Vinesh Phogat: ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੰਦੇ ਹੀ ਪੀਐਮ ਮੋਦੀ ਐਕਟਿਵ, ਸਿੱਧੇ ਪੈਰਿਸ ਲਗਾਇਆ ਫੋਨ

Updated On: 

07 Aug 2024 14:12 PM

PM Modi Reaction on Vinesh Phogat: ਪਹਿਲਵਾਨ ਵਿਨੇਸ਼ ਫੋਗਾਟ 50 ਕਿਲੋਗ੍ਰਾਮ ਦੇ ਫਾਈਨਲ ਵਿੱਚ ਪਹੁੰਚੀ ਸੀ, ਪਰ ਉਨ੍ਹਾਂ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਹੈ। ਨਿਰਧਾਰਿਤ ਵਜ਼ਨ ਤੋਂ ਵੱਧ ਪਾਏ ਜਾਣ 'ਤੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਵਿਨੇਸ਼ 'ਤੇ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਨੇਸ਼ ਤੁਸੀਂ ਇੱਕ ਚੈਂਪੀਅਨ ਹੋ। ਤੁਸੀਂ ਦੇਸ਼ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।

Vinesh Phogat: ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੰਦੇ ਹੀ ਪੀਐਮ ਮੋਦੀ ਐਕਟਿਵ, ਸਿੱਧੇ ਪੈਰਿਸ ਲਗਾਇਆ ਫੋਨ

ਵਿਨੇਸ਼ ਫੋਗਾਟ ਅਤੇ PM ਨਰੇਂਦਰ ਮੋਦੀ

Follow Us On

ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਦੇ ਫਾਈਨਲ ‘ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ। ਵਿਨੇਸ਼ 50 ਕਿਲੋਗ੍ਰਾਮ ਦੇ ਫਾਈਨਲ ‘ਚ ਪਹੁੰਚੀ ਸੀ ਪਰ ਉਨ੍ਹਾਂ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ। ਨਿਰਧਾਰਿਤ ਵਜ਼ਨ ਤੋਂ ਵੱਧ ਪਾਏ ਜਾਣ ‘ਤੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਖਿਲਾਫ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਕਟਿਵ ਹੋ ਗਏ ਹਨ। ਵਿਨੇਸ਼ ਫੋਗਾਟ ਦੀ ਤਾਰੀਫ ਦੇ ਨਾਲ-ਨਾਲ ਉਨ੍ਹਾਂ ਨੇ ਪੈਰਿਸ ਫੋਨ ਲਗਾਇਆ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਵਿਨੇਸ਼ ਤੁਸੀਂ ਇੱਕ ਚੈਂਪੀਅਨ ਹੋ। ਤੁਸੀਂ ਦੇਸ਼ ਦਾ ਮਾਣ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।

ਸੂਤਰਾਂ ਅਨੁਸਾਰ ਪੀਐਮ ਮੋਦੀ ਨੇ ਆਈਓਏ ਪ੍ਰਧਾਨ ਪੀਟੀ ਊਸ਼ਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਇਸ ਮੁੱਦੇ ‘ਤੇ ਭਾਰਤ ਕੋਲ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਨੇ ਵਿਨੇਸ਼ ਦੇ ਕੇਸ ਵਿੱਚ ਮਦਦ ਲਈ ਸਾਰੇ ਵਿਕਲਪਾਂ ਦੀ ਪੜਚੋਲ ਕਰਨ ਲਈ ਕਿਹਾ। ਉਨ੍ਹਾਂ ਨੇ ਪੀਟੀ ਊਸ਼ਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਇਸ ਨਾਲ ਵਿਨੇਸ਼ ਦੀ ਮਦਦ ਮਿਲਦੀ ਹੈ ਤਾਂ ਉਨ੍ਹਾਂ ਦੀ ਅਯੋਗਤਾ ਬਾਰੇ ਸਖ਼ਤ ਵਿਰੋਧ ਦਰਜ ਕਰਵਾਉਣ।

ਪੀਐਮ ਮੋਦੀ ਨੇ ਕੀਤੀ ਵਿਨੇਸ਼ ਦੀ ਤਾਰੀਫ਼

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਵਿਨੇਸ਼ ਫੋਗਾਟ ਦੀ ਤਾਰੀਫ਼ ਕੀਤੀ ਸੀ। ਉਨ੍ਹਾਂ ਨੇ ਕਿਹਾ, ਵਿਨੇਸ਼, ਤੁਸੀਂ ਚੈਂਪੀਅਨਾਂ ਵਿੱਚੋਂ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ। ਅੱਜ ਦਾ ਝਟਕਾ ਦੁੱਖ ਦਿੰਦਾ ਹੈ। ਕਾਸ਼ ਸ਼ਬਦ ਉਸ ਨਿਰਾਸ਼ਾ ਦੀ ਭਾਵਨਾ ਨੂੰ ਪ੍ਰਗਟ ਕਰ ਪਾਉਂਦੇ ਜੋ ਮੈਂ ਅਨੁਭਵ ਕਰ ਰਿਹਾ ਹਾਂ। ਚੁਣੌਤੀਆਂ ਦਾ ਦਲੇਰੀ ਨਾਲ ਸਾਹਮਣਾ ਕਰਨਾ ਹਮੇਸ਼ਾ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤੀ ਨਾਲ ਵਾਪਸ ਆਓ। ਅਸੀਂ ਸਾਰੇ ਤੁਹਾਡੇ ਹੱਕ ਵਿੱਚ ਹਾਂ।

ਕਰੋੜਾਂ ਭਾਰਤੀਆਂ ਦਾ ਦਿਲ ਟੁੱਟਾ – ਅਮਿਤ ਸ਼ਾਹ

ਵਿਨੇਸ਼ ਦੇ ਫਾਈਨਲ ਮੈਚ ਤੋਂ ਬਾਹਰ ਹੋਣ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਸ਼ੇਅਰ ਕਰ ਲਿੱਖਿਆ – ਵਿਨੇਸ਼ ਦੇ ਇਸ ਤਰ੍ਹਾਂ ਨਾਲ ਬਾਹਰ ਹੋਣ ਤੇ ਕਰੋੜਾਂ ਦੇਸ਼ ਵਾਸੀਆਂ ਦਾ ਦਿਲ ਟੁੱਟ ਗਿਆ ਹੈ। ਉਹ ਬਹੁਤ ਹੀ ਸ਼ਾਨਦਾਰ ਖਿਡਾਰੀ ਹਨ ਅਤੇ ਵਿਸ਼ਵ ਵਿਜੇਤਾ ਨੂੰ ਹਰਾਉਣ ਦਾ ਸਿਹਰਾ ਆਪਣੇ ਸਿਰ ਸਜਾ ਚੁੱਕੇ ਹਨ। ਮੈਨੂੰ ਉਮੀਦ ਹੈ ਕਿ ਅਜਿਹੀ ਮੰਦਭਾਗੀ ਘਟਨਾ ਉਨ੍ਹਾਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕੇਗੀ।

ਵਿਰੋਧੀ ਧਿਰ ਨੇ ਕੀ ਕਿਹਾ?

ਵਿਨੇਸ਼ ਦੀ ਅਯੋਗਤਾ ‘ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਵਿਨੇਸ਼ ਫੋਗਾਟ ਦੇ ਫਾਈਨਲ ‘ਚ ਨਾ ਖੇਡਣ ਦੀ ਚਰਚਾ ਦੇ ਤਕਨੀਕੀ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸੱਚਾਈ ਕੀ ਹੈ ਅਤੇ ਇਸ ਪਿੱਛੇ ਅਸਲ ਕਾਰਨ ਕੀ ਹੈ।

ਉੱਧਰ ‘ਆਪ’ ਐਮਪੀ ਸੰਜੇ ਸਿੰਘ ਨੇ ਕਿਹਾ ਕਿ ਇਹ ਵਿਨੇਸ਼ ਦਾ ਨਹੀਂ ਸਗੋਂ ਦੇਸ਼ ਦਾ ਅਪਮਾਨ ਹੈ। ਵਿਨੇਸ਼ ਪੂਰੀ ਦੁਨੀਆ ‘ਚ ਇਤਿਹਾਸ ਰਚਣ ਜਾ ਰਹੀ ਸੀ, ਉਨ੍ਹਾਂ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਦਿਖਾ ਕੇ ਅਯੋਗ ਕਰਾਰ ਦੇਣਾ ਸਰਾਸਰ ਬੇਇਨਸਾਫੀ ਹੈ। ਪੂਰਾ ਦੇਸ਼ ਵਿਨੇਸ਼ ਦੇ ਨਾਲ ਖੜ੍ਹਾ ਹੈ। ਭਾਰਤ ਸਰਕਾਰ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਜੇਕਰ ਗੱਲ ਨਾ ਮੰਨੀ ਗਈ ਤਾਂ ਓਲੰਪਿਕ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।

ਭਾਰਤੀ ਓਲੰਪਿਕ ਸੰਘ ਨੇ ਕਿਹਾ ਕਿ ਟੀਮ ਦੀਆਂ ਰਾਤ ਭਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਸਵੇਰੇ ਵਿਨੇਸ਼ ਦਾ ਭਾਰ ਕੁਝ ਗ੍ਰਾਮ 50 ਕਿਲੋ ਤੋਂ ਜ਼ਿਆਦਾ ਰਹਿ ਗਿਆ। ਫਿਲਹਾਲ ਟੀਮ ਵੱਲੋਂ ਕੋਈ ਹੋਰ ਟਿੱਪਣੀ ਨਹੀਂ ਕੀਤੀ ਜਾਵੇਗੀ। ਭਾਰਤੀ ਟੀਮ ਤੁਹਾਨੂੰ ਵਿਨੇਸ਼ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦੀ ਹੈ। ਉਹ ਮੌਜੂਦਾ ਮੁਕਾਬਲਿਆਂ ‘ਤੇ ਧਿਆਨ ਕੇਂਦਰਤ ਕਰਨਾ ਚਾਹੇਗਾ।