‘ਸੁਪਨੇ ਵਿੱਚ ਵੀ ਅਜਿਹਾ ਨਹੀਂ ਕਰ ਸਕਦਾ’ … ਸਿੱਖ ਵਿਰੋਧੀ ਦੰਗਿਆਂ ਵਿੱਚ ਜਨਕਪੁਰੀ ਨਾਲ ਜੁੜੇ ਮਾਮਲੇ ਵਿੱਚ ਸੱਜਣ ਕੁਮਾਰ ਨੇ ਖੁਦ ਨੂੰ ਦੱਸਿਆ ਬੇਕਸੂਰ

jitendra-bhati
Updated On: 

07 Jul 2025 14:31 PM

1984 ANTI SIKH RIOTS CASE: ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ, ਅਦਾਲਤ ਨੇ ਐਸਆਈਟੀ ਦੁਆਰਾ ਸੱਜਣ ਕੁਮਾਰ ਵਿਰੁੱਧ ਲਗਾਈ ਗਈ ਕਤਲ ਦੀ ਧਾਰਾ 302 ਨੂੰ ਹਟਾਉਣ ਦਾ ਹੁਕਮ ਦਿੱਤਾ ਸੀ। ਸੱਜਣ ਕੁਮਾਰ ਪਹਿਲਾਂ ਤੋਂ ਦੋ ਸਿੱਖਾਂ ਦੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਸੁਪਨੇ ਵਿੱਚ ਵੀ ਅਜਿਹਾ ਨਹੀਂ ਕਰ ਸਕਦਾ ... ਸਿੱਖ ਵਿਰੋਧੀ ਦੰਗਿਆਂ ਵਿੱਚ ਜਨਕਪੁਰੀ ਨਾਲ ਜੁੜੇ ਮਾਮਲੇ ਵਿੱਚ ਸੱਜਣ ਕੁਮਾਰ ਨੇ ਖੁਦ ਨੂੰ ਦੱਸਿਆ ਬੇਕਸੂਰ

ਸੱਜਣ ਕੁਮਾਰ ਨੇ ਖੁਦ ਨੂੰ ਦੱਸਿਆ ਬੇਕਸੂਰ

Follow Us On

ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਜਨਕਪੁਰੀ ਵਿਕਾਸਪੁਰੀ ਹਿੰਸਾ ਮਾਮਲੇ ਦੇ ਆਰੋਪੀ ਸੱਜਣ ਕੁਮਾਰ ਨੇ ਰਾਊਜ਼ ਐਵੇਨਿਊ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਵਿਸ਼ੇਸ਼ ਜੱਜ ਦਿਗਵਿਜੇ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਕਰਨ ਦਾ ਹੁਕਮ ਦਿੱਤਾ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਸੱਜਣ ਕੁਮਾਰ ਦਾ ਬਿਆਨ ਦਰਜ ਕੀਤਾ। ਇਸ ਦੌਰਾਨ ਸੱਜਣ ਕੁਮਾਰ ਨੇ ਆਪਣੇ ਆਪ ਨੂੰ ਬੇਕਸੂਰ ਐਲਾਨਦਿਆਂ ਕਿਹਾ ਕਿ ਮੈਂ ਬੇਕਸੂਰ ਹਾਂ ਅਤੇ ਮੈਂ ਕਦੇ ਵੀ ਇਸ ਅਪਰਾਧ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਆਪਣੇ ਸੁਪਨਿਆਂ ਵਿੱਚ ਵੀ ਇਸ ਅਪਰਾਧ ਵਿੱਚ ਸ਼ਾਮਲ ਨਹੀਂ ਹੋ ਸਕਦਾ ਅਤੇ ਮੇਰੇ ਵਿਰੁੱਧ ਕੋਈ ਸਬੂਤ ਨਹੀਂ ਹੈ।

ਦਰਅਸਲ, 9 ਨਵੰਬਰ, 2023 ਨੂੰ ਇਸ ਮਾਮਲੇ ਦੀ ਪੀੜਤ ਮਨਜੀਤ ਕੌਰ ਨੇ ਆਪਣਾ ਬਿਆਨ ਦਰਜ ਕਰਵਾਇਆ ਸੀ। ਬਿਆਨ ਵਿੱਚ ਮਨਜੀਤ ਕੌਰ ਨੇ ਕਿਹਾ ਸੀ ਕਿ ਮੈਂ ਭੀੜ ਦੇ ਲੋਕਾਂ ਤੋਂ ਸੁਣਿਆ ਸੀ ਕਿ ਸੱਜਣ ਕੁਮਾਰ ਭੀੜ ਵਿੱਚ ਸ਼ਾਮਲ ਸਨ, ਪਰ ਮੈਂ ਸੱਜਣ ਕੁਮਾਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਸੀ। ਇਸ ਤੋਂ ਪਹਿਲਾਂ 23 ਅਗਸਤ, 2023 ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਆਰੋਪ ਤੈਅ ਕੀਤੇ ਸਨ।

ਕੀ ਹੈ ਪੂਰਾ ਮਾਮਲਾ?

ਮਾਮਲਾ ਜਨਕਪੁਰੀ ਦਾ ਹੈ। ਦਰਅਸਲ, 1984 ਦੇ ਸਿੱਖ ਦੰਗਿਆਂ ਦੌਰਾਨ, 1 ਨਵੰਬਰ, 1984 ਨੂੰ ਜਨਕਪੁਰੀ ਵਿੱਚ ਦੋ ਸਿੱਖ ਸੋਹਣ ਸਿੰਘ ਅਤੇ ਉਨ੍ਹਾਂ ਦੇ ਜਵਾਈ ਅਵਤਾਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜਦੋਂ ਕਿ ਵਿਕਾਸਪੁਰੀ ਥਾਣੇ ਦੇ ਖੇਤਰ ਵਿੱਚ ਗੁਰਚਰਨ ਸਿੰਘ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ, ਐਸਆਈਟੀ ਨੇ 2015 ਵਿੱਚ ਕੇਸ ਦਰਜ ਕੀਤਾ ਸੀ ਅਤੇ ਜਾਂਚ ਸ਼ੁਰੂ ਕੀਤੀ ਸੀ। ਇਸ ਦੇ ਲਈ ਮਈ 2018 ਵਿੱਚ ਸੱਜਣ ਕੁਮਾਰ ਦਾ ਪੌਲੀਗ੍ਰਾਫ ਟੈਸਟ ਵੀ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 25 ਫਰਵਰੀ ਨੂੰ ਅਦਾਲਤ ਨੇ ਸਰਸਵਤੀ ਵਿਹਾਰ ਨਾਲ ਸਬੰਧਤ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਕੋਰਟ ਨੇ ਫਰਵਰੀ ਚ ਸੁਣਾਈ ਸੀ ਉਮਰ ਕੈਦ ਦੀ ਸਜ਼ਾ

ਬੀਤੀ 25 ਫਰਵਰੀ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਦੇ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਇਸਤੋਂ ਪਹਿਲਾਂ, ਰਾਊਜ਼ ਐਵੇਨਿਊ ਕੋਰਟ ਨੇ 12 ਫਰਵਰੀ ਨੂੰ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਇਹ ਮਾਮਲਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਸਿੱਖ ਨਾਗਰਿਕਾਂ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਸੀ। ਇਸ ਦੌਰਾਨ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ ਸੀ।