ਪਹਿਲਵਾਨਾਂ ਦੀ ਧਰਨਾ ਦੂਜੇ ਦਿਨ ਵੀ ਜਾਰੀ, ਵਿਚੋਲਗੀ ਲਈ ਪਹੁੰਚੀ ਬਬੀਤਾ ਫੋਗਾਟ
ਦੂਜੇ ਦਿਨ ਵੀ ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ। ਸਿਆਸੀ ਰੋਟੀਆਂ ਸੇਕਣ ਲਈ ਪਹੁੰਚੀ ਨੇਤਾ ਬਰਿੰਦਾ ਕਰਾਤ ਨੂੰ ਪਹਿਲਵਾਨਾਂ ਨੇ ਮੰਚ ਤੋਂ ਲਾਇਆ।
ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਪਹਿਲਵਾਨਾਂ ਨੇ ਵੀਰਵਾਰ ਨੂੰ ਦੂਜੇ ਦਿਨ ਵੀ ਭਾਰਤੀ ਕੁਸ਼ਤੀ ਮਹਾਸੰਘ ਦੇ ਖਿਲਾਫ ਧਰਨਾ ਜਾਰੀ ਰੱਖਿਆ। ਇਸ ਦੌਰਾਨ ਪਹਿਲਵਾਨ ਬਬੀਤਾ ਫੋਗਾਟ ਸਰਕਾਰ ਦੀ ਤਰਫੋਂ ਖਿਡਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੀ ਅਤੇ ਜਲਦੀ ਹੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸੀਪੀਆਈ (ਐਮ) ਨੇ ਇਸ ਧਰਨੇ ਨੂੰ ਸਿਆਸੀ ਰੰਗ ਦੇਣ ਦੀ ਵੀ ਕੋਸ਼ਿਸ਼ ਕੀਤੀ।
ਰੈਸਲਿੰਗ ਫਾਊਂਡੇਸ਼ਨ ਦੇ ਦੋਸ਼, ਲੋਕਾਂ ਦਾ ਮਿਲਿਆ ਸਾਥ
ਪਹਿਲਵਾਨ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨ ਅੱਜ ਦੂਜੇ ਦਿਨ ਵੀ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਨਜਰ ਆਏ। ਇਨ੍ਹਾਂ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜੰਤਰ-ਮੰਤਰ ‘ਤੇ ਕੱਲ੍ਹ ਦੇ ਧਰਨੇ ਤੋਂ ਬਾਅਦ ਅੱਜ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਸਮਰਥਨ ‘ਚ ਇਕੱਠੇ ਹੋ ਗਏ। ਇਸ ਦੌਰਾਨ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ ਕਿ ਉਹ ਆਪਣੇ ਹੱਕਾਂ ਲਈ ਲੜਨ ਆਏ ਹਨ। ਇਸ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਨੇ ਦੋਸ਼ ਲਾਇਆ ਕਿ ਹਰਿਆਣਾ ਦੀ ਨਵੀਂ ਬਣੀ ਰੈਸਲਿੰਗ ਫਾਊਂਡੇਸ਼ਨ ਵਿੱਚ ਬ੍ਰਿਜਭੂਸ਼ਣ ਸ਼ਰਨ ਵਰਗੇ ਲੋਕ ਹੀ ਲਏ ਜਾ ਰਹੇ ਹਨ।
ਵਿਚੋਲਗੀ ਲਈ ਪਹੁੰਚੀ ਬਬੀਤਾ ਫੋਗਾਟ
ਇਸ ਦੌਰਾਨ ਭਾਜਪਾ ਨੇਤਾ ਅਤੇ ਪਹਿਲਵਾਨ ਬਬੀਤਾ ਫੋਗਾਟ ਸਰਕਾਰ ਦੀ ਤਰਫੋਂ ਵਿਚੋਲਗੀ ਲਈ ਜੰਤਰ-ਮੰਤਰ ਪਹੁੰਚੀ। ਗੱਲਬਾਤ ਤੋਂ ਬਾਅਦ ਬਬੀਤਾ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਉਹ ਅੱਜ ਹੀ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਬਬੀਤਾ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਇਹ ਖਿਡਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਕੇਂਦਰੀ ਯੁਵਾ ਤੇ ਖੇਡ ਮੰਤਰਾਲੇ ਸ਼ਾਸਤਰੀ ਭਵਨ ਚੱਲੇ ਗਏ।
ਧਰਨੇ ਤੇ ਸਿਆਸੀ ਰੰਗਤ ਚੜ੍ਹਾਉਣ ਦੀ ਕੋਸ਼ਿਸ਼ ਨਾਕਾਮ
ਪਹਿਲਵਾਨਾਂ ਦੇ ਧਰਨੇ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਸੀਪੀਆਈ (ਐਮ) ਦੀ ਨੇਤਾ ਬਰਿੰਦਾ ਕਰਾਤ ਵੀ ਉੱਥੇ ਪਹੁੰਚ ਗਈ ਅਤੇ ਸਟੇਜ ਤੇ ਚੜ੍ਹ ਕੇ ਸਰਕਾਰ ਖਿਲਾਫ ਆਵਾਜ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪਹਿਲਵਾਨਾਂ ਨੇ ਉਨ੍ਹਾਂ ਨੂੰ ਸਟੇਜ ਤੋਂ ਉਤਰਨ ਦੀ ਅਪੀਲ ਕੀਤੀ। ਪਹਿਲਵਾਨਾਂ ਨੇ ਕਿਹਾ ਕਿ ਉਹ ਇਸ ਨੂੰ ਸਿਆਸੀ ਮੰਚ ਨਹੀਂ ਬਣਾਉਣਾ ਚਾਹੁੰਦੇ।