ਅੰਮ੍ਰਿਤਸਰ ਨਿਊਜ਼: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (
ਐਸਜੀਪੀਸੀ) ਵੱਲੋਂ ਐਮਰਜੈਂਸੀ ਵਿੱਚ ਬੁਲਾਈ ਗਈ ਅੰਤ੍ਰਿਗ ਕਮੇਟੀ ਦੀ ਬੈਠਕ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਸਹਿਮਤੀ ਬਣ ਗਈ ਹੈ। ਬੈਠਕ ਵਿੱਚ ਲਏ ਗਏ ਫੈਸਲੇ ਮੁਤਾਬਕ, ਗਿਆਨੀ ਰਘਵੀਰ ਸਿੰਘ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ। ਗਿਆਨੀ ਰਘਬੀਰ ਸਿੰਘ ਹੁਣ ਤੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ। ਪਰ ਹੁਣ ਉਨ੍ਹਾਂ ਦੀ ਥਾਂ ਗਿਆਨੀ ਸੁਲਤਾਨ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋ ਸੇਵਾਵਾਂ ਨਿਭਾਉਣਗੇ।
ਇਸ ਮਾਮਲੇ ਨੂੰ ਲੈ ਕੇ ਐਸੀਜੀਪੀਸੀ ਦੇ ਪ੍ਰਧਾਨ ਪ੍ਰੋਫੇਸਰ
ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਇਹ ਇੱਛਾ ਪ੍ਰਗਟਾਈ ਸੀ ਕਿ ਉਹ ਪੂਰਨ ਤੌਰ ‘ਤੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਿਭਾਉਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ । ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਵੇਲ੍ਹੇ ਆਸਟ੍ਰੇਲੀਆਂ ਦੌਰੇ ਤੇ ਹਨ। ਉਹ ਭਾਰਤ ਵਾਪਸ ਆ ਰਹੇ ਹਨ।
ਆਪਣੀ ਇੱਛਾ ਨਾਲ ਛੱਡਿਆ ਅਹੁਦਾ -ਧਾਮੀ
ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਸ਼੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਨਿਭਾਉਣਗੇ। ਜਦਕਿ ਅਕਾਲ ਤਖ਼ਤ ਸਾਹਿਬ ਦੀਆਂ ਪੱਕੀਆਂ ਸੇਵਾਵਾਂ ਜਥੇਦਾਰ ਗਿਆਨੀ ਰਘਵੀਰ ਸਿੰਘ ਸੇਵਾ ਨਿਭਾਉਣਗੇ। ਨਾਲ ਹੀ ਉਹ ਹੈੱਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਵਜੋਂ ਵੀ ਵਾਧੂ ਸੇਵਾਵਾਂ ਨਿਭਾਉਣਗੇ। ਨਾਲ ਹੀ ਉਨ੍ਹਾਂ ਨੂੰ ਸਚਖੰਡ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦਾ ਐਡਿਸ਼ਨਲ ਚਾਰਜ ਵੀ ਦਿੱਤਾ ਗਿਆ ਹੈ। ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਭਖਦੇ ਮੁੱਦਿਆਂ ਤੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸੇ ਲਈ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਇਸ ਅਹੁਦੇ ਦੀਆਂ ਜਿੰਮੇਦਾਰੀਆਂ ਤੋਂ ਮੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਧਾਮੀ ਨੇ ਅੱਗੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਾਹਿਆ ਨਹੀਂ ਗਿਆ ਨਾ ਹੀ ਲਾਹੁਣ ਵਲੀ ਕੋਈ ਗਲ ਹੈ। ਉਹਨਾਂ ਕਿਹਾ ਕਿ ਕਈ ਵਾਰ ਕਈ ਜਿੰਮੇਦਾਰੀਆਂ ਨੂੰ ਲੈ ਕੇ ਸਲਾਹ ਮਸ਼ਵਰੇ ਵੀ ਕਰਨੇ ਪੈਂਦੇ ਹਨ। ਇਹ ਸਲਾਹ ਮਸ਼ਵਰੇ ਪੰਜ ਸਿੰਘ ਸਾਹਿਬਾਨਾਂ ਦੀ ਹਜ਼ੂਰੀ ਵਿਚ ਹੋਏ ਹਨ। ਧਾਨੀ ਨੇ ਕਿਹਾ ਕਿ ਪਹਿਲਾਂ ਵੀ ਇੱਕ ਕਮੇਟੀ ਬਣੀ ਸੀ, ਹੁਨ ਦੁਬਾਰਾ ਕਮੇਟੀ ਬਣਾਈ ਗਈ ਹੈ। ਇਹ ਪ੍ਰਕਿਰੀਆ ਤਾਂ ਚੱਲਦੀ ਹੀ ਰਹਿੰਦੀ ਹੈ।
ਗਿਆਨੀ ਹਰਪ੍ਰੀਤ ਸਿੰਘ ਨਾਲ ਜਾਰੀ ਰਹੇਗਾ ਤਾਲਮੇਲ – ਰਘਬੀਰ ਸਿਘ
ਉੱਧਰ, ਨਵੇਂ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ
ਗਿਆਨੀ ਹਰਪ੍ਰੀਤ ਸਿੰਘ ਨਾਲ ਤਾਲਮੇਲ ਸੀ ਉਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ। ਸਾਰੇ ਮਿਲ ਕੇ ਸਿੱਖ ਭਾਈਚਾਰੇ ਦੀ ਭਲਾਈ ਲਈ ਕੰਮ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗਿਆਨੀ ਜੀ ਨੇ ਸਵੈ ਇੱਛਾ ਨਾਲ ਆਪਣਾ ਇਹ ਅਹੁਦਾ ਛੱਡਿਆ ਹੈ, ਇਸ ਲਈ ਉਨ੍ਹਾਂ ਦੀ ਇੱਛਾ ਦਾ ਸਨਮਾਨ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਨੇ 21 ਅਪ੍ਰੈਲ 2014 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੇ ਤੋਰ ‘ਤੇ ਸੇਵਾ ਸੰਭਾਲੀ ਸੀ। ਪਰ 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਮੱਲ ਸਿੰਘ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਸਿੰਘ ਦੇ ਨਾਲ-ਨਾਲ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਵੀ ਜਿੰਮੇਦਾਰੀ ਸੌਂਪ ਦਿੱਤੀ ਗਈ ਸੀ, ਜੋ ਹੁਣ ਤੱਕ ਵੀ ਜਾਰੀ ਸੀ।
ਰਾਘਵ-ਪਰਿਣੀਤੀ ਦੀ ਮੰਗਣੀ ‘ਚ ਸ਼ਾਮਲ ਹੋਣ ਤੋਂ ਬਾਅਦ ਵਧੀ ਸੀ ਨਰਾਜ਼ਗੀ
ਬੀਤੀ 13 ਮਈ ਨੂੰ ਦਿੱਲੀ ਦੇ
ਕਪੂਰਥਲਾ ਹਾਉਸ ਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਰਾਜਸਭਾ ਮੈਂਬਰ ਰਾਘਵ ਚੱਡਾ (Raghav Chadha) ਅਤੇ ਬਾਲੀਵੁੱਡ ਅਦਾਕਾਰ
ਪਰਿਣੀਤੀ ਚੋਪੜਾ (Pariniti Chopra) ਦੀ ਮੰਗਣੀ ਵਿੱਚ ਬਾਲੀਵੁੱਡ ਹਸਤੀਆਂ ਦੇ ਨਾਲ-ਨਾਲ ਕਈ ਵੱਡੇ ਸਿਆਸੀ ਆਗੂ ਵੀ ਸ਼ਾਮਲ ਹੋਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਪ੍ਰੋਗਰਾਮ ਚ ਸ਼ਮੂਲੀਅਤ ਕੀਤੀ ਸੀ। ਜਿਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ।

ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਇਸ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਬਾਅਦ ਤੋਂ ਹੀ ਸਿੱਖ ਭਾਈਚਾਰੇ ਵਿੱਚ ਰੋਸ ਵੇਖਿਆ ਜਾ ਰਿਹਾ ਸੀ। ਜਿਸ ਨੂੰ ਵੇਖਦਿਆਂ ਬੀਤੀ 20 ਮਈ ਨੂੰ ਐਸਜੀਪੀਸੀ ਨੇ
ਅਚਨਚੇਤ ਮੀਟਿੰਗ ਬੁਲਾਈ ਸੀ। ਹਾਲਾਂਕਿ, ਉਸ ਬੈਠਕ ਵਿੱਚ ਇਸ ਮੁੱਦੇ ਤੇ ਕੋਈ ਸਹਿਮਤੀ ਨਹੀਂ ਬਣ ਸਕੀ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ