ਮੁੱਖ ਮੰਤਰੀ ਅਤੇ ਰਾਜਪਾਲ ਦੀ ਆਪਸੀ ਖਿਚੋਤਾਣ ਪੰਜਾਬ ਲਈ ਖਤਰਨਾਕ! Punjabi news - TV9 Punjabi

ਮੁੱਖ ਮੰਤਰੀ ਅਤੇ ਰਾਜਪਾਲ ਦੀ ਆਪਸੀ ਖਿਚੋਤਾਣ ਪੰਜਾਬ ਲਈ ਖਤਰਨਾਕ!

Published: 

14 Feb 2023 13:35 PM

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਹਮੋ-ਸਾਹਮਣੇ ਹਨ। ਰਾਜਪਾਲ ਵੱਲੋਂ ਸੀਐੱਮ ਮਾਨ ਨੂੰ ਪੱਤਰ ਲਿੱਖ ਕੇ ਮੁੱਖ ਮੰਤਰੀ ਤੋਂ ਕਈ ਮਾਮਲਿਆਂ 'ਤੇ ਜਵਾਬ ਮੰਗੇ ਗਏ ਹਨ। ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਜਵਾਬਦੇਹ ਹਨ ਨਾ ਕਿ ਕੇਂਦਰ ਸਰਕਾਰ ਦੇ ਨਿਯੁਕਤ ਕੀਤੇ ਕਿਸੇ ਰਾਜਪਾਲ ਨੂੰ।

ਮੁੱਖ ਮੰਤਰੀ ਅਤੇ ਰਾਜਪਾਲ ਦੀ ਆਪਸੀ ਖਿਚੋਤਾਣ ਪੰਜਾਬ ਲਈ ਖਤਰਨਾਕ!
Follow Us On

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਕਾਰ ਰੋਜ਼ਾਨਾ ਕੋਈ ਨਾ ਕੋਈ ਨਵਾਂ ਵਿਵਾਦ ਪੈਦਾ ਹੋ ਰਿਹਾ ਹੈ। ਮੁੱਖ ਮੰਤਰੀ ਵੱਲੋਂ ਰਾਜਪਾਲ ਦੀਆਂ ਲਿਖੀਆਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਖਫਾ ਹੋਏ ਰਾਜਪਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਤੱਕ ਦੇ ਚੁੱਕੇ ਹਨ।

ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਤੇ ਪੰਜਾਬ ਦੇ ਰਾਜਪਾਲ ਸੰਵਿਧਾਨ ਦਾ ਵਾਸਤਾ ਦੇ ਕੇ ਕੋਈ ਨਾ ਕੋਈ ਸਵਾਲ ਖੜਾ ਕਰ ਦਿੰਦੇ ਹਨ। ਰਾਜਪਾਲ ਅਨੁਸਾਰ ਮੁੱਖ ਮੰਤਰੀ ਭਾਰਤੀ ਸੰਵਿਧਾਨ ਅਨੁਸਾਰ ਉਨ੍ਹਾਂ ਨੂੰ ਜਵਾਬਦੇਹ ਹੈ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਨੂੰ ਕਿਹਾ ਕਿ ਉਹ ਆਪਣੇ ਰਾਜ ਦੇ ਲੋਕਾਂ ਨੂੰ ਜਵਾਬਦੇਹ ਹਨ ਨਾ ਕਿ ਕੇਂਦਰ ਸਰਕਾਰ ਨੂੰ ਚੁਣੇ ਗਏ ਨੁਮਾਇੰਦੇ ਨੂੰ। ਰਾਜਨੀਤਕ ਮਹਿਰਾਂ ਅਨੁਸਾਰ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਪੈਦਾ ਹੋਇਆ ਤਨਾਅ ਪੰਜਾਬ ਦੇ ਲੋਕਾਂ ਲਈ ਕੋਈ ਪ੍ਰੇਸ਼ਾਨੀ ਖੜੀ ਕਰ ਸਕਦਾ ਹੈ।

ਵਿਧਾਨ ਸਭਾ ਸੈਸ਼ਨ ਤੋਂ ਹੋਈ ਸੀ ਹੰਗਾਮੇ ਦੀ ਸ਼ੁਰੂਆਤ

ਦੱਸ ਦੇਈਏ ਕਿ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਰੋਸੇ ਦਾ ਵੋਟ ਸਾਬਤ ਕਰਨ ਲਈ ਆਪ ਵੱਲੋਂ 22 ਸਤੰਬਰ ਨੂੰ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਦ ਕਰ ਦਿੱਤਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ 27 ਸਤੰਬਰ ਨੂੰ ਮੁੜ ਸੈਸ਼ਨ ਬੁਲਾਇਆ ਹੈ। ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਮੁੱਦਿਆਂ ਨੂੰ ਛੱਡ ਕੇ ਸਦਨ ਵਿੱਚ ਭਰੋਸੇ ਦਾ ਮਤਾ ਪਾਸ ਕੀਤਾ ਗਿਆ। ਉਦੋਂ ਤੋਂ ਹੀ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਤਣਾਅ ਬਰਕਰਾਰ ਹੈ। ਜਿਸ ਤੋਂ ਬਾਅਦ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨ ਦਾ ਪਾਠ ਪੜ੍ਹਾਉਣ ਲਈ ਸੰਵਿਧਾਨ ਦੀ ਧਾਰਾ-167, 168 ਦੀਆਂ ਧਾਰਾਵਾਂ ਭਗਵੰਤ ਮਾਨ ਨੂੰ ਪੜ੍ਹਨ ਲਈ ਭੇਜੀਆਂ ਸਨ। ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਰਾਜਪਾਲ ਅਤੇ ਸੀਐਮ ਦਾ ਕੰਮ ਕੀ ਹੈ।

ਰਾਜਪਾਲ ਨੇ ਗੁਰਿੰਦਰਜੀਤ ਜਵੰਦਾ ਦੀ ਨਿਯੁਕਤੀ ‘ਤੇ ਉੱਠੇ ਸਨ ਸਵਾਲ

ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਗੁਰਿੰਦਰਜੀਤ ਸਿੰਘ ਜਵੰਦਾ ਨੂੰ ਸੂਚਨਾ-ਸੰਚਾਰ ਅਤੇ ਤਕਨਾਲੋਜੀ ਨਿਗਮ (ਆਈ.ਸੀ.ਟੀ.ਸੀ.) ਦਾ ਚੇਅਰਮੈਨ ਨਿਯੁਕਤ ਤੇ ਵੀ ਰਾਜਪਾਲ ਤੇ ਮੁੱਖ ਮੰਤਰੀ ਆਹਮਣੇ ਸਾਹਮਣੇ ਹੋ ਚੁੱਕੇ ਹਨ। ਰਾਜਪਾਲ ਨੇ ਕਿਹਾ ਸੀ ਕਿ ਚੇਅਰਮੈਨ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਮੈਨੂੰ ਗੁਰਿੰਦਰਜੀਤ ਸਿੰਘ ਜਵੰਦਾ ਬਾਰੇ ਸ਼ਿਕਾਇਤਾਂ ਮਿਲੀਆਂ ਹਨ ਅਤੇ ਪਤਾ ਲੱਗਾ ਹੈ ਕਿ ਉਹ ਅਗਵਾ ਕਰਨ ਤੋਂ ਲੈ ਕੇ ਜਾਇਦਾਦਾਂ ਨੂੰ ਹੜੱਪਣ ਤੱਕ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਮੈਨੂੰ ਜਵੰਦਾ ਦੇ ਕੇਸ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ।

ਕੁਲਦੀਪ ਚਾਹਲ ਦੀ ਤਰੱਕੀ ‘ਤੇ ਵੀ ਚੁੱਕੇ ਸਵਾਲ

ਰਾਜਪਾਲ ਨੇ ਜਲੰਧਰ ‘ਚ ਤਾਇਨਾਤ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਨਿਯੁਕਤੀ ਅਤੇ ਤਰੱਕੀ ‘ਤੇ ਵੀ ਤਿੱਖੀ ਟਿੱਪਣੀ ਕੀਤੀ ਸੀ। ਰਾਜਪਾਲ ਨੇ ਲਿਖਿਆ ਸੀ ਕਿ ਉਨ੍ਹਾਂ ਨੇ ਆਈਪੀਐਸ ਕੁਲਦੀਪ ਚਾਹਲ ਬਾਰੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਪਰ ਭਗਵੰਤ ਮਾਨ ਨੇ ਉਨ੍ਹਾਂ ਦੀ ਚਿੱਠੀ ਨੂੰ ਰੱਦ ਕਰਦਿਆਂ ਕੁਲਦੀਪ ਚਾਹਲ ਨੂੰ ਨਾ ਸਿਰਫ਼ ਤਰੱਕੀ ਦਿੱਤੀ, ਸਗੋਂ 26 ਜਨਵਰੀ ਨੂੰ ਜਲੰਧਰ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਜਾਣਬੁੱਝ ਕੇ ਉਥੇ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਵੀ ਦੇ ਦਿੱਤੀ।

‘ਸਰਕਾਰੀ ਮੀਟਿੰਗ ‘ਚ ਕਿਵੇਂ ਬੈਠੇ ਨਵਲ ਅਗਰਵਾਲ’

ਰਾਜਪਾਲ ਨੇ ਮੁੱਖ ਮੰਤਰੀ ਨੂੰ ਸਵਾਲ ਪੁੱਛਿਆ ਸੀ ਕਿ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਮੀਟਿੰਗ ਚੱਲ ਰਹੀ ਗੁਪਤ ਮੀਟਿੰਗ ਜਿਸ ਵਿੱਚ ਸੂਬੇ ਦੇ ਸਮੂਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ, ਵਿੱਚ ਅਗਰਵਾਲ ਕਿਵੇਂ ਬੈਠੇ। ਰਾਜਪਾਲ ਨੇ ਕਿਹਾ ਕਿ ਇਹ ਮੀਟਿੰਗ ਵਿੱਚ ਸੁਰੱਖਿਆ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਤੇ ਕਿਸ ਨੇ ਉਸਨੂੰ ਇਸ ਮੀਟਿੰਗ ਵਿੱਚ ਬਿਠਾਇਆ? ਰਾਜਪਾਲ ਪਾਲ ਵੱਲੋਂ ਪੰਜਾਬ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਗਿਆ ਸੀ।

ਵੀਸੀ ਅਤੇ ਐਸਸੀ ਸਕਾਲਰਸ਼ਿਪ ‘ਤੇ ਨਹੀਂ ਮਿਲਿਆ ਜਵਾਬ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਬਹੁਤ ਸਾਰੇ ਬੱਚਿਆਂ ਨੂੰ ਅਨੁਸੂਚਿਤ ਜਾਤੀ ਦੀ ਸਕਾਲਰਸ਼ਿਪ ਨਾ ਮਿਲਣ ਕਾਰਨ ਆਪਣੀ ਪੜ੍ਹਾਈ ਛੱਡਣੀ ਪਈ। ਰਾਜਪਾਲ ਨੇ ਲਿਖਿਆ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਉਪ ਕੁਲਪਤੀ ਦੀ ਨਿਯੁਕਤੀ ਸੰਵਿਧਾਨ ਦੇ ਨਿਯਮਾਂ ਦੇ ਖ਼ਿਲਾਫ਼ ਹੈ। ਮੈਂ ਪ੍ਰਕਾਸ਼ਿਤ ਇਸ਼ਤਿਹਾਰਾਂ ਬਾਰੇ ਪੂਰੀ ਜਾਣਕਾਰੀ ਮੰਗੀ ਸੀ। ਪਰ ਮੇਰੀ ਉਹ ਚਿੱਠੀ ਵੀ ਠੰਡੇ ਬਸਤੇ ਵਿੱਚ ਪਾ ਦਿੱਤੀ ਗਈ ਸੀ। ਅਜੇ ਤੱਕ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਨੂੰ ਉਪ ਕੁਲਪਤੀ ਦੀ ਨਿਯੁਕਤੀ ਸਬੰਧੀ ਸਵਾਲ ਪੁੱਛੇ ਗਏ। ਪਰ ਮੁੱਖ ਮੰਤਰੀ ਨੇ ਕੋਈ ਜਵਾਬ ਨਹੀਂ ਦਿੱਤਾ।

ਰਾਸ਼ਟਰਪਤੀ ਦੇ ਪ੍ਰੋਗਰਾਮ ‘ਚ ਨਹੀਂ ਗਏ ਸੀ ਭਗਵੰਤ ਮਾਨ

ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਉਸ ਸਮੇਂ ਵੀ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਏਅਰਫੋਰਸ ਡੇ ‘ਤੇ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਏਅਰ ਸ਼ੋਅ ਹੋਇਆ। ਜਿਸ ਵਿੱਚ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਸ਼ਿਰਕਤ ਕੀਤੀ। ਪਰ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਵਿੱਚ ਗਾਇਬ ਰਹੇ। ਇਸ ਨੂੰ ਲੈ ਕੇ ਰਾਜਪਾਲ ਨੂੰ ਗੁੱਸਾ ਆ ਗਿਆ।

Exit mobile version