ਕਰਨਲ ਸੋਫੀਆ ਕੁਰੈਸ਼ੀ ‘ਤੇ ਬਿਆਨ ਦੇ ਕੇ ਮੁਸੀਬਤ ਵਿੱਚ ਫਸੇ ਮੰਤਰੀ ਵਿਜੇ ਸ਼ਾਹ, ਹਾਈ ਕੋਰਟ ਨੇ ਦਿੱਤਾ FIR ਦਰਜ ਕਰਨ ਦਾ ਹੁਕਮ
ਮੱਧ ਪ੍ਰਦੇਸ਼ ਦੇ ਕਬਾਇਲੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕਰਨਲ ਸੋਫੀਆ ਕੁਰੈਸ਼ੀ ਬਾਰੇ ਵਿਵਾਦਪੂਰਨ ਬਿਆਨ ਦੇਣ ਲਈ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ, ਮੱਧ ਪ੍ਰਦੇਸ਼ ਹਾਈ ਕੋਰਟ ਨੇ ਖੁਦ ਨੋਟਿਸ ਲਿਆ ਅਤੇ ਡੀਜੀਪੀ ਨੂੰ ਵਿਜੇ ਸ਼ਾਹ ਵਿਰੁੱਧ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਚਾਰ ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕੀਤੀ ਜਾਵੇ।
ਕਰਨਲ ਸੋਫੀਆ 'ਤੇ ਬਿਆਨ ਤੇ ਮੁਸ਼ਕਲ 'ਚ ਮੰਤਰੀ
ਮੱਧ ਪ੍ਰਦੇਸ਼ ਦੇ ਕਬਾਇਲੀ ਮਾਮਲਿਆਂ ਦੇ ਮੰਤਰੀ ਵਿਜੇ ਸ਼ਾਹ ਕਰਨਲ ਸੋਫੀਆ ਕੁਰੈਸ਼ੀ ‘ਤੇ ਬਿਆਨ ਦੇ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ, ਮੱਧ ਪ੍ਰਦੇਸ਼ ਹਾਈ ਕੋਰਟ ਨੇ ਉਨ੍ਹਾਂ ਦੇ ਬਿਆਨ ਦਾ ਖੁਦ ਨੋਟਿਸ ਲਿਆ ਹੈ। ਅਦਾਲਤ ਨੇ ਮੱਧ ਪ੍ਰਦੇਸ਼ ਦੇ ਡੀਜੀਪੀ ਨੂੰ ਵਿਜੇ ਸ਼ਾਹ ਖ਼ਿਲਾਫ਼ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਦੇ ਜਸਟਿਸ ਅਤੁਲ ਸ਼੍ਰੀਧਰ ਦੀ ਡਿਵੀਜ਼ਨ ਬੈਂਚ ਨੇ ਹੁਕਮ ਦਿੱਤਾ ਹੈ ਕਿ ਮੰਤਰੀ ਵਿਰੁੱਧ ਚਾਰ ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕੀਤੀ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਸਵੇਰੇ ਹੋਵੇਗੀ। ਐਫਆਈਆਰ ਹਰ ਹਾਲਤ ਵਿੱਚ ਦਰਜ ਹੋਣੀ ਚਾਹੀਦੀ ਹੈ। ਅਦਾਲਤ ਨੇ ਇਸ ਸਬੰਧ ਵਿੱਚ ਐਡਵੋਕੇਟ ਜਨਰਲ ਪ੍ਰਸ਼ਾਂਤ ਸਿੰਘ ਨੂੰ ਨਿਰਦੇਸ਼ ਦਿੱਤੇ ਹਨ।
ਮੁਆਫ਼ੀ ਮੰਗ ਚੁੱਕੇ ਹਨ ਵਿਜੇ ਸ਼ਾਹ
ਮੰਤਰੀ ਵਿਜੇ ਸ਼ਾਹ ਨੇ ਕਰਨਲ ਸੋਫੀਆ ਕੁਰੈਸ਼ੀ ਬਾਰੇ ਦਿੱਤੇ ਵਿਵਾਦਪੂਰਨ ਬਿਆਨ ਲਈ ਭਾਵੇਂ ਮੁਆਫ਼ੀ ਮੰਗ ਲਈ ਹੋਵੇ, ਪਰ ਹੰਗਾਮਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਾਂਗਰਸ ਇਸ ਮੁੱਦੇ ‘ਤੇ ਤਿੱਖਾ ਵਿਰੋਧ ਕਰ ਰਹੀ ਹੈ। ਜੀਤੂ ਪਟਵਾਰੀ ਸਮੇਤ ਕਈ ਕਾਂਗਰਸੀ ਆਗੂ ਅਤੇ ਵਰਕਰ ਸ਼ਿਆਮਲਾ ਹਿਲਜ਼ ਥਾਣੇ ਪਹੁੰਚੇ। ਕਾਂਗਰਸ ਨੇ ਕਿਹਾ ਕਿ ਵਿਜੇ ਸ਼ਾਹ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਕਾਂਗਰਸ ਕਰ ਰਹੀ ਹੈ ਅਸਤੀਫ਼ੇ ਦੀ ਮੰਗ
ਜੀਤੂ ਪਟਵਾਰੀ ਪੁਲਿਸ ਅਧਿਕਾਰੀਆਂ ਨੂੰ ਪੁੱਛਦੇ ਰਹੇ ਕਿ ਕੀ ਉਨ੍ਹਾਂ ਨੂੰ ਮੰਤਰੀ ਦੇ ਬਿਆਨ ਤੋਂ ਬੁਰਾ ਲੱਗਿਆ ਜਾਂ ਨਹੀਂ? ਅਸੀਂ ਵੀ ਇੱਕ ਆਮ ਆਦਮੀ ਵਾਂਗ ਆਏ ਹਾਂ। ਕੀ ਪੁਲਿਸ ਖੁਦ ਐਫਆਈਆਰ ਦਰਜ ਨਹੀਂ ਕਰ ਸਕਦੀ? ਆਖ਼ਰਕਾਰ ਤਿੰਨ ਘੰਟਿਆਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕੀਤੀ। ਦੂਜੇ ਪਾਸੇ, ਕਾਂਗਰਸ ਵੀ ਕੱਲ੍ਹ ਸੂਬੇ ਦੇ ਸਾਰੇ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਏਗੀ। ਜੀਤੂ ਪਟਵਾਰੀ ਨੇ ਕਿਹਾ ਹੈ ਕਿ ਅਸੀਂ ਸੀਐਮ ਮੋਹਨ ਯਾਦਵ ਨੂੰ ਵੀ ਇੱਕ ਪੱਤਰ ਲਿਖਿਆ ਹੈ। ਮੰਤਰੀ ਵਿਜੇ ਸ਼ਾਹ ਨੇ ਫੌਜ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੂੰ ਇੱਕ ਮਿੰਟ ਲਈ ਵੀ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਵਿਜੇ ਸ਼ਾਹ ਨੂੰ ਦਿੱਤੀ ਗਈ ਚੇਤਾਵਨੀ : ਭਾਜਪਾ
ਕਰਨਲ ਸੋਫੀਆ ਕੁਰੈਸ਼ੀ ‘ਤੇ ਮੰਤਰੀ ਦੇ ਵਿਵਾਦਪੂਰਨ ਬਿਆਨ ਬਾਰੇ, ਭਾਜਪਾ ਦੇ ਸੂਬਾ ਪ੍ਰਧਾਨ ਵੀਡੀ ਸ਼ਰਮਾ ਦਾ ਕਹਿਣਾ ਹੈ ਕਿ ਭਾਜਪਾ ਲੀਡਰਸ਼ਿਪ ਸੰਵੇਦਨਸ਼ੀਲ ਹੈ। ਇਸ ਮਾਮਲੇ ਵਿੱਚ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਚੇਤਾਵਨੀ ਵੀ ਦਿੱਤੀ ਗਈ ਹੈ। ਭਾਜਪਾ ਅਜਿਹੇ ਬਿਆਨਾਂ ਦੀ ਇਜਾਜ਼ਤ ਨਹੀਂ ਦਿੰਦੀ। ਕਾਂਗਰਸ ਕੀ ਕਰਦੀ ਹੈ ਅਤੇ ਕੀ ਕਹਿੰਦੀ ਹੈ? ਮੈਨੂੰ ਇਸ ਬਾਰੇ ਬੋਲਣ ਦੀ ਲੋੜ ਨਹੀਂ ਹੈ। ਕਰਨਲ ਸੋਫੀਆ ਪੂਰੇ ਦੇਸ਼ ਦੀ ਧੀ ਹੈ।
ਵਿਜੇ ਸ਼ਾਹ ਦਾ ਬਿਆਨ ਅਤੇ ਮੁਆਫ਼ੀਨਾਮਾ
ਮੰਤਰੀ ਵਿਜੇ ਸ਼ਾਹ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ਜਿਨ੍ਹਾਂ ਲੋਕਾਂ ਨੇ ਸਾਡੀਆਂ ਧੀਆਂ ਦੇ ਸਿੰਦੂਰ ਉਜਾੜੇ ਸਨ, ਉਨ੍ਹਾਂ ਕੱਟੇ-ਫਟੇ ਲੋਕਾਂ ਨੂੰ ਅਸੀਂ ਉਨ੍ਹਾਂ ਦੀ ਭੈਣ ਭੇਜ ਕੇ ਉਨ੍ਹਾਂ ਦੀ ਐਸੀ ਤੈਸੀ ਕਰ ਦਿੱਤੀ। ਜਿਵੇਂ ਹੀ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਨਿਕਲੇ,ਹਰ ਪਾਸੇ ਘਮਸਾਣ ਮੱਚ ਗਿਆ ਅਤੇ ਮੰਤਰੀ ਬੈਕਫੁੱਟ ਤੇ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, ਕਰਨਲ ਸੋਫੀਆ ਸੱਕੀ ਭੈਣ ਨਾਲੋਂ ਵੀ ਵੱਧ ਸਤਿਕਾਰਯੋਗ ਹਨ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਮੈਂ 10 ਵਾਰ ਮੁਆਫੀ ਮੰਗਣ ਲਈ ਤਿਆਰ ਹਾਂ।