ਪੰਜਾਬ ‘ਚ NRI ‘ਤੇ ਪੁਲਿਸ ਨੇ ਚਲਾਇਆ ਡੰਡਾ !, ਮੰਗੇ 10 ਲੱਖ ਰੁਪਏ; ਘਰ ਤੋਂ ਲੈ ਕੇ ਥਾਣੇ ਤੱਕ ਕੁੱਟਮਾਰ ਕਰਨ ਦੇ ਇਲਜ਼ਾਮ
ਇਟਲੀ ਦੇ ਨਾਗਰਿਕ ਨੇ ਪੰਜਾਬ ਪੁਲਿਸ 'ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਵਿੱਚ ਦਿੱਲੀ ਸਥਿਤ ਇਟਲੀ ਦੇ ਦੂਤਾਵਾਸ ਨੂੰ ਸ਼ਿਕਾਇਤ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਸ਼ਿਕਾਇਤ ਦੀ ਕਾਪੀ ਡੀਜੀਪੀ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਭੇਜੀ ਹੈ। ਪੜ੍ਹੋ ਕੀ ਹੈ ਪੂਰਾ ਮਾਮਲਾ...
ਹੁਸ਼ਿਆਰਪੁਰ ਨਿਊਜ਼। ਪੰਜਾਬ ਪੁਲਿਸ ‘ਤੇ ਹੁਣ ਇੱਕ NRI ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਾ ਹੈ। ਇਟਲੀ ਦੇ ਨਾਗਰਿਕ ਨੇ ਇਸ ਦੀ ਸ਼ਿਕਾਇਤ ਦਿੱਲੀ ਸਥਿਤ ਇਟਲੀ ਦੇ ਦੂਤਾਵਾਸ ਨੂੰ ਕੀਤੀ ਹੈ। ਸ਼ਿਕਾਇਤ ਦੀ ਕਾਪੀ ਡੀਜੀਪੀ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਭੇਜੀ ਗਈ ਹੈ। ਸ਼ਿਕਾਇਤ ਵਿੱਚ ਇਟਾਲੀਅਨ ਨਾਗਰਿਕ ਨੇ ਪੁਲਿਸ ਤੇ ਕੁੱਟਮਾਰ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਦੋਸ਼ ਲਾਏ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਹੁਸ਼ਿਆਰਪੁਰ ਦੇ ਪਿੰਡ ਮੇਗੋਵਾਲ ਗੰਜੀਆਂ ਦੀ ਹੈ। ਇਹ ਘਟਨਾ ਇਟਲੀ ਦੇ ਮਿਲਾਨ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਕਲੇਰ ਨਾਲ ਵਾਪਰੀ ਹੈ। ਨਵਜੋਤ ਸਿੰਘ ਨੇ ਦੱਸਿਆ ਕਿ ਉਹ ਡੇਢ ਸਾਲ ਤੋਂ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਰਹਿ ਰਿਹਾ ਸੀ। 28 ਸਤੰਬਰ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਰਿਸ਼ਤੇਦਾਰ ਪ੍ਰੀਤਪਾਲ ਸਿੰਘ ਦਾ ਫੋਨ ਆਇਆ ਕਿ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਅਣਖੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਲਦੀ ਘਰ ਪਹੁੰਚੋ, ਤਾਂ ਜੋ ਅਣਖੀ ਨੂੰ ਹਸਪਤਾਲ ਲਿਜਾਇਆ ਜਾ ਸਕੇ।
ਇਹ ਸੁਣ ਕੇ ਨਵਜੋਤ ਸਿੰਘ ਤੇਜ਼ੀ ਨਾਲ ਆਪਣਾ ਟਰੈਕਟਰ ਚਲਾ ਕੇ ਮੌਕੇ ‘ਤੇ ਪਹੁੰਚ ਗਿਆ ਅਤੇ ਫਿਰ ਘਰ ਆ ਗਿਆ। ਉਹ ਅਜੇ ਘਰ ਹੀ ਸੀ ਕਿ ਪੁਲਿਸ ਦੀਆਂ ਗੱਡੀਆਂ ਆ ਗਈਆਂ ਅਤੇ ਨਵਜੋਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਉਹ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਚੌਕ ਵੱਲ ਲੈ ਗਏ, ਜਿੱਥੇ ਸਾਬਕਾ ਸਰਪੰਚ ਨੂੰ ਗੋਲੀ ਮਾਰੀ ਸੀ।
ਪੁਲਿਸ ਤੇ 10 ਲੱਖ ਰੁਪਏ ਦੀ ਮੰਗ ਦਾ ਇਲਜ਼ਾਮ
ਨਵਜੋਤ ਸਿੰਘ ਨੇ ਦੋਸ਼ ਲਾਇਆ ਕਿ ਸਥਾਨਕ ਚੌਕੀ ਇੰਚਾਰਜ ਉਸ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵੱਲ ਲੈ ਗਏ। ਜਿੱਥੇ ਪੁਲਿਸ ਨੇ ਪਿਸਤੌਲ ਦੀ ਨੌਕ ‘ਤੇ 10 ਲੱਖ ਰੁਪਏ ਦੀ ਮੰਗ ਕੀਤੀ। ਉਦੋਂ ਹੀ ਪਿੰਡ ਦਾ ਬਲਜਿੰਦਰ ਸਿੰਘ ਉਥੇ ਆ ਗਿਆ। ਇਹ ਦੇਖ ਕੇ ਚੌਕੀ ਇੰਚਾਰਜ ਨੇ ਉਸ ਨੂੰ ਕਾਰ ਵਿਚ ਬਿਠਾ ਕੇ ਥਾਣੇ ਲਿਆਂਦਾ।
ਪੁਲਿਸ ਚੌਕੀ ‘ਚ ਕੀਤੀ ਕੁੱਟਮਾਰ
ਪੀੜਤ ਨੇ ਦੱਸਿਆ ਕਿ ਥਾਣੇ ਲਿਜਾ ਕੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਜੁੱਤੀਆਂ ਅਤੇ ਚੱਪਲਾਂ ਤੋਂ ਇਲਾਵਾ ਉਸ ‘ਤੇ ਡੰਡਿਆਂ ਅਤੇ ਰਾਈਫਲ ਦੇ ਬੱਟਾਂ ਨਾਲ ਹਮਲਾ ਕੀਤਾ ਗਿਆ। ਇਸ ਦੇ ਨਿਸ਼ਾਨ ਉਸ ਦੇ ਸਾਰੇ ਸਰੀਰ ‘ਤੇ ਮੌਜੂਦ ਹਨ। ਐਨਆਰਆਈ ਨਵਜੋਤ ਸਿੰਘ ਨੇ ਚੌਕੀ ਇੰਚਾਰਜ ਤੇ 2.50 ਲੱਖ ਰੁਪਏ ਦੇ ਕੇ ਆਪਣੀ ਜਾਨ ਬਚਾਉਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ
ਪੁਲਿਸ ਨੇ ਕੁੱਟਮਾਰ ਤੋਂ ਕੀਤਾ ਇਨਕਾਰ
ਥਾਣੇ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਮੈਡੀਕਲ ਕਰਵਾਇਆ। ਜਿੱਥੇ ਉਸ ਨਾਲ ਕੁੱਟਮਾਰ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਸਾਫ਼ ਹੈ ਕਿ ਪੁਲਿਸ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ।
ਜਦਕਿ ਪੁਲਿਸ ਨੇ ਨਵਜੋਤ ਸਿੰਘ ਨਾਲ ਕੁੱਟਮਾਰ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਪੱਖ ਇਹ ਹੈ ਕਿ ਉਸ ਦਿਨ ਪਿੰਡ ਵਿੱਚ ਗੋਲੀਬਾਰੀ ਹੋਈ ਸੀ। ਪੁਲਿਸ ਜਾਂਚ ਲਈ ਪਹੁੰਚੀ ਸੀ। ਇਹ ਵਿਅਕਤੀ ਨਵਜੋਤ ਸਿੰਘ ਬਹੁਤ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਿਹਾ ਸੀ ਅਤੇ ਉਸ ਨੇ ਪੁਲਿਸ ਦੀ ਕਾਰ ਨੂੰ ਵੀ ਟੱਕਰ ਮਾਰ ਦਿੱਤੀ। ਪਰ ਪੁਲਿਸ ਨੇ ਕੁੱਟਮਾਰ ਅਤੇ ਪੈਸੇ ਲੈਣ ਵਰਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।