ਅੰਮ੍ਰਿਤਸਰ। ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ (Pappalpreet Singh) ਤੇ ਲਗਾਤਾਰ ਸਖਤ ਕਾਰਵਾਈ ਜਾਰੀ ਹੈ। ਤੇ ਹੁਣ ਪੁਲਿਸ ਉਸਨੂੰ ਹਵਾਈ ਜਹਾਜ ਵਿੱਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਲੈ ਕੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ ਹੈ। ਜਿੱਥੇ ਪਪਲਪ੍ਰੀਤ ਸਿੰਘ ਨੇ ਜੇਲ ਵਿੱਚ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਵੀ ਅੰਮ੍ਰਿਤਪਾਲ ਦੇ ਕੁੱਝ ਸਾਥੀਆਂ ਨੂੰ ਡਿਬਰੂਗੜ੍ਹ ਜੇਲ (Dibrugarh Jail ) ਵਿੱਚ ਭੇਜਿਆ ਗਿਆ ਹੈ ਜਿਨ੍ਹਾਂ ਤੇ ਸਰਕਾਰ ਵੱਲੋਂ ਐੱਨਐੱਸਏ ਲਗਾਇਆ ਗਿਆ ਹੈ। ਅੰਮ੍ਰਿਤਪਾਲ ਦੇ ਜਿਹੜੇ ਸਾਥੀ ਪਹਿਲਾਂ ਜੇਲ ਵਿੱਚ ਬੰਦ ਹਨ ਉਨ੍ਹਾਂ ਵਿੱਚ ਵਾਰਿਸ ਪੰਜਾਬ ਦੇ ਮੁਖੀ ਦੇ ਚਾਚਾ ਹਰਜੀਤ ਸਿੰਘ, ਗੰਗਮੈਨ ਵਰਿੰਦਰ ਜੌਹਲ, ਗੋਰਖਾ ਬਾਬਾ ਅਤੇ ਉਸਦੇ ਹੋਰ ਸਮਰਥਕ ਵੀ ਸ਼ਾਮਿਲ ਹਨ। ਪੁਲਿਸ ਨੂੰ ਉਮੀਦ ਹੈ ਕਿ ਪਪਲਪ੍ਰੀਤ ਸਿੰਘ ਤੋਂ ਪੁੱਛਗਿੱਛ ਵਿੱਚ ਹੋਰ ਖੁਲਾਸੇ ਹੋਣਗੇ,, ਜਿਸ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਕੱਥੂਨੰਗਲ ਤੋਂ ਪਪਲਪ੍ਰੀਤ ਸਿੰਘ ਨੂੰ ਕੀਤਾ ਸੀ ਗ੍ਰਿਫਤਾਰ
ਭਗੌੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਫਰਾਰ ਹੋਏ ਉਸ ਦੇ ਸਭ ਤੋਂ ਵੱਡੇ ਰਾਜਦਾਰ ਪਪਲਪ੍ਰੀਤ ਸਿੰਘ (Pappalpreet Singh) ਨੂੰ ਅਮ੍ਰਿਤਸਰ ਦੇ ਕੱਥੂਨੰਗਲ ਪਿੰਡ ਤੋਂ ਗ੍ਰਿਫਤਾਰ ਕੀਤਾ ਸੀ।
ਇਸ ਸਬੰਧ ਵਿੱਚ ਪੰਜਾਬ ਪੁਲਿਸ ਦੇ ਆਈਜੀ ਸੁਖਚੈਨ ਸਿੰਘ (IG Sukhchain Singh) ਨੇ ਪ੍ਰੈਸ ਕਾਨਫਰੰਸ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕੱਥੂਨੰਗਲ ਇਲਾਕੇ ਦੀ ਘੇਰਾਬੰਦੀ ਕਰਕੇ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਅੰਮ੍ਰਿਤਪਾਲ ਦੇ 7 ਸਾਥੀਆਂ ਖ਼ਿਲਾਫ਼ ਐੱਨਐੱਸਏ ਲਗਾ ਕੇ ਕਾਰਵਾਈ ਕਰ ਚੁੱਕੀ ਹੈ।
ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਸੀ ਦੋਵਾਂ ਦੀ ਭਾਲ
ਪੁਲਿਸ ਨੇ ਦੱਸਿਆ ਕਿ ਪੱਪਲਪ੍ਰੀਤ ਖਿਲਾਫ 6 ਮਾਮਲੇ ਦਰਜ ਹਨ ਅਤੇ ਇਨ੍ਹਾਂ ਮਾਮਲਿਆਂ ‘ਚ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਆਈਜੀ ਨੇ ਕਿਹਾ ਕਿ ਪੁਲਿਸ ਨੇ ਪਿਛਲੇ ਮਹੀਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕਰੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਅੰਮ੍ਰਿਤਪਾਲ ਸਿੰਘ (Amritpal Singh) ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਉਦੋਂ ਤੋਂ ਹੀ ਪੁਲਿਸ ਪੂਰੇ ਦੇਸ਼ ਵਿਚ ਅੰਮ੍ਰਿਤਪਾਲ ਦੀ ਭਾਲ ਵਿਚ ਲੱਗੀ ਹੋਈ ਹੈ। ਫਰਾਰ ਹੋਣ ਤੋਂ ਬਾਅਦ ਅੰਮ੍ਰਿਤਪਾਲ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪਪਲਪ੍ਰੀਤ ਨਾਲ ਨਜ਼ਰ ਆ ਰਿਹਾ ਸੀ। ਪਰ ਹੁਣ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।
ਆਈਐਸਆਈ ਦੇ ਸੰਪਰਕ ਵਿੱਚ ਸੀ ਪਪਲਪ੍ਰੀਤ ਸਿੰਘ
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਭਜਾਉਣ ਵਿੱਚ ਪਪਲਪ੍ਰੀਤ ਦਾ ਵੱਡਾ ਹੱਥ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਪਲਪ੍ਰੀਤ ਪਾਕਿਸਤਾਨ ਦੀ ਆਈਐਸਆਈ (ISI) ਦੇ ਸੰਪਰਕ ਵਿੱਚ ਸੀ, ਜਿੱਥੋਂ ਉਹ ਲਗਾਤਾਰ ਹਦਾਇਤਾਂ ਲੈ ਰਿਹਾ ਸੀ ਅਤੇ ਸਾਜ਼ਿਸ਼ ਰਚ ਰਿਹਾ ਸੀ। ਉਹ ਅੰਮ੍ਰਿਤਪਾਲ ਸਿੰਘ ਦੇ ਸਭ ਤੋਂ ਖਾਸ ਨਜ਼ਦੀਕੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲ ਹੀ ਉਹ ਉਸਨੂੰ ਕਈ ਮੁੱਦਿਆਂ ‘ਤੇ ਸਲਾਹ ਵੀ ਦਿੰਦਾ ਸੀ। ਪਪਲਪ੍ਰੀਤ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਖਾਲਿਸਤਾਨ ਪੱਖੀ ਵੈੱਬਸਾਈਟ ਚਲਾਉਂਦਾ ਹੈ। 2015 ‘ਚ ਉਸ ‘ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ।
ਪੁਲਿਸ ਨੂੰ ਚਕਮਾ ਦੇ ਰਿਹਾ ਸੀ ਪਪਲਪ੍ਰੀਤ ਸਿੰਘ
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਪੰਜਾਬ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਉਸ ਨੂੰ ਫੜਨ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅੰਮ੍ਰਿਤਪਾਲ ਜਦੋਂ ਤੋਂ ਭਾਰਤ ਪਰਤਿਆ ਸੀ, ਉਦੋਂ ਤੋਂ ਹੀ ਉਹ ਪਪਲਪ੍ਰੀਤ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਪਪਲਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਨਾਲ ਸਾਫਟ ਡਰਿੰਕ ਪੀਣ ਦੀ ਤਸਵੀਰ ਵੀ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ 18 ਮਾਰਚ ਨੂੰ ਇਕੱਠੇ ਫਰਾਰ ਹੋਣ ਤੋਂ ਬਾਅਦ ਦੋਵੇਂ ਹਰਿਆਣਾ ‘ਚ ਇਕੱਠੇ ਨਜਰ ਆਏ ਸਨ। ਉੱਧਰ ਪਪਲਪ੍ਰੀਤ ਸਿੰਘ ਦੇ ਪਰਿਵਾਰ ਨੇ ਉਸਨੂੰ ਬੇਕਸੂਰ ਦੱਸਿਆ ਹੈ। ਉਸਦੀ ਪਤਨੀ ਰਾਜਵਿੰਦਰ ਕੌਰ ਨੇ ਪੁਲਿਸ ਤੇ ਉਸਨੂੰ ਪਰੇਸ਼ਾਨ ਕਰਨ ਦਾ ਵੀ ਇਲਜਾਮ ਲਗਾਇਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ