‘ਪੂਰਨ ਬਹੁਮਤ ਵਾਲੀ ਸਰਕਾਰ ਨੇ ਔਰਤਾਂ ਨੂੰ ਦਿੱਤਾ ਰਾਖਵਾਂਕਰਨ’, ਭਾਜਪਾ ਹੈੱਡਕੁਆਰਟਰ ‘ਚ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ, ਔਰਤਾਂ ਨੇ ਵਰ੍ਹਾਏ ਫੁੱਲ

Updated On: 

22 Sep 2023 12:12 PM

27 ਸਾਲਾਂ ਬਾਅਦ ਦੇਸ਼ ਵਿੱਚ ਇਤਿਹਾਸ ਰਚਿਆ ਗਿਆ ਹੈ। ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ। ਇਸ ਬਿੱਲ ਦੇ ਵਿਰੋਧ ਵਿਚ ਇਕ ਵੀ ਵੋਟ ਨਹੀਂ ਪਈ। ਬਿੱਲ ਪਾਸ ਹੋਣ ਤੋਂ ਬਾਅਦ ਪੀਐਮ ਮੋਦੀ ਨੇ ਫੇਸਬੁੱਕ 'ਤੇ ਮਹਿਲਾ ਸੰਸਦ ਮੈਂਬਰਾਂ ਨਾਲ ਫੋਟੋ ਸ਼ੇਅਰ ਕਰਕੇ ਸਾਰਿਆਂ ਦਾ ਧੰਨਵਾਦ ਕੀਤਾ। ਹੁਣ ਪੀਐਮ ਮੋਦੀ ਦਾ ਭਾਜਪਾ ਹੈੱਡਕੁਆਰਟਰ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ।

ਪੂਰਨ ਬਹੁਮਤ ਵਾਲੀ ਸਰਕਾਰ ਨੇ ਔਰਤਾਂ ਨੂੰ ਦਿੱਤਾ ਰਾਖਵਾਂਕਰਨ, ਭਾਜਪਾ ਹੈੱਡਕੁਆਰਟਰ ਚ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ, ਔਰਤਾਂ ਨੇ ਵਰ੍ਹਾਏ ਫੁੱਲ
Follow Us On

ਮਹਿਲਾ ਰਾਖਵਾਂਕਰਨ ਬਿੱਲ ਸੰਸਦ ਨੇ ਪਾਸ ਹੋ ਗਿਆਹੈ। ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਔਰਤਾਂ ‘ਚ ਖੁਸ਼ੀ ਦੀ ਲਹਿਰ ਹੈ। ਭਾਜਪਾ ਮਹਿਲਾ ਮੋਰਚਾ ਨੇ ਅੱਜ ਭਾਜਪਾ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਜਦੋਂ ਪੀਐਮ ਮੋਦੀ ਭਾਜਪਾ ਹੈੱਡਕੁਆਰਟਰ ਪਹੁੰਚੇ ਤਾਂ ਸੈਂਕੜੇ ਮਹਿਲਾ ਵਰਕਰਾਂ ਨੇ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ। ਪੀਐਮ ਮੋਦੀ ਦੇ ਨਾਲ, ਭਾਜਪਾ ਮੁਖੀ ਜੇਪੀ ਨੱਡਾ ਅਤੇ ਨਿਰਮਲਾ ਸੀਤਾਰਮਨ ਅਤੇ ਸਮ੍ਰਿਤੀ ਇਰਾਨੀ ਸਮੇਤ ਕਈ ਕੇਂਦਰੀ ਮੰਤਰੀ ਭਾਜਪਾ ਹੈੱਡਕੁਆਰਟਰ ਵਿੱਚ ਮੌਜੂਦ ਹਨ।

ਪੀਐਮ ਮੋਦੀ ਦੇ ਸਵਾਗਤ ਦੌਰਾਨ ਜਦੋਂ ਇੱਕ ਮਹਿਲਾ ਨੇਤਾ ਨੇ ਪੀਐਮ ਮੋਦੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਪੀਐਮ ਨੇ ਨਾਰਾਜ਼ਗੀ ਜਤਾਈ ਅਤੇ ਪਿੱਛੇ ਹਟ ਗਏ ਅਤੇ ਇਸ਼ਾਰਿਆਂ ਰਾਹੀਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਕੱਲ੍ਹ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਮਹਿਲਾ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਸ਼ਨ ਮਨਾਇਆ ਅਤੇ ਉਨ੍ਹਾਂ ਨੂੰ ਗੁਲਦਸਤਾ ਭੇਟ ਕੀਤਾ।

ਇਹ ਬਿੱਲ ਦੇਸ਼ ਦੀ ਤਕਦੀਰ ਨੂੰ ਬਦਲਣ ਵਾਲਾ – PM ਮੋਦੀ

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਬਿੱਲ ਪਾਸ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸੰਸਦ ‘ਚ ਦੋ ਦਿਨ ਇਤਿਹਾਸ ਬਣਦੇ ਦੇਖਿਆ। ਲੋਕਾਂ ਨੇ ਸਾਨੂੰ ਇਤਿਹਾਸ ਰਚਣ ਦਾ ਮੌਕਾ ਦਿੱਤਾ। ਕੁਝ ਫੈਸਲੇ ਦੇਸ਼ ਦੀ ਤਕਦੀਰ ਬਦਲਣ ਦੀ ਤਾਕਤ ਰੱਖਦੇ ਹਨ। ਆਉਣ ਵਾਲੇ ਸਾਲਾਂ ਵਿੱਚ ਇਸ ਫੈਸਲੇ ਦੀ ਹਰ ਪਾਸੇ ਚਰਚਾ ਹੋਵੇਗੀ। ਇਹ ਬਿੱਲ ਦੇਸ਼ ਦੀ ਤਕਦੀਰ ਨੂੰ ਬਦਲਣ ਵਾਲਾ ਹੈ।

ਸਾਡਾ ਜੋ ਸੰਕਲਪ ਸੀ, ਉਸਨੂੰ ਅਸੀਂ ਪੂਰਾ ਕੀਤਾ -ਪੀਐਮ ਮੋਦੀ

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇਹ ਬਿੱਲ ਮੋਦੀ ਦੁਆਰਾ ਦਿੱਤੀ ਗਈ ਗਰੰਟੀ ਦਾ ਸਬੂਤ ਹੈ। ਅੱਜ ਪੂਰੇ ਦੇਸ਼ ਦੀਆਂ ਮਾਵਾਂ ਭੈਣਾਂ ਆਸ਼ੀਰਵਾਦ ਦੇ ਰਹੀਆਂ ਹਨ। ਅਸੀਂ ਆਪਣਾ ਸੰਕਲਪ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਅੜਿੱਕੇ ਖੜ੍ਹੇ ਕਰਦੇ ਸਨ। ਤਿੰਨ ਦਹਾਕਿਆਂ ਤੋਂ ਔਰਤਾਂ ਦੀ ਭਾਗੀਦਾਰੀ ਲਈ ਯਤਨ ਕੀਤੇ ਜਾ ਰਹੇ ਸਨ, ਪਰ ਜੇਕਰ ਇਰਾਦੇ ਸਹੀ ਅਤੇ ਨਤੀਜੇ ਪਾਰਦਰਸ਼ੀ ਹੋਣ ਤਾਂ ਸਫਲਤਾ ਜ਼ਰੂਰ ਮਿਲਦੀ ਹੈ।

ਦੇਸ਼ ਦੀ ਨਾਰੀ ਸ਼ਕਤੀ ਨੂੰ ਖੁੱਲ੍ਹਾ ਅਸਮਾਨ ਦੇਣ ਦੀ ਕੋਸ਼ਿਸ਼ – ਪ੍ਰਧਾਨ ਮੰਤਰੀ ਮੋਦੀ

ਪੀਐਮ ਮੋਦੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪੁਰਸ਼ਾਂ ਅਤੇ ਔਰਤਾਂ ਦੇ ਅਨੁਪਾਤ ਵਿੱਚ ਸੁਧਾਰ ਹੋਇਆ ਹੈ। ਸਰਕਾਰ ਨੇ ਔਰਤਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ। ਅਸੀਂ ਧੀਆਂ ਲਈ ਕਰੋੜਾਂ ਪਖਾਨੇ ਬਣਾਏ। ਅਸੀਂ ਹਰ ਪਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਦੀ ਨਾਰੀ ਸ਼ਕਤੀ ਨੂੰ ਖੁੱਲ੍ਹਾ ਅਸਮਾਨ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਬਹੁਮਤ ਵਾਲੀ ਸਰਕਾਰ ਨੇ ਦੇਸ਼ ਦੀਆਂ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਹੈ। ਇਸ ਲਈ, ਕੀ ਔਰਤਾਂ ਦੀ ਪੂਜਾ ਨਹੀਂ ਕੀਤੀ ਜਾਣੀ ਚਾਹੀਦੀ?

ਨਾਰੀ ਸ਼ਕਤੀ ਵੰਦਨ ਐਕਟ ਲਈ ਦੇਸ਼ ਨੂੰ ਵਧਾਈ – ਪ੍ਰਧਾਨ ਮੰਤਰੀ ਮੋਦੀ

ਰਾਜ ਸਭਾ ‘ਚ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਪਾਸ ਹੋਣ ‘ਤੇ ਪੀਐੱਮ ਮੋਦੀ ਨੇ ਟਵੀਟ ਕੀਤਾ ਕਿ ਇਹ ਸਾਡੇ ਦੇਸ਼ ਦੀ ਲੋਕਤੰਤਰੀ ਯਾਤਰਾ ਦਾ ਫੈਸਲਾਕੁੰਨ ਪਲ ਹੈ। 140 ਕਰੋੜ ਭਾਰਤੀਆਂ ਨੂੰ ਵਧਾਈਆਂ। ਮੈਂ ਉਨ੍ਹਾਂ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਾਰੀ ਸ਼ਕਤੀ ਵੰਦਨ ਐਕਟ ਲਈ ਵੋਟ ਕੀਤਾ। ਅਜਿਹਾ ਸਰਬਸੰਮਤੀ ਵਾਲਾ ਸਮਰਥਨ ਸੱਚਮੁੱਚ ਹੀ ਦਿਲਕਸ਼ ਹੈ।

ਹੁਣ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਬਿੱਲ

ਦੱਸ ਦਈਏ ਕਿ ਰਾਜ ਸਭਾ ‘ਚ ਬਿੱਲ ਦੇ ਪੱਖ ‘ਚ 214 ਵੋਟਾਂ ਪਈਆਂ, ਜਦਕਿ ਬਿੱਲ ਦੇ ਖਿਲਾਫ ਇਕ ਵੀ ਵੋਟ ਨਹੀਂ ਪਈ। ਬਿੱਲ ਹੁਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਭੇਜਿਆ ਜਾਵੇਗਾ। ਉਨ੍ਹਾਂ ਦੀ ਮਨਜ਼ੂਰੀ ਮਿਲਦੇ ਹੀ ਇਸ ਨੂੰ ਕਾਨੂੰਨ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਰਾਜ ਸਭਾ ਅਤੇ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਅਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਸਮਾਪਤ ਹੋ ਗਿਆ।

Exit mobile version