ਕਾਲਾ ਜਾਦੂ ਸਿੱਖਣ ਲਈ ਕੀਤਾ ਬੱਚੀ ਨੂੰ ਅਗਵਾ, ਚਾਕੂ ਨਾਲ ਕੱਟ ਦਿੱਤਾ ਦਿਲ, ਸੁਖਮਨਦੀਪ ਕਤਲ ਕੇਸ ‘ਚ ਰੂਹ ਕੰਬਾਉਣ ਵਾਲਾ ਖੁਲਾਸਾ
Crime News: ਪੁਲਿਸ ਨੂੰ ਤਾਂਤਰਿਕ ਬਾਰੇ ਹਾਲੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਉਸਦੀ ਭਾਲ ਵਿੱਚ ਲਗਾਤਾਰ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਵੇਰਕਾ ਦੇ ਪਿੰਡ ਮੂਧਲ ਦੀ 9 ਸਾਲਾ ਸੁਖਮਨਦੀਪ ਕੌਰ (Sukhmandeep Kaur) ਦੇ ਕਤਲ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਵੇਰਕਾ ਪੁਲਿਸ ਵੱਲੋਂ ਬੱਚੀ ਦੇ ਗੁਆਂਢ ਵਿੱਚ ਰਹਿਣ ਵਾਲੀ ਜਸਬੀਰ ਕੌਰ ਅਤੇ ਤਿੰਨ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਰੂਹ ਕੰਬਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ। ਇਸ ਦੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਤਾਂਤਰਿਕਾਂ ਦੇ ਜਾਲ ‘ਚ ਫਸੀ ਹੋਈ ਸੀ। ਇਸੇ ਚੱਕਰ ਵਿੱਚ ਉਸ ਨੇ ਬੱਚੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਜਸਬੀਰ ਕੌਰ ਤਾਂਤਰਿਕ ਤੋਂ ਪ੍ਰਭਾਵਿਤ ਸੀ ਅਤੇ ਉਹ ਖ਼ੁਦ ਕਾਲਾ ਜਾਦੂ ਸਿੱਖ ਕੇ ਪਰਿਵਾਰਕ ਕਾਰੋਬਾਰ ਵਧਾਉਣਾ ਚਾਹੁੰਦੀ ਸੀ। ਵੇਰਕਾ ਪੁਲਿਸ ਨੇ ਪਿੰਡ ਮੂਧਲ ਦੇ ਗੁਆਂਢੀ ਰਹਿਣ ਵਾਲੇ ਦਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਉਸ ਦੇ ਪੁੱਤਰ ਸੂਰਜ ਸਿੰਘ ਅਤੇ ਨੂੰਹ ਪਵਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


