ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ, ਕਰੀਬ 600 ਕਰੋੜ ਦੀ ਯੋਜਨਾ ਨਹੀਂ ਹੋਈ ਕਾਮਯਾਬ; ਹੁਣ 100 ਈ-ਬੱਸਾਂ ਆਮ ਰੂਟਾਂ ‘ਤੇ ਚੱਲਣਗੀਆਂ
ਅੰਮ੍ਰਿਤਸਰ 'ਚ BRTS ਪ੍ਰੋਜੈਕਟ ਦਾ ਪਹਿਲਾ ਪੜਾਅ 15 ਦਸੰਬਰ 2016 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਬਾਅਦ 'ਚ ਪੰਜਾਬ'ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸਮੇਤ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ BRTS ਲੋਕਾਂ 'ਚ ਉਮੀਦ ਮੁਤਾਬਕ ਪਕੜ ਨਹੀਂ ਬਣਾ ਸਕਿਆ।
ਅੰਮ੍ਰਿਤਸਰ BRTS ਪ੍ਰੋਜੈਕਟ ਹੋਵੇਗਾ ਡਿਸਮੈਂਟਲ
ਅੰਮ੍ਰਿਤਸਰ ‘ਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ BRTS ਪ੍ਰੋਜੈਕਟ ਕਾਮਯਾਬ ਨਹੀਂ ਹੋਇਆ ਹੈ। ਸ਼ਹਿਰ ਦੀਆਂ ਸੜਕਾਂ ਵਿਚਕਾਰ ਬਣੇ BRTS ਕੋਰੀਡੋਰ ਨੂੰ ਡਿਸਮੈਂਟਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੀਡੋਰ ਨਾਲ ਬਣੇ ਪਲੇਟਫਾਰਮ ਤੇ ਰੇਲਿੰਗ ਵੀ ਹਟਾਏ ਜਾਣਗੇ। ਸਰਕਾਰ ਦਾ ਦਾਅਵਾ ਹੈ ਕਿ ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ਖੁੱਲ੍ਹੀਆਂ ਹੋਣਗੀਆਂ ਤੇ ਸ਼ਹਿਰ ਦੇ ਟ੍ਰੈਫਿਕ ਨੂੰ ਵਧੇਰੇ ਸੁਚਾਰੂ ਬਣਾਉਣ ‘ਚ ਮਦਦ ਮਿਲੇਗੀ।
ਅੰਮ੍ਰਿਤਸਰ ‘ਚ BRTS ਪ੍ਰੋਜੈਕਟ ਦਾ ਪਹਿਲਾ ਪੜਾਅ 15 ਦਸੰਬਰ 2016 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦਘਾਟਨ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਸੀ। ਬਾਅਦ ‘ਚ ਪੰਜਾਬ’ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਇਸ ਪ੍ਰੋਜੈਕਟ ਨੂੰ ਚਲਾਉਣ ਲਈ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸਮੇਤ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ BRTS ਲੋਕਾਂ ‘ਚ ਉਮੀਦ ਮੁਤਾਬਕ ਪਕੜ ਨਹੀਂ ਬਣਾ ਸਕਿਆ।
BRTS ਦਾ ਮੁੱਢਲਾ ਕਾਂਸੈਪਟ ਸ਼ਹਿਰ ਲਈ ਢੁਕਵਾਂ ਨਹੀਂ ਸੀ: ਇੰਦਰਬੀਰ ਨਿੱਜਰ
ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ BRTS ਦਾ ਮੁੱਢਲਾ ਕਾਂਸੈਪਟ ਹੀ ਅੰਮ੍ਰਿਤਸਰ ਵਰਗੇ ਸ਼ਹਿਰ ਲਈ ਢੁਕਵਾਂ ਨਹੀਂ ਸੀ। ਉਨ੍ਹਾਂ ਮੁਤਾਬਕ ਸੜਕ ਦੇ ਵਿਚਕਾਰ ਬਣੇ ਕੋਰੀਡੋਰ ਕਾਰਨ ਯਾਤਰੀਆਂ ਲਈ ਬੱਸ ਸਟੇਸ਼ਨ ਤੱਕ ਪਹੁੰਚਣਾ ਤੇ ਉੱਥੋਂ ਬਾਹਰ ਨਿਕਲਣਾ ਮੁਸ਼ਕਲ ਸੀ। ਇਸ ਤੋਂ ਇਲਾਵਾ ਕਈ ਸਟੇਸ਼ਨਾਂ ਵਿਚਕਾਰ ਕਾਫ਼ੀ ਜ਼ਿਆਦਾ ਦੂਰੀ ਹੋਣ ਕਾਰਨ ਲੋਕ ਬੱਸ ਦੀ ਬਜਾਏ ਆਟੋ ਜਾਂ ਥ੍ਰੀ-ਵ੍ਹੀਲਰ ਨੂੰ ਤਰਜੀਹ ਦਿੰਦੇ ਸਨ।
“ਹਰ ਮਹੀਨੇ ਕਰੀਬ 2 ਕਰੋੜ ਰੁਪਏ ਦਾ ਘਾਟਾ”
ਉਨ੍ਹਾਂ ਦੱਸਿਆ ਕਿ BRTS ਦੀ ਰਾਈਡਰਸ਼ਿਪ ਨੂੰ ਵਧਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇੱਕ ਸਮੇਂ ਰੋਜ਼ਾਨਾ ਰਾਈਡਰਸ਼ਿਪ ਕਰੀਬ 60 ਹਜ਼ਾਰ ਤੱਕ ਵੀ ਪਹੁੰਚੀ, ਪਰ ਇਸ ਦੇ ਬਾਵਜੂਦ ਪ੍ਰੋਜੈਕਟ ਨੂੰ ਚਲਾਉਣ ‘ਚ ਭਾਰੀ ਘਾਟਾ ਪੈ ਰਿਹਾ ਸੀ। ਉਨ੍ਹਾਂ ਮੁਤਾਬਕ ਹਰ ਮਹੀਨੇ ਕਰੀਬ 2 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਸੀ, ਜਿਸ ਕਾਰਨ ਇਸ ਤਰੀਕੇ ਨਾਲ BRTS ਚਲਾਉਣਾ ਵਿਹਾਰਕ ਨਹੀਂ ਸੀ। ਹੁਣ ਸਰਕਾਰ ਵੱਲੋਂ BRTS ਕੋਰੀਡੋਰ ਨੂੰ ਖ਼ਤਮ ਕਰਕੇ ਬੱਸਾਂ ਨੂੰ ਆਮ ਟ੍ਰੈਫਿਕ ਦੇ ਨਾਲ ਸੜਕ ਦੇ ਕਿਨਾਰੇ ਚਲਾਉਣ ਦੀ ਯੋਜਨਾ ਹੈ।
“100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ”
ਡਾ. ਨਿੱਜਰ ਮੁਤਾਬਕ ਲਗਭਗ 100 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਨਵੰਬਰ ਤੱਕ ਸੜਕਾਂ ਤੇ ਆ ਸਕਦੀਆਂ ਹਨ। ਇਸ ਲਈ ਵੇਰਕਾ ਵਿਖੇ ਮੌਜੂਦਾ ਪਾਰਕਿੰਗ ਸਹੂਲਤ ਤੋਂ ਇਲਾਵਾ ਮਾਲ ਮੰਡੀ ਵਿਖੇ ਕਰੀਬ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਪਾਰਕਿੰਗ ਤੇ ਚਾਰਜਿੰਗ ਸਟੇਸ਼ਨ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਅਗਲੇ ਮਹੀਨੇ ਤੱਕ ਮੁਕੰਮਲ ਕਰਨ ਦਾ ਟੀਚਾ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ
“ਪ੍ਰੋਜੈਕਟ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ”
ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ BRTS ਪ੍ਰੋਜੈਕਟ ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ, ਪਰ ਇਸ ਦਾ ਮਕਸਦ ਸ਼ਹਿਰ ਦੇ ਟ੍ਰੈਫਿਕ ਨੂੰ ਰਾਹਤ ਦੇਣਾ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਪਹਿਲਾਂ ਵੀ ਕਈ ਵਾਰ ਬੰਦ ਹੋਇਆ ਤੇ ਮੁੜ ਚਲਾਇਆ ਗਿਆ। ਉਨ੍ਹਾਂ ਮੁਤਾਬਕ ਹੁਣ ਕੋਰੀਡੋਰ ਹਟਾ ਕੇ ਸੜਕਾਂ ਨੂੰ ਖੁੱਲ੍ਹਾ ਕੀਤਾ ਜਾਵੇਗਾ। ਜਿੱਥੇ BRTS ਦਾ ਕੋਰੀਡੋਰ ਕਰੀਬ 30 ਫੁੱਟ ਜਗ੍ਹਾ ਘੇਰਦਾ ਹੈ, ਉੱਥੇ ਇਸ ਕਾਰਨ ਦੋਵੇਂ ਪਾਸਿਆਂ ਟ੍ਰੈਫਿਕ ਲਈ ਉਪਲਬਧ ਜਗ੍ਹਾ ਵੀ ਪ੍ਰਭਾਵਿਤ ਹੁੰਦੀ ਹੈ। ਕੋਰੀਡੋਰ ਹਟਣ ਤੋਂ ਬਾਅਦ ਸੜਕਾਂ ਤੇ ਟ੍ਰੈਫਿਕ ਦੀ ਆਵਾਜਾਈ ਹੋਰ ਸੁਚਾਰੂ ਹੋਣ ਦੀ ਉਮੀਦ ਹੈ।
ਮੇਅਰ ਨੇ ਕਿਹਾ ਕਿ ਨਵੀਂ ਇਲੈਕਟ੍ਰਿਕ ਬੱਸ ਸੇਵਾ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਬੱਸਾਂ ਦੇ ਸਟਾਪੇਜ ਪਹਿਲਾਂ ਦੇ ਮੁਕਾਬਲੇ ਵੱਧ ਹੋਣਗੇ। ਇਸ ਨਾਲ ਯਾਤਰੀਆਂ ਨੂੰ ਬੱਸ ਫੜਨ ਜਾਂ ਉਤਰਣ ਲਈ ਲੰਬੀ ਦੂਰੀ ਤੱਕ ਪੈਦਲ ਨਹੀਂ ਜਾਣਾ ਪਵੇਗਾ ਤੇ ਲੋਕਾਂ ਨੂੰ ਆਟੋ ਜਾਂ ਥ੍ਰੀ-ਵ੍ਹੀਲਰ ਤੇ ਨਿਰਭਰਤਾ ਵੀ ਘੱਟ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ BRTS ਦੀ ਬੱਸ ਸੇਵਾ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਰਿਹਾ, ਸਗੋਂ ਇਸ ਦਾ ਮਾਡਲ ਬਦਲਿਆ ਜਾ ਰਿਹਾ ਹੈ। ਕੋਰੀਡੋਰ, ਪਲੇਟਫਾਰਮ ਤੇ ਰੇਲਿੰਗ ਹਟਾ ਕੇ ਬੱਸਾਂ ਨੂੰ ਆਮ ਸੜਕਾਂ ਤੇ ਚਲਾਇਆ ਜਾਵੇਗਾ ਅਤੇ ਵੱਧ ਬੱਸ ਸਟਾਪ ਬਣਾਏ ਜਾਣਗੇ। ਇਸ ਨਾਲ ਇੱਕ ਪਾਸੇ ਸ਼ਹਿਰ ਦੀਆਂ ਸੜਕਾਂ ਤੇ ਟ੍ਰੈਫਿਕ ਲਈ ਵਧੇਰੇ ਜਗ੍ਹਾ ਮਿਲਣ ਅਤੇ ਦੂਜੇ ਪਾਸੇ ਲੋਕਾਂ ਨੂੰ ਸੁਵਿਧਾਜਨਕ ਪਬਲਿਕ ਟਰਾਂਸਪੋਰਟ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।
