ਲਾਰੈਂਸ ਗੈਂਗ ਦੇ ਗੈਂਗਸਟਰ ਲਖਵਿੰਦਰ ਕੁਮਾਰ ਨੂੰ ਲਿਆਂਦਾ ਗਿਆ ਭਾਰਤ, ਅਮਰੀਕਾ ਤੋਂ ਡਿਪੋਰਟ

Updated On: 

26 Oct 2025 09:21 AM IST

ਸੀਬੀਆਈ ਅੰਤਰਰਾਸ਼ਟਰੀ ਪੱਧਰ 'ਤੇ ਭਗੌੜਿਆਂ ਦਾ ਪਤਾ ਲਗਾਉਣ ਲਈ ਇੰਟਰਪੋਲ ਰਾਹੀਂ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ 'ਚ, ਇੰਟਰਪੋਲ ਨੇ 130 ਤੋਂ ਵੱਧ ਅਪਰਾਧੀਆਂ ਨੂੰ ਭਾਰਤ ਵਾਪਸ ਭੇਜਿਆ ਹੈ।

ਲਾਰੈਂਸ ਗੈਂਗ ਦੇ ਗੈਂਗਸਟਰ ਲਖਵਿੰਦਰ ਕੁਮਾਰ ਨੂੰ ਲਿਆਂਦਾ ਗਿਆ ਭਾਰਤ, ਅਮਰੀਕਾ ਤੋਂ ਡਿਪੋਰਟ
Follow Us On

ਸੀਬੀਆਈ ਨੇ ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਦੀ ਸਹਾਇਤਾ ਨਾਲ, ਬਦਨਾਮ ਅਪਰਾਧੀ ਲਖਵਿੰਦਰ ਕੁਮਾਰ ਨੂੰ ਅਮਰੀਕਾ ਤੋਂ ਵਾਪਸ ਲਿਆਉਣ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਲਖਵਿੰਦਰ ਹਰਿਆਣਾ ਪੁਲਿਸ ਨੂੰ ਕਈ ਮਾਮਲਿਆਂ ‘ਚ ਲੋੜੀਂਦਾ ਸੀ, ਜਿਸ ‘ਚ ਜਬਰੀ ਵਸੂਲੀ, ਧਮਕੀ, ਹਥਿਆਰਾਂ ਦੇ ਗੈਰ-ਕਾਨੂੰਨੀ ਕਬਜ਼ੇ ਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਅਪਰਾਧ ਸ਼ਾਮਲ ਸਨ। ਲਖਵਿੰਦਰ ਕੁਮਾਰ ਕਥਿਤ ਤੌਰ ‘ਤੇ ਬਦਨਾਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਇੰਟਰਪੋਲ ਨੇ ਹਰਿਆਣਾ ਪੁਲਿਸ ਦੀ ਬੇਨਤੀ ‘ਤੇ ਉਸ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਫਿਰ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਤੇ ਸ਼ਨੀਵਾਰ (25 ਅਕਤੂਬਰ) ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਨ ‘ਤੇ ਹਰਿਆਣਾ ਪੁਲਿਸ ਦੀ ਇੱਕ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਹੁਣ ਤੱਕ 130 ਤੋਂ ਵੱਧ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ

ਸੀਬੀਆਈ ਅੰਤਰਰਾਸ਼ਟਰੀ ਪੱਧਰ ‘ਤੇ ਭਗੌੜਿਆਂ ਦਾ ਪਤਾ ਲਗਾਉਣ ਲਈ ਇੰਟਰਪੋਲ ਰਾਹੀਂ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ ‘ਚ, ਇੰਟਰਪੋਲ ਦੀ ਸਹਾਇਤਾ ਨਾਲ 130 ਤੋਂ ਵੱਧ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। 6 ਜੂਨ ਨੂੰ, ਸੈਕਰਾਮੈਂਟੋ ‘ਚ ਐਫਬੀਆਈ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਉਨ੍ਹਾਂ ਨੇ ਸਟਾਕਟਨ ‘ਚ ਬਦਨਾਮ ਅਪਰਾਧੀ ਲਖਵਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਫਬੀਆਈ ਦੀ ਸੂਚੀ ‘ਚ ਇਨ੍ਹਾਂ ਅਪਰਾਧੀਆਂ ਦੇ ਨਾਮ

ਐਫਬੀਆਈ ਨੇ ਕਿਹਾ ਕਿ ਉਹ ਦੇਸ਼ ਭਰ ਦੇ ਅਪਰਾਧੀਆਂ ਨੂੰ ਫੜਨ ਲਈ ਹੋਮਲੈਂਡ ਸਿਕਿਓਰਿਟੀ ਨਾਲ ਕੰਮ ਕਰ ਰਹੀ ਹੈ। ਇਸ ਸੂਚੀ ਵ’ਚ ਲਖਵਿੰਦਰ ਲੱਖਾ (ਕੈਥਲ), ਸਾਹਿਲ ਰਿਤੋਲੀ (ਰੋਹਤਕ), ਦਿਲੇਰ ਕੋਟੀਆ (ਕਰਨਾਲ), ਸੌਰਭ ਗਡੋਲੀ (ਗੁਰੂਗ੍ਰਾਮ), ਦਿਨੇਸ਼ ਗਾਂਧੀ (ਗੁਰੂਗ੍ਰਾਮ), ਅਮਨ ਭੈਂਸਵਾਲ (ਸੋਨੀਪਤ), ਅਤੇ ਸੁਸ਼ੀਲ ਉਰਫ਼ ਸ਼ੀਲਾ (ਸੋਨੀਪਤ) ਵਰਗੇ ਨਾਮ ਸ਼ਾਮਲ ਹਨ।

388 ਹਵਾਲਗੀ ਬੇਨਤੀਆਂ ਅਜੇ ਵੀ ਲੰਬਿਤ

ਸੀਬੀਆਈ ਨੇ ਵਿਦੇਸ਼ਾਂ ‘ਚ ਲੁਕੇ ਭਗੌੜਿਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 16-17 ਅਕਤੂਬਰ ਨੂੰ ਦੋ ਦਿਨਾਂ ਕਾਨਫਰੰਸ ਕੀਤੀ। ਇਸ ਕਾਨਫਰੰਸ ‘ਚ ਹਵਾਲਗੀ ਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ। ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਨੇ ਦੱਸਿਆ ਕਿ ਭਾਰਤ ਵੱਲੋਂ ਵੱਖ-ਵੱਖ ਦੇਸ਼ਾਂ ਤੋਂ 388 ਹਵਾਲਗੀ ਬੇਨਤੀਆਂ ਅਜੇ ਵੀ ਲੰਬਿਤ ਹਨ। ਉਨ੍ਹਾਂ ਅੱਗੇ ਕਿਹਾ ਕਿ 957 ਇੰਟਰਪੋਲ ਰੈੱਡ ਨੋਟਿਸ ਜਾਰੀ ਕੀਤੇ ਗਏ ਹਨ।