Image Credit Source: Social Media
ਰਾਜਸਥਾਨ ਵਿਧਾਨ ਸਭਾ ‘ਚ ਸਰਕਾਰ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਤੀਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਦੌਰਾਨ ਭਾਸ਼ਣ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬਜਟ ਲੀਕ ਕੀਤਾ ਅਤੇ ਮੁੱਖ ਮੰਤਰੀ ਨੇ ਬਜਟ ਦੀਆਂ ਪੁਰਾਣੀਆਂ ਲਾਈਨਾਂ ਪੜ੍ਹੀਆਂ। ਦੂਜੇ ਪਾਸੇ ਭਾਰੀ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵੈੱਲ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਆਗੂ ਵਸੁੰਧਰਾ ਰਾਜੇ ਨੇ ਦੋਸ਼ ਲਾਇਆ ਕਿ ਸੀਐਮ 8 ਮਿੰਟ ਤੱਕ ਪੁਰਾਣਾ ਬਜਟ ਪੜ੍ਹਦੇ ਰਹੇ, ਇਹ ਕਿਹੋ ਜਿਹਾ ਰਾਜ ਹੈ, ਇਹ ਸੂਰਾਜ ਨਹੀਂ ਸਗੋਂ ਕੁਰਾਜ ਹੈ। ਇੱਧਰ, ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਰਾਜਸਥਾਨ ਵਿੱਚ ਪੇਪਰ ਤੋਂ ਬਾਅਦ ਹੁਣ ਬਜਟ ਵੀ ਲੀਕ ਹੋ ਗਿਆ ਹੈ।
ਇੱਥੇ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਨੂੰ ਦੇਖਦੇ ਹੋਏ ਸਪੀਕਰ ਸੀਪੀ ਜੋਸ਼ੀ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ।
ਗਹਿਲੋਤ ਨੇ ਪੜ੍ਹਿਆ ਪੁਰਾਣਾ ਬਜਟ : ਵਿਰੋਧੀ ਧਿਰ
ਦੱਸ ਦਈਏ ਕਿ ਜਿਵੇਂ ਹੀ ਮੁੱਖ ਮੰਤਰੀ ਨੇ ਆਪਣਾ ਬਜਟ ਭਾਸ਼ਣ ਸ਼ੁਰੂ ਕਰਦਿਆਂ ਹੀ ਕਿਹਾ ਕਿ ਜੇਕਰ ਕਰਮ ‘ਚ ਸਚਾਈ ਹੈ ਤਾਂ ਕਰਮ ਸਫਲ ਹੋਵੇਗਾ, ਹਰ ਸੰਕਟ ਦਾ ਹੱਲ ਹੋਵੇਗਾ, ਅੱਜ ਨਹੀਂ ਤਾਂ ਕੱਲ੍ਹ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਬਜਟ ਐਲਾਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ।
ਇੱਧਰ ਭਾਜਪਾ ਵਿਧਾਇਕ ਪ੍ਰਤਾਪ ਸਿੰਘ ਸਿੰਘਵੀ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੁਰਾਣਾ ਬਜਟ ਪੜ੍ਹਿਆ ਹੈ ਅਤੇ ਮੁੱਖ ਮੰਤਰੀ ਜੋ ਬ੍ਰੀਫਕੇਸ ਲੈ ਕੇ ਆਏ ਸਨ, ਉਸ ਵਿੱਚ ਪੁਰਾਣਾ ਬਜਟ ਸੀ ਅਤੇ ਉਸ ਤੋਂ ਬਾਅਦ ਨਵੀਂ ਕਾਪੀ ਬਾਅਦ ਵਿੱਚ ਸਦਨ ਵਿੱਚ ਲਿਆਂਦੀ ਗਈ।
ਸਿੰਘਵੀ ਨੇ ਕਿਹਾ ਕਿ ਸੀਐਮ ਨੂੰ ਅੱਧ ਵਿਚਾਲੇ ਰੋਕਿਆ ਗਿਆ, ਇਸ ਤੋਂ ਸਾਫ਼ ਹੈ ਕਿ ਬਜਟ ਲੀਕ ਹੋਇਆ ਹੈ ਅਤੇ ਭਾਜਪਾ ਚਾਹੁੰਦੀ ਹੈ ਕਿ ਮੁੱਖ ਮੰਤਰੀ ਬਜਟ ਨੂੰ ਦੁਬਾਰਾ ਸਦਨ ਵਿੱਚ ਲਿਆਉਣ।
ਆਖਿਰ ਕੀ ਹੋਇਆ ਵਿਧਾਨ ਸਭਾ ਵਿੱਚ ?
ਦਰਅਸਲ, ਰਾਜਸਥਾਨ ਵਿਧਾਨ ਸਭਾ ਵਿੱਚ ਬਜਟ ਭਾਸ਼ਣ ਦੌਰਾਨ ਸੀਐਮ ਅਸ਼ੋਕ ਗਹਿਲੋਤ ਅਚਾਨਕ ਅਟਕ ਗਏ। ਪਤਾ ਲੱਗਾ ਹੈ ਕਿ ਗਹਿਲੋਤ ਨੇ ਸਵੇਰੇ 11 ਵਜੇ ਬਜਟ ਭਾਸ਼ਣ ਪੜ੍ਹਨਾ ਸ਼ੁਰੂ ਕੀਤਾ ਅਤੇ ਕੁਝ ਦੇਰ ਬਾਅਦ ਉਹ ਬਜਟ ਪੜ੍ਹਦੇ -ਪੜ੍ਹਦੇ ਅਟਕ ਗਏ। ਬਜਟ ‘ਚ 125 ਦਿਨਾਂ ਦੀ ਸ਼ਹਿਰੀ ਰੋਜ਼ਗਾਰ ਗਾਰੰਟੀ ਯੋਜਨਾ ਦੀ ਜਾਣਕਾਰੀ ਆਉਂਦੇ ਹੀ ਗਹਿਲੋਤ ਨੂੰ ਗਲਤੀ ਦਾ ਅਹਿਸਾਸ ਹੋਇਆ।
ਇਸ ਦੌਰਾਨ ਮੰਤਰੀ ਮਹੇਸ਼ ਜੋਸ਼ੀ ਨੇ ਸੀਐੱਮ ਦੇ ਕੋਲ ਜਾ ਕੇ ਇਹ ਗਲਤੀ ਦੱਸੀ ਅਤੇ ਇਸ ਤੇ ਸੀਐੱਮ ਨੇ ਮੁਆਫੀ ਮੰਗਦਿਆਂ ਕਿਹਾ ਕਿ ਗਲਤੀ ਹੋ ਜਾਂਦੀ ਹੈ। ਉੱਧਰ ਵਿਰੋਧੀ ਧਿਰ ਨੇ ਸਵਾਲ ਪੁੱਛਿਆ ਕਿ ਬਜਟ ਦੇ ਪੇਪਰ ਚ ਪੁਰਾਣੇ ਬਜਟ ਦੇ ਕਾਗਜ ਕਿਵੇਂ ਆ ਗਏ। ਬੀਜੇਪੀ ਆਗੂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੀਐੱਮ ਨੇ ਪੁਰਾਣਾ ਬਜਟ ਭਾਸ਼ਣ ਪੜ੍ਹਿਆ ਹੈ।