ਅੰਮ੍ਰਿਤਸਰ ‘ਚ ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦੀ ਕਾਰ ਨੇ 12 ਸਾਲਾ ਬੱਚੀ ਨੂੰ ਮਾਰੀ ਟੱਕਰ, ਲੜਕੀ ਜ਼ਖ਼ਮੀ; ਹਿਰਾਸਤ ‘ਚ ਹੌਲਦਾਰ
ਚਸ਼ਮਦੀਦਾਂ ਅਨੁਸਾਰ ਮੁਲਜ਼ਮ ਪੁਲਿਸ ਮੁਲਾਜ਼ਮ ਦੀ ਪਛਾਣ ਹੌਲਦਾਰ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਅੰਬੇਡਕਰ ਸਮਾਜ ਦਲ ਦੇ ਯੂਥ ਪ੍ਰਧਾਨ ਰਾਹੁਲ ਸੋਰੀ ਨੇ ਦੱਸਿਆ ਕਿ ਹਾਦਸੇ ਸਮੇਂ ਮੁਲਜ਼ਮ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ। ਉਨ੍ਹਾਂ ਦੇ ਦਾਅਵੇ ਅਨੁਸਾਰ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ ਤੇ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ।
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਇੱਕ ਪੁਲਿਸ ਮੁਲਾਜ਼ਮ ਦੀ ਤੇਜ਼ ਰਫ਼ਤਾਰ ਆਲਟੋ ਕਾਰ ਨੇ ਸਕੂਲ ਤੋਂ ਘਰ ਪਰਤ ਰਹੀ 12 ਸਾਲਾ ਬੱਚੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੀ ਕਾਰ ਦੇ ਹੇਠਾਂ ਫਸ ਗਈ। ਮੌਕੇ ‘ਤੇ ਮੌਜੂਦ ਰਾਹਗੀਰਾਂ ਤੇ ਸਥਾਨਕ ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕਾਰ ਹੇਠੋਂ ਬਾਹਰ ਕੱਢਿਆ।
ਹਾਦਸੇ ਤੋਂ ਬਾਅਦ ਇਲਾਕੇ ‘ਚ ਲੋਕਾਂ ਦਾ ਗੁੱਸਾ ਭੜਕ ਗਿਆ। ਲੋਕਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਪੁਲਿਸ ਮੁਲਾਜ਼ਮ ਨੂੰ ਘੇਰ ਕੇ ਕਾਬੂ ਕਰ ਲਿਆ ਤੇ ਸੁਲਤਾਨਵਿੰਡ ਪੁਲਿਸ ਚੌਕੀ ਦੇ ਹਵਾਲੇ ਕਰ ਦਿੱਤਾ।
ਨਸ਼ੇ ਦੀ ਹਾਲਤ ‘ਚ ਸੀ ਮੁਲਜ਼ਮ ਹੌਲਦਾਰ, ਕਾਰ ‘ਚੋਂ ਸ਼ਰਾਬ ਦੀ ਬੋਤਲ ਬਰਾਮਦ
ਚਸ਼ਮਦੀਦਾਂ ਅਨੁਸਾਰ ਮੁਲਜ਼ਮ ਪੁਲਿਸ ਮੁਲਾਜ਼ਮ ਦੀ ਪਛਾਣ ਹੌਲਦਾਰ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਅੰਬੇਡਕਰ ਸਮਾਜ ਦਲ ਦੇ ਯੂਥ ਪ੍ਰਧਾਨ ਰਾਹੁਲ ਸੋਰੀ ਨੇ ਦੱਸਿਆ ਕਿ ਹਾਦਸੇ ਸਮੇਂ ਮੁਲਜ਼ਮ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ‘ਚ ਸੀ। ਉਨ੍ਹਾਂ ਦੇ ਦਾਅਵੇ ਅਨੁਸਾਰ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ ਤੇ ਉਸ ਦੀ ਹਾਲਤ ਕਾਫ਼ੀ ਖ਼ਰਾਬ ਸੀ। ਇਲਜ਼ਾਮ ਹੈ ਕਿ ਲੋਕਾਂ ਵੱਲੋਂ ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਅੰਦਰੋਂ ਸ਼ਰਾਬ ਦੀ ਬੋਤਲ, ਸਿਗਰਟ ਤੇ ਲਾਈਟਰ ਵੀ ਮਿਲੇ। ਰਾਹੁਲ ਸੋਰੀ ਨੇ ਸਵਾਲ ਚੁੱਕਿਆ ਕਿ ਆਮ ਲੋਕਾਂ ਦੇ ਚਲਾਨ ਕੱਟਣ ਵਾਲੀ ਪੁਲਿਸ ਦਾ ਮੁਲਾਜ਼ਮ ਖੁਦ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਸੜਕ ‘ਤੇ ਗੱਡੀ ਕਿਵੇਂ ਚਲਾ ਰਿਹਾ ਸੀ।
ਹਾਦਸੇ ਤੋਂ ਬਾਅਦ ਭੱਜਣ ਦੀ ਕੋਸ਼ਿਸ਼, ਲੋਕਾਂ ਨੇ ਘੇਰ ਕੇ ਫੜਿਆ
ਅੰਬੇਡਕਰ ਸਮਾਜ ਦਲ ਦੇ ਪੰਜਾਬ ਚੇਅਰਮੈਨ ਵਿੱਕੀ ਨੇ ਦੱਸਿਆ ਕਿ ਬੱਚੀ ਨੂੰ ਟੱਕਰ ਮਾਰਨ ਤੋਂ ਬਾਅਦ ਮੁਲਜ਼ਮ ਨੇ ਗੱਡੀ ਰੋਕਣ ਦੀ ਬਜਾਏ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉੱਥੇ ਮੌਜੂਦ ਨੌਜਵਾਨਾਂ ਤੇ ਰਾਹਗੀਰਾਂ ਨੇ ਕਾਰ ਨੂੰ ਘੇਰ ਲਿਆ ਤੇ ਉਸ ਨੂੰ ਭੱਜਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੂਰਾ ਪੁਲਿਸ ਵਿਭਾਗ ਮਾੜਾ ਨਹੀਂ ਹੁੰਦਾ, ਪਰ ਕੁਝ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਪੂਰੇ ਵਿਭਾਗ ਦੀ ਸਾਖ਼ ਪ੍ਰਭਾਵਿਤ ਹੁੰਦੀ ਹੈ।
ਅਨਾਥ ਤੇ ਦਿਵਿਆਂਗ ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
ਹਾਦਸੇ ‘ਚ ਜ਼ਖ਼ਮੀ ਹੋਈ ਬੱਚੀ ਦੀ ਦੇਖਭਾਲ ਕਰਨ ਵਾਲੀ ਪ੍ਰੀਤੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ 12 ਸਾਲਾ ਬੱਚੀ ਦੇ ਸਿਰ ਤੋਂ ਪਹਿਲਾਂ ਹੀ ਮਾਤਾ-ਪਿਤਾ ਤੇ ਦਾਦਾ-ਦਾਦੀ ਦਾ ਸਾਇਆ ਉੱਠ ਚੁੱਕਾ ਹੈ। ਉਹ ਰਿਸ਼ਤੇ ਵਿੱਚ ਬੱਚੀ ਦੀ ਭੂਆ ਲੱਗਦੀ ਹੈ, ਪਰ ਬੱਚੀ ਉਸ ਨੂੰ ਆਪਣੀ ਮਾਂ ਵਾਂਗ ਮੰਨਦੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ ਤੇ ਪਰਿਵਾਰ ਦੇ ਮੈਂਬਰ ਦਿਵਿਆਂਗ ਹਨ। ਆਰਥਿਕ ਹਾਲਾਤ ਵੀ ਠੀਕ ਨਹੀਂ ਹਨ। ਪ੍ਰੀਤੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚੀ ਦਾ ਪੂਰਾ ਇਲਾਜ ਮੁਫ਼ਤ ਕਰਵਾਇਆ ਜਾਵੇ ਤੇ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਤੁਰੰਤ ਮੁਅੱਤਲ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਅੰਬੇਡਕਰ ਸਮਾਜ ਦਲ ਨੇ ਵੀ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ
ਪੁਲਿਸ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸੁਲਤਾਨਵਿੰਡ ਪੁਲਿਸ ਚੌਕੀ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਮੁਲਜ਼ਮ ਹੌਲਦਾਰ ਨੂੰ ਹਿਰਾਸਤ ‘ਚ ਲੈ ਲਿਆ ਤੇ ਉਸ ਦੀ ਕਾਰ ਵੀ ਕਬਜ਼ੇ ‘ਚ ਲੈ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਤੇ ਜ਼ਖ਼ਮੀ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁਲਜ਼ਮ ਪੁਲਿਸ ਮੁਲਾਜ਼ਮ ਦਾ ਵੀ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ, ਕਿਉਂਕਿ ਲੋਕਾਂ ਵੱਲੋਂ ਉਸ ਦੇ ਨਸ਼ੇ ਦੀ ਹਾਲਤ ‘ਚ ਹੋਣ ਦੇ ਇਲਜ਼ਾਮ ਲਗਾਏ ਗਏ ਹਨ।
ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਕਾਨੂੰਨ ਸਭ ਲਈ ਬਰਾਬਰ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
