ਵਿਦੇਸ਼ ਜਾ ਕੇ ਮੁੱਕਰ ਗਈ ਕੁੜੀ… ਮੁਲਜ਼ਮ ਪਰਿਵਾਰ ਬੋਲਿਆ- ਤੂੰ ਜੋ ਕਰਨਾ ਹੈ ਕਰ ਲੈ

Updated On: 

15 Oct 2025 09:23 AM IST

Amritsar Marriage Fraud: ਸੂਰਜਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 7 ਜਨਵਰੀ, 2022 ਨੂੰ ਰਮਨਦੀਪ ਕੌਰ ਵਾਸੀ ਪਿੰਡ ਢੰਡ, ਸਰਾਏ ਅਮਾਨਤ ਖਾਂ, ਤਰਨਤਾਰਨ ਨਾਲ ਹੋਇਆ। ਦੋਵਾਂ ਨੇ ਗੁਰਦੁਆਰੇ 'ਚ ਲਾਵਾਂ-ਫੇਰੇ ਲੈਣ ਦੇ ਨਾਲ-ਨਾਲ ਕੋਰਟ ਮੈਰਿਜ਼ ਵੀ ਕਰਵਾਈ। ਵਿਆਹ ਕਰਵਾਉਣ ਦਾ ਮਕਸਦ ਵੀ ਇਹ ਸੀ ਕਿ ਦੋਵੇਂ ਇੱਕ ਨਾਲ ਵਿਦੇਸ਼ ਜਾਣ ਤੇ ਆਪਣਾ ਘਰ-ਪਰਿਵਾਰ ਵਸਾਉਣ।

ਵਿਦੇਸ਼ ਜਾ ਕੇ ਮੁੱਕਰ ਗਈ ਕੁੜੀ... ਮੁਲਜ਼ਮ ਪਰਿਵਾਰ ਬੋਲਿਆ- ਤੂੰ ਜੋ ਕਰਨਾ ਹੈ ਕਰ ਲੈ
Follow Us On

ਅੰਮ੍ਰਿਤਸਰ ਦੇ ਪਿੰਡ ਚੱਕ ਮਿਸ਼ਰੀ ਖਾਂ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨਾਲ ਉਸ ਦੀ ਹੀ ਘਰਵਾਲੀ ਨੇ ਲੱਖਾਂ ਦੀ ਠੱਗੀ ਕੀਤੀ ਹੈ। ਪੀੜਤ ਨੌਜਵਾਨ ਮੁਤਾਬਕ ਉਸ ਨੇ ਲੜਕੀ ਨਾਲ ਵਿਆਹ ਕਰਵਾਇਆ ਤੇ ਲੜਕੀ ਤੇ ਲੱਖਾਂ ਪੈਸੇ ਲਾ ਕੇ ਉਸ ਨੂੰ ਵਿਦੇਸ਼ ਭੇਜਿਆ, ਪਰ ਉਸ ਨੇ ਕੈਨੇਡਾ ਜਾ ਕੇ ਰਿਸ਼ਤਾ ਤੋੜ ਲਿਆ ਤੇ ਲੜਕੇ ਨੂੰ ਵਿਦੇਸ਼ ਬੁਲਾਉਣ ਤੋਂ ਵੀ ਮੁੱਕਰ ਗਈ।

ਸੂਰਜਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 7 ਜਨਵਰੀ, 2022 ਨੂੰ ਰਮਨਦੀਪ ਕੌਰ ਵਾਸੀ ਪਿੰਡ ਢੰਡ, ਸਰਾਏ ਅਮਾਨਤ ਖਾਂ, ਤਰਨਤਾਰਨ ਨਾਲ ਹੋਇਆ। ਦੋਵਾਂ ਨੇ ਗੁਰਦੁਆਰੇ ਚ ਲਾਵਾਂ-ਫੇਰੇ ਲੈਣ ਦੇ ਨਾਲ-ਨਾਲ ਕੋਰਟ ਮੈਰਿਜ਼ ਵੀ ਕਰਵਾਈ। ਵਿਆਹ ਕਰਵਾਉਣ ਦਾ ਮਕਸਦ ਵੀ ਇਹ ਸੀ ਕਿ ਦੋਵੇਂ ਇੱਕ ਨਾਲ ਵਿਦੇਸ਼ ਜਾਣ ਤੇ ਆਪਣਾ ਘਰ-ਪਰਿਵਾਰ ਵਸਾਉਣ।

ਪੀੜਤ ਨੌਜਵਾਨ ਨੇ ਦੱਸਿਆ ਕਿ ਰਮਨਦੀਪ ਕੌਰ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਆਪਣੇ ਪੇਕੇ ਘਰ ਚਲੀ ਗਏ। ਉਸ ਨੇ ਦੱਸਿਆ ਕਿ ਰਮਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਉਸ ਨੇ 11 ਲੱਖ 50 ਹਜ਼ਾਰ ਰੁਪਏ ਦਿੱਤੇ। ਇਸ ਸਾਰੇ ਲੈਣ-ਦੇਣ ਦੀ ਬੈਂਕ ਸਟੇਟਮੈਂਟ ਵੀ ਉਸ ਕੋਲ ਹੈ।

ਬਿਨਾਂ ਦੱਸੇ ਚਲੀ ਗਈ ਵਿਦੇਸ਼

ਸੂਰਜਪਾਲ ਨੇ ਦੱਸਿਆ ਕਿ ਉਸ ਨੂੰ ਬਿਨਾਂ ਦੱਸੇ ਹੀ ਰਮਨਦੀਪ ਕੌਰ ਕੈਨੇਡਾ ਚਲੀ ਗਈ। ਉਸ ਨੂੰ ਇਸ ਗੱਲ ਦਾ ਵੀ ਉਸ ਵੇਲੇ ਪਤਾ ਚਲਿਆ, ਜਦੋਂ ਉਹ ਆਪਣੇ ਸਹੁਰੇ ਘਰ ਗਿਆ ਸੀ। ਉਸ ਨੇ ਦੱਸਿਆ ਇੱਕ ਦਿਨ ਜਦੋਂ ਉਹ ਆਪਣੇ ਸਹੁਰੇ ਘਰ ਗਿਆ ਤੇ ਪੁੱਛਿਆ ਕਿ ਉਸ ਦੀ ਘਰਵਾਲੀ ਰਮਨਦੀਪ ਕਿੱਥੇ ਹੈਂ ਤੇ ਸਹੁਰੇ ਪਰਿਵਾਰ ਨੇ ਜਵਾਬ ਦਿੱਤਾ ਕਿ ਅਸੀਂ ਉਸ ਨੂੰ ਵਿਦੇਸ਼ ਭੇਜ ਦਿੱਤਾ ਹੈ, ਤੂੰ ਜੋ ਕਰਨਾ ਹੈ ਕਰ ਲੈ ਤੇ ਅਸੀਂ ਜੋ ਕਰਨਾ ਸੀ ਕਰ ਦਿੱਤਾ।

ਕੋਰਟ ਦਾ ਦਰਵਾਜਾ ਖੜਕਾਇਆ ਤਾਂ ਦਰਜ ਹੋਇਆ ਮਾਮਲਾ

ਪਰਿਵਾਰ ਨੇ ਕਈ ਵਾਰ ਪੁਲਿਸ ਤੋਂ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤ ਸੂਰਜਪਾਲ ਮੁਤਾਬਕ ਉਸ ਦੀ ਪਤਨੀ ਰਮਨਦੀਪ ਕੌਰ ਦੀ ਭੈਣ ਪੁਲਿਸ ਵਿਭਾਗ ਚ ਕੰਮ ਕਰਦੀ ਹੈ ਤੇ ਉਸ ਦੇ ਹੋਰ ਵੀ ਰਿਸ਼ਤੇਦਾਰ ਸਰਕਾਰੀ ਮੁਲਾਜ਼ਮ ਹਨ, ਜਿਨ੍ਹਾਂ ਨੇ ਦਬਾਅ ਪਾ ਕੇ ਕੇਸ ਦਰਜ ਨਹੀਂ ਹੋਣ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਖਿਰਕਾਰ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਪਹੁੰਚ ਕੀਤੀ। ਕੋਰਟ ਦੇ ਹੁਕਮਾਂ ਤੋਂ ਬਾਅਦ 6 ਲੋਕਾਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੀੜਤ ਨੌਜਵਾਨ ਤੇ ਉਸ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ। ਪੁਲਿਸ ਨੂੰ ਰਮਨਦੀਪ ਕੌਰ ਤੇ ਉਸ ਦੇ ਪਰਿਵਾਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਮਿਹਨਤ ਨਾਲ ਕਮਾਏ ਹੋਏ ਪੈਸੇ ਵਾਪਸ ਕਰਵਾਉਣੇ ਚਾਹੀਦੇ ਹਨ।