ਸੰਸਦ ਦੇ ਸਪੈਸ਼ਲ ਸੈਸ਼ਨ ‘ਚ ਅੰਮ੍ਰਿਤਪਾਲ ਦੇ ਸ਼ਾਮਲ ਹੋਣ ਦੀ ਮੰਗ, ‘ਵਾਰਿਸ ਪੰਜਾਬ ਦੇ’ ਨੇ ਚੁੱਕੀ ਆਵਾਜ਼

Updated On: 

27 Nov 2026 13:24 PM IST

ਕੇਂਦਰ ਦੀ ਮੋਦੀ ਸਰਕਾਰ ਨੇ ਅਗਲੇ ਹਫ਼ਤੇ 30 ਨਵੰਬਰ ਤੋਂ 3 ਦਸੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਅਪੀਲ ਕੀਤੀ ਹੈ। ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਮੰਗ ਕੀਤੀ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਸੰਸਦ ਦੇ ਸਪੈਸ਼ਲ ਸੈਸ਼ਨ ਚ ਅੰਮ੍ਰਿਤਪਾਲ ਦੇ ਸ਼ਾਮਲ ਹੋਣ ਦੀ ਮੰਗ, ਵਾਰਿਸ ਪੰਜਾਬ ਦੇ ਨੇ ਚੁੱਕੀ ਆਵਾਜ਼

ਕੇਂਦਰ ਦੀ ਸਰਕਾਰ ਵੱਲੋਂ 30 ਨਵੰਬਰ ਨੂੰ ਲੋਕ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਜਿਸ ਨੂੰ ਲੈ ਕੇ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਮੰਗ ਕੀਤੀ ਹੈ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਪਾਰਟੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਸਦ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਅਪੀਲ ਕਰਨਗੇ।

ਅੰਮ੍ਰਿਤਪਾਲ ਨੂੰ ਪਹਿਲਾਂ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਤਿੰਨ ਘੰਟੇ ਦੀ ਹਿਰਾਸਤ ਪੈਰੋਲ ਮਿਲੀ ਸੀ। ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਹਨ ਅਤੇ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

30 ਨਵੰਬਰ ਤੋਂ 3 ਦਸੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ

ਮੋਦੀ ਸਰਕਾਰ ਨੇ ਅਗਲੇ ਹਫ਼ਤੇ 30 ਨਵੰਬਰ ਤੋਂ 3 ਦਸੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦੋਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜ਼ਰੂਰੀ ਸਰਕਾਰੀ ਕੰਮਕਾਜ ਨਿਪਟਾਉਣ ਲਈ ਲੋਕ ਸਭਾ ਦੀ ਕਾਰਵਾਈ ਸੋਮਵਾਰ (30 ਨਵੰਬਰ) ਤੋਂ ਅਤੇ ਰਾਜ ਸਭਾ ਦੀ ਕਾਰਵਾਈ ਬੁੱਧਵਾਰ (2 ਦਸੰਬਰ) ਤੋਂ ਮੁੜ ਸ਼ੁਰੂ ਕੀਤੀ ਜਾਵੇ।

ਸਰਕਾਰੀ ਕੰਮਕਾਜ ਦੀਆਂ ਲੋੜਾਂ ਨੂੰ ਦੇਖਦੇ ਹੋਏ ਦੋਵਾਂ ਸਦਨਾਂ ਦੀਆਂ ਬੈਠਕਾਂ 3 ਦਸੰਬਰ ਨੂੰ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਸਰਕਾਰ ਇਸ ਸੈਸ਼ਨ ਦੌਰਾਨ ਨਾਰੀ ਸ਼ਕਤੀ ਵੰਦਨ ਐਕਟ (ਮਹਿਲਾ ਰਾਖਵਾਂਕਰਨ ਬਿੱਲ) ਮੁੜ ਸੰਸਦ ਵਿੱਚ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਹੱਦਬੰਦੀ (ਡੀਲਿਮਿਟੇਸ਼ਨ) ਨਾਲ ਜੁੜਿਆ ਬਿੱਲ ਵੀ ਲਿਆਂਦਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਸਰਕਾਰ ਕੋਲ ਦੋਵਾਂ ਸਦਨਾਂ ਵਿੱਚ ਲੋੜੀਂਦਾ ਬਹੁਮਤ ਮੌਜੂਦ ਹੈ।

ਨਵਾਂ ਸੈਸ਼ਨ ਨਹੀਂ, ਮਾਨਸੂਨ ਸੈਸ਼ਨ ਦਾ ਹੀ ਹੋਵੇਗਾ ਵਿਸਥਾਰ

ਇਸ ਤੋਂ ਪਹਿਲਾਂ ਸੰਸਦ ਦਾ ਮਾਨਸੂਨ ਸੈਸ਼ਨ, ਜਿਸ ਨੂੰ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, 100 ਦਿਨਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਧਿਕਾਰਤ ਤੌਰ ਤੇ ਸਮਾਪਤ ਨਹੀਂ ਕੀਤਾ ਗਿਆ ਹੈ। ਇਸ ਤਕਨੀਕੀ ਕਾਰਨ ਕਰਕੇ ਆਗਾਮੀ ਸੈਸ਼ਨ ਦੀਆਂ ਪ੍ਰਸਤਾਵਿਤ ਬੈਠਕਾਂ ਨੂੰ ਕਿਸੇ ਨਵੇਂ ਸੈਸ਼ਨ ਦੀ ਸ਼ੁਰੂਆਤ ਨਹੀਂ, ਸਗੋਂ ਮਾਨਸੂਨ ਸੈਸ਼ਨ ਦਾ ਹੀ ਵਿਸਥਾਰ ਮੰਨਿਆ ਜਾਵੇਗਾ।

Loading...
Unable to load recommendations.
Follow Us