ਇੰਦਰਾ ਗਾਂਧੀ ਭਵਨ, 9ਏ, ਕੋਟਲਾ ਰੋਡ… ਦਿੱਲੀ ਵਿੱਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ, ਸੋਨੀਆ-ਖੜਗੇ-ਰਾਹੁਲ ਰਹੇ ਮੌਜੂਦ

Updated On: 

15 Jan 2025 11:43 AM

Congress New Headquarter: ਅੱਜ ਯਾਨੀ 15 ਜਨਵਰੀ ਨੂੰ, ਕਾਂਗਰਸ ਨੇ ਆਪਣੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕੀਤਾ ਹੈ। ਸੋਨੀਆ ਗਾਂਧੀ ਨੇ ਹੈੱਡਕੁਆਰਟਰ ਦਾ ਉਦਘਾਟਨ ਕੀਤਾ। ਇਸ ਦਫ਼ਤਰ ਦਾ ਨਾਮ 'ਇੰਦਰਾ ਭਵਨ' ਹੈ। ਪਰ ਦਫ਼ਤਰ ਦੇ ਬਾਹਰ ਕੁਝ ਵਰਕਰਾਂ ਨੇ 'ਸਰਦਾਰ ਮਨਮੋਹਨ ਸਿੰਘ ਭਵਨ' ਦੇ ਪੋਸਟਰ ਲਗਾ ਦਿੱਤੇ, ਜਿਸ ਨਾਲ ਇਸ ਦਫ਼ਤਰ ਦੇ ਨਾਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ।

ਇੰਦਰਾ ਗਾਂਧੀ ਭਵਨ, 9ਏ, ਕੋਟਲਾ ਰੋਡ... ਦਿੱਲੀ ਵਿੱਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ  ਦਾ ਉਦਘਾਟਨ, ਸੋਨੀਆ-ਖੜਗੇ-ਰਾਹੁਲ ਰਹੇ ਮੌਜੂਦ

ਦਿੱਲੀ 'ਚ ਕਾਂਗਰਸ ਦੇ ਨਵੇਂ ਮੁੱਖ ਦਫ਼ਤਰ ਦਾ ਉਦਘਾਟਨ

Follow Us On

ਕਾਂਗਰਸ ਨੇ ਅੱਜ ਆਪਣੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕੀਤਾ ਹੈ। ਸੋਨੀਆ ਗਾਂਧੀ ਨੇ ਇਸਦਾ ਉਦਘਾਟਨ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮੱਲਿਕਾਰਜੂ ਖੜਗੇ ਅਤੇ ਰਾਹੁਲ ਗਾਂਧੀ ਵੀ ਮੌਜੂਦ ਸਨ। ਕਾਂਗਰਸ ਦੇ ਨਵੇਂ ਮੁੱਖ ਦਫ਼ਤਰ ਦਾ ਪਤਾ ‘ਇੰਦਰਾ ਗਾਂਧੀ ਭਵਨ’ 9ਏ, ਕੋਟਲਾ ਰੋਡ ਹੈ। ਇਸ ਦਫ਼ਤਰ ਦਾ ਨਾਮ ‘ਇੰਦਰਾ ਭਵਨ’ ਰੱਖਿਆ ਗਿਆ ਹੈ, ਪਰ ਇਸ ਤੋਂ ਪਹਿਲਾਂ ਵੀ ਕੁਝ ਵਰਕਰਾਂ ਨੇ ਉੱਥੇ ‘ਸਰਦਾਰ ਮਨਮੋਹਨ ਸਿੰਘ ਭਵਨ’ ਦੇ ਪੋਸਟਰ ਲਗਾ ਦਿੱਤੇ ਸਨ। ਇਸ ਨਾਲ ਇਸ ਦਫ਼ਤਰ ਦੇ ਨਾਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ।

ਇਸ ‘ਤੇ ਕਾਂਗਰਸ ਨੇਤਾ ਅਨਿਲ ਸ਼ਾਸਤਰੀ ਨੇ ਕਿਹਾ ਕਿ 2009 ਵਿੱਚ, ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ, ਤਾਂ ਇਸ ਇਮਾਰਤ ਦਾ ਨਾਮ ਇੰਦਰਾ ਭਵਨ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਹ ਭਾਜਪਾ ਦੇ ਪ੍ਰਚਾਰ ਦੀ ਇੱਕ ਹੋਰ ਉਦਾਹਰਣ ਹੈ। ਇਸ ਤੋਂ ਇਲਾਵਾ, ਨਵੇਂ ਕਾਂਗਰਸ ਹੈੱਡਕੁਆਰਟਰ ਵਿੱਚ ਪ੍ਰਿਯੰਕਾ ਗਾਂਧੀ ਦੀ ਭੂਮਿਕਾ ‘ਤੇ ਰਾਜੀਵ ਸ਼ੁਕਲਾ ਨੇ ਕਿਹਾ ਕਿ ਸਭ ਕੁਝ ਪ੍ਰਿਯੰਕਾ ਜੀ ਨੇ ਤੈਅ ਕੀਤਾ ਹੈ, ਇਹ ਸਹੀ ਹੈ। ਉਨ੍ਹਾਂ ਨੇ ਇਸ ਦਫ਼ਤਰ ਦੀ ਹਰ ਚੀਜ ਨੂੰ ਅੰਤਿਮ ਰੂਪ ਦਿੱਤਾ ਹੈ। ਗਾਂਧੀ ਪਰਿਵਾਰ ਦੇ ਵਿਰੋਧੀ ਅਤੇ ਕਾਂਗਰਸ ਛੱਡ ਚੁੱਕੇ ਗੁਲਾਮ ਨਬੀ ਆਜ਼ਾਦ ਵਰਗੇ ਆਗੂਆਂ ਦੀ ਇਮਾਰਤ ਵਿੱਚ ਲੱਗੀ ਤਸਵੀਰ ਬਾਰੇ ਉਨ੍ਹਾਂ ਕਿਹਾ ਕਿ ਹਾਂ, ਇਹ ਸਹੀ ਹੈ। ਅਸੀਂ ਇਮਾਰਤ ਵਿੱਚ ਫੋਟੋਆਂ ਰਾਹੀਂ ਕਾਂਗਰਸ ਦੇ ਇਤਿਹਾਸ ਨੂੰ ਦਰਸਾਇਆ ਹੈ। ਅਸੀਂ ਛੋਟੇ ਦਿਲ ਨਾਲ ਕੰਮ ਨਹੀਂ ਕਰਦੇ।

ਕਾਂਗਰਸ ਦਾ ਨਵਾਂ ਦਫ਼ਤਰ ਦਿੱਲੀ ਵਿੱਚ ਭਾਜਪਾ ਮੁੱਖ ਦਫ਼ਤਰ ਤੋਂ ਲਗਭਗ 500 ਮੀਟਰ ਦੀ ਦੂਰੀ ‘ਤੇ ਹੈ। ਇਸਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ 2009 ਵਿੱਚ ਰੱਖਿਆ ਸੀ। ਅੱਜ, 15 ਸਾਲਾਂ ਬਾਅਦ, ਇਹ ਇਮਾਰਤ ਤਿਆਰ ਹੈ।

ਪੁਰਾਣੇ ਦਫ਼ਤਰ ਨੇ 4 ਪੀਐਮ ਤੇ 24 ਸਾਲ ਤੱਕ ਸੱਤਾ ਦਿੱਤੀ – ਰਣਜੀਤ ਰੰਜਨ

ਕਾਂਗਰਸ ਦੇ ਨਵੇਂ ਮੁੱਖ ਦਫ਼ਤਰ ਬਾਰੇ, ਕਾਂਗਰਸ ਸੰਸਦ ਮੈਂਬਰ ਰਣਜੀਤ ਰੰਜਨ ਨੇ ਕਿਹਾ ਕਿ 24 ਅਕਬਰ ਰੋਡ ਦਫ਼ਤਰ ਇਤਿਹਾਸਕ ਸੀ ਅਤੇ ਇਤਿਹਾਸਕ ਰਹੇਗਾ। ਇਸ ਦਫ਼ਤਰ ਨੇ ਸਾਨੂੰ 4 ਪ੍ਰਧਾਨ ਮੰਤਰੀ ਦਿੱਤੇ, ਅਸੀਂ 24 ਸਾਲ ਸੱਤਾ ਵਿੱਚ ਅਤੇ 22 ਸਾਲ ਵਿਰੋਧੀ ਧਿਰ ਵਿੱਚ ਰਹੇ ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਦੇਸ਼ ਦੋਵਾਂ ਨੂੰ ਉਸ ਦਫ਼ਤਰ ਤੋਂ ਬਹੁਤ ਕੁਝ ਮਿਲਿਆ ਹੈ। ਅਸੀਂ ਇਸ ਨਵੇਂ ਮੁੱਖ ਦਫ਼ਤਰ ‘ਇੰਦਰਾ ਭਵਨ’ ਵਿੱਚ ਬਹੁਤ ਉਤਸ਼ਾਹ ਨਾਲ ਜਾ ਰਹੇ ਹਾਂ।

ਤਸਵੀਰਾਂ ਰਾਹੀਂ ਦਿਖੇਗਾ ਕਾਂਗਰਸ ਦਾ ਇਤਿਹਾਸ

ਪੂਰੀ ਇਮਾਰਤ ਵਿੱਚ ਤਸਵੀਰਾਂ ਰਾਹੀਂ ਕਾਂਗਰਸ ਦੇ ਇਤਿਹਾਸ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਤਸਵੀਰਾਂ ਵਿੱਚ, ਗਾਂਧੀ ਪਰਿਵਾਰ ਨਾਲ ਮਤਭੇਦ ਰੱਖਣ ਵਾਲੇ ਆਗੂਆਂ ਅਤੇ ਕਾਂਗਰਸ ਛੱਡਣ ਵਾਲਿਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਨਰਸਿਮਹਾ ਰਾਓ, ਸੀਤਾਰਾਮ ਕੇਸਰੀ, ਪ੍ਰਣਬ ਮੁਖਰਜੀ ਅਤੇ ਗੁਲਾਮ ਨਬੀ ਆਜ਼ਾਦ ਵਰਗੇ ਆਗੂ ਵੀ ਸ਼ਾਮਲ ਹਨ।