AAP ਸੰਸਦ ਮੈਂਬਰ ਅਤੇ ਵਿਧਾਇਕ ਵਿਚਾਲੇ ਤਕਰਾਰ, ਭੱਖੀ ਪੰਜਾਬ ਦੀ ਸਿਆਸਤ, ਜਾਣੋ ਕੀ ਹੈ ਪੂਰਾ ਮਾਮਲਾ?

Updated On: 

16 Oct 2023 18:46 PM

ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਆਪਸੀ ਰੰਜਿਸ਼ ਕਾਰਨ ਪੰਜਾਬ 'ਚ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਦੋਵਾਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ, ਦੂਜੇ ਪਾਸੇ ਪੰਜਾਬ ਸਰਕਾਰ 'ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਪੰਜਾਬ ਲਈ ਕੁਝ ਕੀਤਾ ਹੁੰਦਾ ਤਾਂ ਆਉਣ ਵਾਲੀ ਨਗਰ ਨਿਗਮ ਚੋਣਾਂ ਵਿੱਚ ਹੋਰ ਪਾਰਟੀਆਂ ਦੇ ਚਿਹਰੇ AAP ਵਿੱਚ ਸ਼ਾਮਲ ਨਾ ਕਰਨੇ ਪੈਂਦੇ।

AAP ਸੰਸਦ ਮੈਂਬਰ ਅਤੇ ਵਿਧਾਇਕ ਵਿਚਾਲੇ ਤਕਰਾਰ, ਭੱਖੀ ਪੰਜਾਬ ਦੀ ਸਿਆਸਤ, ਜਾਣੋ ਕੀ ਹੈ ਪੂਰਾ ਮਾਮਲਾ?

ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ

Follow Us On

ਪੰਜਾਬ ਨਿਊਜ਼। ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸ਼ੀਤਲ ਅੰਗੁਰਾਲ ਨੇ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰ ‘ਤੇ ਅਹੁਦੇ ਦੀ ਦੁਰਵਰਤੋਂ ਸਮੇਤ ਕਈ ਇਲਜ਼ਾਮ ਲਾਏ ਹਨ। ਇਨ੍ਹਾਂ ਦੋਵਾਂ ਦੀ ਆਪਸੀ ਰੰਜਿਸ਼ ਕਾਰਨ ਪੰਜਾਬ ‘ਚ ਸਿਆਸਤ ਗਰਮਾ ਗਈ ਹੈ। ਜਿੱਥੇ ਇੱਕ ਪਾਸੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ‘ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।

ਪਾਰਟੀ ਨੂੰ ਨੁਕਸਾਨ ਹੋਵੇਗਾ-ਮਨੋਰੰਜਨ ਕਾਲੀਆ

ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਦੱਸਿਆ ਕਿ 2022 ‘ਚ ਸ਼ੀਤਲ ਅੰਗੁਰਾਲ ਨੇ AAP ਦੀ ਟਿਕਟ ‘ਤੇ ਚੋਣ ਲੜੀ ਸੀ, ਜਿਸ ‘ਚ ਉਨ੍ਹਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ ਅਤੇ ਵਿਧਾਇਕ ਬਣਨ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਸਾਥੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ। ਫਿਰ ਜ਼ਿਮਨੀ ਚੋਣ ‘ਚ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਚੋਣ ਲੜ ਕੇ ਸਾਂਸਦ ਬਣੇ, ਹੁਣ ਉਹ ਉਸ ਤੋਂ ਬਦਲਾ ਲੈ ਰਹੇ ਹਨ। ਕਾਲੀਆ ਨੇ ਕਿਹਾ ਕਿ ਹੁਣ ਦੋਵਾਂ ‘ਚ ਤਕਰਾਰ ਹੈ, ਦੇਖਦੇ ਹਾਂ ਕਿ ਭਵਿੱਖ ‘ਚ ਕੀ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ੀਤਲ ਅੰਗੁਰਾਲ ਜਿਸ ਨੇ ਕੁਰਸੀ ਛੱਡਣ ਦੀ ਗੱਲ ਕਹੀ ਸੀ, ਉਹ ਅਸਤੀਫਾ ਦੇ ਕੇ ਕੁਰਸੀ ਛੱਡ ਦੇਵੇ, ਬਾਅਦ ਵਿੱਚ ਪਤਾ ਲੱਗੇਗਾ ਕਿ ਕੀ ਹੁੰਦਾ ਹੈ, ਇਸ ਵਿੱਚ ਪਾਰਟੀ ਨੂੰ ਨੁਕਸਾਨ ਹੋਵੇਗਾ ਕਿਸੇ ਹੋਰ ਨੂੰ ਨਹੀਂ।

ਮੁੱਖ ਮੰਤਰੀ ਕੀ ਐਕਸ਼ਨ ਲੈਣਗੇ- ਮਨੋਰੰਜਨ ਕਾਲੀਆ

ਕਾਲੀਆ ਨੇ ਕਿਹਾ ਕਿ ਪਾਰਟੀ ਦਾ ਕੋਈ ਸਮਾਗਮ ਨਹੀਂ ਹੋਵੇਗਾ ਪਰ ਜਲੰਧਰ ਵਿੱਚ ਆਤਿਸ਼ਬਾਜ਼ੀ ਹੋਵੇਗੀ ਅਤੇ ਦੀਵਾਲੀ ਨੇੜੇ ਹੈ ਤਾਂ ਧਮਾਕੇ ਹੋਣਗੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਸਭ ਤੋਂ ਵੱਧ ਅਪਰਾਧਿਕ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸ਼ੀਤਲ ਅੰਗੁਰਾਲ ਖ਼ਿਲਾਫ਼ ਕਈ ਕੇਸ ਦਰਜ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਕੀ ਕਰਦੇ ਹਨ।

ਲੋਕ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਦੇ- ਪਰਗਟ ਸਿੰਘ

ਜਲੰਧਰ ਕੈਂਟ ਹਲਕੇ ਦੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਜਲੰਧਰ ਦੇ ਲੋਕ ਇਨ੍ਹਾਂ ਦੋਵਾਂ ਬਾਰੇ ਪਹਿਲਾਂ ਹੀ ਜਾਣਦੇ ਹਨ ਅਤੇ ਹੁਣ ਹੋਰ ਵੀ ਇਨ੍ਹਾਂ ਦੀ ਅਸਲੀਅਤ ਤੋਂ ਜਾਣੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ‘ਤੇ ਕਈ ਕੇਸ ਦਰਜ ਹਨ ਅਤੇ ਜਦੋਂ ਪੈਸਾ ਅਤੇ ਤਾਕਤ ਆ ਜਾਂਦੀ ਹੈ। ਰਾਜਨੀਤੀ ਤਾਂ ਜਮਹੂਰੀਅਤ ਖਤਮ ਹੋ ਜਾਂਦੀ ਹੈ ਜੋ ਕਿ ਇਸ ਮਾਮਲੇ ਤੋਂ ਸਪੱਸ਼ਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਕਿਹਾ ਸੀ ਕਿ ਪਾਰਟੀ ਉਨ੍ਹਾਂ ਦੇ ਫੋਨ ਕਾਲ ਰਿਕਾਰਡ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਉਣ ਤੋਂ ਬਾਅਦ ਅੱਜ ਤੱਕ ਕੋਈ ਵੀ ਵਿਕਾਸ ਕੰਮ ਨਹੀਂ ਕੀਤਾ। ਜੇਕਰ ਇਸ ਨੇ ਕੀਤਾ ਹੈ ਤਾਂ ਇਸ ਨੇ ਪੰਜਾਬ ਦੀਆਂ ਸੜਕਾਂ ‘ਤੇ ਹੀ ਆਪਣੇ ਬੋਰਡ ਲਗਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਹੁੰਦਾ ਤਾਂ ਆਉਣ ਵਾਲੀ ਨਗਰ ਨਿਗਮ ਚੋਣਾਂ ਵਿੱਚ ਹੋਰ ਪਾਰਟੀਆਂ ਦੇ ਚਿਹਰੇ ਆਪਣੀ ਪਾਰਟੀ ਵਿੱਚ ਸ਼ਾਮਲ ਨਾ ਕਰਨੇ ਪੈਂਦੇ। ਉਹ ਨਿਗਮ ਚੋਣਾਂ ਵਿੱਚ ਆਪਣੇ ਵਰਕਰਾਂ ਨੂੰ ਮੌਕਾ ਦੇ ਸਕਦੇ ਸਨ।