ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਮੁਫਤ ਗੁਰਬਾਣੀ ਪ੍ਰਸਾਰਣ ਲਈ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਪ੍ਰਸਤਾਵ ਲਿਆਉਣ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਮਾਨ ਦੇ ਇਸ ਕਦਮ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਸਰਕਾਰ ਇਸ ਤਰ੍ਹਾਂ ਧਾਰਮਿਕ ਮਾਮਲਿਆਂ ‘ਚ ਦਖਲ ਨਹੀਂ ਦੇ ਸਕਦੀ।
ਪੰਜਾਬ ਦੀ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਇਸ ਕਦਮ ਵਿਰੁੱਧ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਭਾਵੇਂ ਮਾਨ ਸਰਕਾਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਮੁਫ਼ਤ ਗੁਰਬਾਣੀ ਪ੍ਰਸਾਰਣ ਲਈ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਦੀ ਗੱਲ ਕਰ ਰਹੀ ਹੈ ਪਰ ਇਸ ਫੈਸਲੇ ਨੂੰ ਲਾਗੂ ਕਰਨਾ ਇੰਨਾ ਆਸਾਨ ਨਹੀਂ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਹਰਿਮੰਦਰ ਸਾਹਿਬ ਤੋਂ ਮੁਫਤ ਗੁਰਬਾਣੀ ਪ੍ਰਸਾਰਣ ਆਸਾਨ ਕਿਉਂ ਨਹੀਂ ਹੈ?
1998 ਤੋਂ ਹੋ ਰਿਹਾ ਹੈ ਗੁਰਬਾਣੀ ਦਾ ਪ੍ਰਸਾਰਣ
1998 ਤੋਂ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ, 2007 ਤੋਂ ਪੀਟੀਸੀ ਨੈੱਟਵਰਕ, ਜਿਸ ਤੇ ਬਾਦਲਾਂ ਦੀ ਮਲਕੀਅਤ ਹੈ, ਨੂੰ ਇਸ ਦੇ ਪ੍ਰਸਾਰਣ ਦਾ ਅਧਿਕਾਰ ਹੈ। ਪੀਟੀਸੀ ਨੈੱਟਵਰਕ ਦੀ ਗੱਲ ਕਰੀਏ ਤਾਂ ਇਹ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਲਈ ਹਰ ਸਾਲ 2 ਕਰੋੜ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅਦਾ ਕਰਦਾ ਹੈ।
ਪੀਟੀਸੀ ਨੈੱਟਵਰਕ ਦਾ ਕਹਿਣਾ ਹੈ ਕਿ ਉਹ ਦੁਨੀਆ ਭਰ ਵਿੱਚ ਐਸਜੀਪੀਸੀ ਦੇ ਪ੍ਰੋਗਰਾਮਾਂ ਦਾ ਵੱਖਰੇ ਤੌਰ ਤੇ ਟੈਲੀਕਾਸਟ ਵੀ ਕਰਦਾ ਹੈ, ਜਿਸ ਵਿੱਚ ਕਵਰੇਜ ਅਤੇ ਟੈਲੀਕਾਸਟ ਤੇ ਕੁੱਲ 10 ਤੋਂ 12 ਕਰੋੜ ਰੁਪਏ ਖਰਚ ਕਰਦਾ ਹੈ। SGPC ਅਤੇ PTC ਨੈੱਟਵਰਕ ਦਾ ਇਕਰਾਰਨਾਮਾ ਜੁਲਾਈ 2023 ਵਿੱਚ ਖਤਮ ਹੋ ਰਿਹਾ ਹੈ। ਮਾਨ ਸਰਕਾਰ ਦੁਬਾਰਾ ਟੈਂਡਰ ਪ੍ਰਕਿਰਿਆ ਸ਼ੁਰੂ ਨਹੀਂ ਕਰਨਾ ਚਾਹੁੰਦੀ। ਸਗੋਂ ਜਿਹੜਾ ਵੀ ਚੈਨਲ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੁੰਦਾ ਹੈ, ਉਹ ਇਸ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਹੈ।
ਕਿਉਂ ਸੌਖਾ ਨਹੀਂ ਹੈ ਗੁਰਬਾਣੀ ਦਾ ਮੁਫਤ ਪ੍ਰਸਾਰਣ ?
ਗੁਰਬਾਣੀ ਗੁਰਦੁਆਰਿਆਂ ਵਿੱਚ ਗਾਏ ਜਾਣ ਵਾਲੇ ਸ਼ਬਦ ਹਨ। ਸ਼੍ਰੋਮਣੀ ਕਮੇਟੀ ਸਮੇਤ ਵਿਰੋਧੀ ਧਿਰਾਂ ਅਤੇ ਕਈ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਦਾ ਅਧਿਕਾਰ ਸੰਸਦ ਕੋਲ ਹੈ, ਇਸ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਕੋਈ ਸੋਧ ਨਹੀਂ ਕੀਤੀ ਜਾ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੂੰ ਆਪਣੇ ਸਿਆਸੀ ਹਿੱਤਾਂ ਲਈ ਕੌਮ ਵਿੱਚ ਦੁਬਿਧਾ ਪੈਦਾ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ।
ਗੁਰਬਾਣੀ ਦੇ ਪ੍ਰਸਾਰਣ ਲਈ ਕੀ ਹਨ ਨਿਯਮ ?
ਗੁਰਬਾਣੀ ਦਾ ਪ੍ਰਸਾਰਣ ਦੁਨੀਆਂ ਭਰ ਵਿੱਚ ਵੱਖ-ਵੱਖ ਟਾਈਮ ਜ਼ੋਨਾਂ ਵਿੱਚ ਹੁੰਦਾ ਹੈ। ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਟੈਲੀਕਾਸਟਰ ਦੀ ਜ਼ਿੰਮੇਵਾਰੀ ਹੈ। ਟੈਲੀਕਾਸਟਰ ਗੁਰਬਾਣੀ ਦੌਰਾਨ ਕਿਸੇ ਕਿਸਮ ਦਾ ਇਸ਼ਤਿਹਾਰ ਨਹੀਂ ਚਲਾ ਸਕਦੇ। ਗੁਰਬਾਣੀ ਦੇ ਪ੍ਰਸਾਰਣ ਦੌਰਾਨ ਸਪਾਂਸਰਸ਼ਿਪ ਦੀ ਵੀ ਇਜਾਜ਼ਤ ਨਹੀਂ ਹੈ।
ਦ ਪ੍ਰਿੰਟ ਨੇ ਪੀਟੀਸੀ ਚਲਾਉਣ ਵਾਲੀ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਰਾਇਣ ਨਾਲ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਈ ਟੀਵੀ ਚੈਨਲਾਂ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕਰਨ ਕਾਰਨ ਚੈਨਲ ਨੂੰ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਮਿਲਿਆ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ