ਫਸਣ ਤੋਂ ਬਚਾਅ ਹੋ ਸਕੇ।

ਮਨੁੱਖੀ ਤਸਕਰੀ, ਜਿਸ ਵੱਲ ਪੰਜਾਬੀ ਖਾਸ ਕਰਕੇ ਕੋਈ ਧਿਆਨ ਨਹੀਂ ਦਿੰਦੇ। ਅਕਸਰ ਪੰਜਾਬ ਤੋਂ ਵਿਦੇਸ਼ਾਂ ਵਿੱਚ ਗਈਆਂ ਕਈ ਕੁੜੀਆਂ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ ਹੈ। ਵਿਦੇਸ਼ਾਂ ਵਿੱਚ ਰਹਿੰਦੀਆਂ ਲੜਕੀਆਂ ਕੋਲ ਕੋਈ ਆਰਥਿਕ ਵਸੀਲੇ ਨਾ ਹੋਣ ਕਾਰਨ ਉਹ ਅਜਿਹੇ ਤਸਕਰਾਂ ਦਾ ਸ਼ਿਕਾਰ ਬਣ ਜਾਂਦੀਆਂ ਹਨ। ਸਾਨੂੰ ਸਾਰਿਆਂ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਲੋੜ ਹੈ।

ਜੇਕਰ ਅਸੀਂ ਆਪਣਾ ਕੋਈ ਬੱਚਾ ਵਿਦੇਸ਼ ਭੇਜ ਰਹੇ ਹਾਂ ਤਾਂ ਇਸ ਗੱਲ ਨੂੰ ਪੁਖਤਾ ਕਰ ਲਓ ਕਿ ਕਿਤੇ ਤੁਸੀਂ ਕੋਈ ਜਲਦਬਾਜ਼ੀ ਤਾਂ ਨਹੀਂ ਕਰ ਰਹੇ। ਜਿਸ ਦਾ ਨੁਕਸਾਨ ਤੁਹਾਡੇ ਬੱਚਿਆਂ ਨੂੰ ਚੁੱਕਣਾ ਪਵੇ। ਇਸ ਕਰਕੇ ਵਿਦੇਸ਼ ਜਾਣ ਦੀ ਜਲਦਬਾਜ਼ੀ ਨਾਲ ਥੋੜ੍ਹੀ ਸਾਵਧਾਨੀ ਰੱਖਣੀ ਚੰਗੀ ਗੱਲ ਹੈ।