ਪੰਜਾਬ ‘ਤੇ 3.74 ਲੱਖ ਕਰੋੜ ਦਾ ਕਰਜ਼ਾ, ਸੰਸਦ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਮੁੱਦਾ

tv9-punjabi
Updated On: 

26 Mar 2025 04:15 AM

ਰਾਜ ਸਭਾ ਮੈਂਬਰ ਸੇਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ 'ਤੇ ਅਧਾਰਤ ਹੈ। ਸੂਬੇ ਨੇ ਹਮੇਸ਼ਾ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਿਆ ਰੱਖਿਆ ਹੈ, ਪਰ ਅੱਜ ਇਹ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਪੰਜਾਬ ਤੇ 3.74 ਲੱਖ ਕਰੋੜ ਦਾ ਕਰਜ਼ਾ, ਸੰਸਦ ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੁੱਕਿਆ ਮੁੱਦਾ

ਪੁਰਾਣੀ ਤਸਵੀਰ

Follow Us On

Sant Balbir Singh Seechewal: ਪੰਜਾਬ ਵਿੱਚ ਗੰਭੀਰ ਆਰਥਿਕ ਸੰਕਟ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਉਠਾਇਆ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਿਰ ਇਸ ਵੇਲੇ 3 ਲੱਖ 74 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।

ਰਾਜ ਸਭਾ ਮੈਂਬਰ ਸੇਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀਬਾੜੀ ‘ਤੇ ਅਧਾਰਤ ਹੈ। ਸੂਬੇ ਨੇ ਹਮੇਸ਼ਾ ਦੇਸ਼ ਦੇ ਅਨਾਜ ਭੰਡਾਰਾਂ ਨੂੰ ਭਰਿਆ ਰੱਖਿਆ ਹੈ, ਪਰ ਅੱਜ ਇਹ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਕਰਜ਼ਾ ਉਸ ਸਮੇਂ ਤੋਂ ਵਧਣਾ ਸ਼ੁਰੂ ਹੋ ਗਿਆ ਸੀ ਜਦੋਂ ਸੂਬੇ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਉਸ ਸਮੇਂ ਰਾਜ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਲੜ ਰਿਹਾ ਸੀ। ਸੁਰੱਖਿਆ ਬਲਾਂ ਦੀ ਤਾਇਨਾਤੀ ਦਾ ਖਰਚਾ ਪੰਜਾਬ ‘ਤੇ ਪਾਇਆ ਗਿਆ।

ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ। ਲੋਕ ਸਭਾ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਅਨੁਸਾਰ, ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਨਾਈਟ੍ਰੇਟ ਦੀ ਮਾਤਰਾ ਵਧੀ ਹੈ। ਇਹ ਫ਼ਸਲਾਂ ਲਈ ਨੁਕਸਾਨਦੇਹ ਹੈ। ਇਸ ਤੋਂ ਇਲਾਵਾ, 12 ਜ਼ਿਲ੍ਹਿਆਂ ਵਿੱਚ ਆਰਸੈਨਿਕ ਦੀ ਮਾਤਰਾ ਵਧੀ ਹੈ। ਇਸ ਕਾਰਨ ਚਮੜੀ ਦੇ ਰੋਗਾਂ ਅਤੇ ਕੈਂਸਰ ਦਾ ਖ਼ਤਰਾ ਵੱਧ ਰਿਹਾ ਹੈ। ਦਰਿਆਵਾਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਖੇਤੀਬਾੜੀ ਖੇਤਰ ਦੇ ਸੰਕਟ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੂੰ ਪੰਜਾਬ ਦੇ ਕਰਜ਼ੇ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜੋ 16 ਲੱਖ ਕਰੋੜ ਰੁਪਏ ਦੇ ਕਾਰਪੋਰੇਟ ਕਰਜ਼ੇ ਨਾਲ ਕੀਤਾ ਗਿਆ ਸੀ।

‘ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਕੀਤੀ ਜਾਣੀ ਚਾਹੀਦੀ’

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਜੋ ਦੇਸ਼ ਦੀ ਢਾਲ ਹਨ ਅਤੇ ਦਿਨ ਰਾਤ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਕੋਲ ਇੰਨੀ ਆਮਦਨ ਨਹੀਂ ਹੈ। ਸੰਤ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਹਰ ਖੇਤਰ ਨੇ ਵਿਕਾਸ ਦੀਆਂ ਸਿਖਰਾਂ ਨੂੰ ਛੂਹਿਆ, ਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਾਲਤ ਲਗਾਤਾਰ ਵਿਗੜਦੀ ਗਈ। ਸੰਤ ਸੀਚੇਵਾਲ ਨੇ ਸਦਨ ਵਿੱਚ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਦਦ ਕੀਤੀ ਜਾਵੇ। ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਲਏ ਗਏ ਹਰ ਤਰ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਜੇਕਰ ਕਿਸਾਨ ਬਚਣਗੇ, ਤਾਂ ਹੀ ਉਨ੍ਹਾਂ ‘ਤੇ ਨਿਰਭਰ ਮਜ਼ਦੂਰ ਅਤੇ ਦੇਸ਼ ਬਚੇਗਾ।