Jammu Kashmir: ਬਾਰਾਮੂਲਾ ‘ਚ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ, 72 ਘੰਟਿਆਂ ‘ਚ ਤਿੰਨ ਦਹਿਸ਼ਤਗਰਦ ਢੇਰ, ਤਲਾਸ਼ੀ ਮੁਹਿੰਮ ਜਾਰੀ

Updated On: 

06 May 2023 07:59 AM

ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ 'ਚ ਸੁਰੱਖਿਆ ਬਲਾਂ ਦਾ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਇਆ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।

Follow Us On

Jammu Kashmir: ਰਾਜੌਰੀ ਤੋਂ ਬਾਅਦ ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਕਰਹਾਮਾ ਕੁੰਜਰ ਇਲਾਕੇ ‘ਚ ਸੁਰੱਖਿਆ ਬਲਾਂ ਦਾ ਦਹਿਸ਼ਤਗਰਦਾਂ ਨਾਲ ਮੁਕਾਬਲਾ ਹੋਇਆ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਬਾਰਾਮੂਲਾ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਰਾਜੌਰੀ ਦੇ ਕੰਢੀ ਇਲਾਕੇ ਵਿੱਚ ਇੱਕ ਅਪਰੇਸ਼ਨ ਦੌਰਾਨ ਪੰਜ ਜਵਾਨ ਸ਼ਹੀਦ ਹੋ ਗਏ। ਇਸ ਮੁਕਾਬਲੇ ‘ਚ ਸੁਰੱਖਿਆ ਬਲਾਂ ਨੇ ਦੋ ਦਹਿਸ਼ਤਗਰਦਾਂ (Terrorist ) ਨੂੰ ਮਾਰ ਦਿੱਤਾ।

ਦੱਸ ਦੇਈਏ ਕਿ ਰਾਜੌਰੀ ਵਿੱਚ ਮੁਕਾਬਲੇ ਦੌਰਾਨ ਆਈਡੀ ਬਲਾਸਟ ਵਿੱਚ ਹਿਮਾਚਲ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਚਾਰ ਜ਼ਖ਼ਮੀਆਂ ਨੂੰ ਹੈਲੀਕਾਪਟਰ ਰਾਹੀਂ ਊਧਮਪੁਰ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੌਰਾਨ ਤਿੰਨ ਹੋਰ ਜਵਾਨ ਸ਼ਹੀਦ ਹੋ ਗਏ। ਉਥੇ ਇੱਕ ਮੇਜਰ ਦਾ ਇਲਾਜ ਚੱਲ ਰਿਹਾ ਹੈ।

ਜੰਮੂ-ਕਸ਼ਮੀਰ ‘ਚ 96 ਘੰਟਿਆਂ ‘ਚ ਚੌਥਾ ਮੁਕਾਬਲਾ

ਦਰਅਸਲ, ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਕਰਹਾਮਾ ਕੁੰਜਰ ਇਲਾਕੇ ਵਿੱਚ ਸ਼ਨੀਵਾਰ ਤੜਕੇ ਇੱਕ ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (Search Operation) ਸ਼ੁਰੂ ਕਰਨ ਤੋਂ ਬਾਅਦ ਕੁੰਜਰ ਖੇਤਰ ਵਿੱਚ ਮੁਕਾਬਲਾ ਸ਼ੁਰੂ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਸੁਰੱਖਿਆ ਬਲ ਸ਼ੱਕੀ ਸਥਾਨ ਵੱਲ ਵਧੇ ਤਾਂ ਲੁਕੇ ਹੋਏ ਦਹਿਸ਼ਤਗਰਦਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਦਹਿਸ਼ਤਗਰਦ ਮਾਰਿਆ ਗਿਆ, ਜਿਸ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। 3 ਮਈ ਨੂੰ ਮਾਛਿਲ ਦਹਿਸ਼ਤਗਰਦ ਵਿਰੋਧੀ ਮੁਹਿੰਮ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਪਿਛਲੇ 96 ਘੰਟਿਆਂ ‘ਚ ਇਹ ਚੌਥਾ ਮੁਕਾਬਲਾ ਹੈ।

ਰਾਜੌਰੀ ਵਿੱਚ ਪੰਜ ਜਵਾਨ ਸ਼ਹੀਦ

ਦੱਸ ਦਈਏ ਕਿ ਰਾਜੌਰੀ ਦੇ ਕੰਢੀ ਖੇਤਰ ਵਿੱਚ ਇੱਕ ਅਪਰੇਸ਼ਨ ਦੌਰਾਨ ਸ਼ਹੀਦ ਹੋਏ ਪੰਜ ਜਵਾਨਾਂ ਵਿੱਚੋਂ ਇੱਕ ਜੰਮੂ-ਕਸ਼ਮੀਰ (Jammu Kashmir), ਦੋ ਹਿਮਾਚਲ, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੇ ਹਨ। ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ‘ਚ ਪਿੰਡ ਚੱਕ ਕਿਰਪਾਲ ਪੁਰ (ਦਲਪਤ) ਦਾ ਰਹਿਣ ਵਾਲਾ ਨੀਲਮ ਸਿੰਘ ਸ਼ਹੀਦ ਹੋ ਗਏ ਹਨ। ਪੁੱਤਰ ਦੀ ਸ਼ਹਾਦਤ ਦੀ ਸੂਚਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸ਼ਹੀਦ ਨੀਲਮ ਸਿੰਘ ਫੌਜ ਦੇ ਨੌਂ ਪੈਰਾ ਕਮਾਂਡੋਜ਼ ਵਿੱਚ ਤਾਇਨਾਤ ਸਨ।

ਨੀਲਮ ਸਿੰਘ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਬੇਟੀ ਪਵਨਾ ਦੇਵੀ ਅਤੇ ਪੁੱਤਰ ਅਖਿਲ ਸਿੰਘ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਦੋ ਜਵਾਨ ਵੀ ਮੁਕਾਬਲੇ ਵਿੱਚ ਸ਼ਹੀਦ ਹੋਏ ਹਨ। ਇਨ੍ਹਾਂ ਜਵਾਨਾਂ ਦੀ ਪਛਾਣ ਅਰਵਿੰਦ ਕੁਮਾਰ (33) ਅਤੇ ਪ੍ਰਮੋਦ ਨੇਗੀ (26) ਵਜੋਂ ਹੋਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version