ਕੰਗਨਾ ਰਣੌਤ
Kangana Ranaut On 3 Farm Laws: ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਅਦਾਕਾਰ ਕੰਗਨਾ ਰਾਣੌਤ ਆਪਣੇ ਬਿਆਨਾਂ ਨੂੰ ਲੈਕੇ ਹਮੇਸ਼ਾ ਚਰਚਾਵਾਂ ਵਿੱਚ ਰਹਿੰਦੀ ਹੈ। ਕਿਸਾਨਾਂ ਅੰਦੋਲਨ ਨੂੰ ਲੈਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀ ਵਿਵਾਦਾਂ ਦਾ ਕਾਰਨ ਰਹੀਆਂ। ਹੁਣ ਫਿਰ 4 ਸਾਲ ਬਾਅਦ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਜ਼ਿਕਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 3 ਖੇਤੀ ਕਾਨੂੰਨ ਵਾਪਿਸ ਆਉਣੇ ਚਾਹੀਦੇ ਹਨ।
ਆਪਣੇ ਲੋਕ ਸਭਾ ਹਲਕੇ ਮੰਡੀ ਦੇ ਗੋਹਰ ਨੇੜੇ ਲੱਗਦੇ ਖੋਡੇ ਨਲਵਾੜ ਮੇਲੇ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੀ ਸਾਂਸਦ ਕੰਗਨਾ ਰਾਣੌਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕੁੱਝ ਕੁ ਹੀ ਸੂਬਿਆਂ ਵਿੱਚ ਵਿਰੋਧ ਹੋਇਆ ਹੈ। ਵਿਰੋਧ ਕਰਨ ਵਾਲੇ ਅਮੀਰ ਕਿਸਾਨ ਸਨ। ਹੁਣ ਸਾਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲਿਆਉਣ ਵੱਲ ਖੁਦ ਅੱਗੇ ਆਉਣਾ ਚਾਹੀਦਾ ਹੈ।
ਮੈਂ ਸਮਝਦੀ ਹਾਂ ਕਿਸਾਨਾਂ ਦਾ ਦਰਦ- ਕੰਗਨਾ
ਭਾਜਪਾ ਸਾਂਸਦ ਕੰਗਨਾ ਰਾਣੌਤ ਨੇ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੀਆਂ ਤਖਲੀਫਾਂ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਿਸ ਕਾਰਨ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।
ਮੇਰੇ ਖਿਲਾਫ਼ ਕਿਸਾਨਾਂ ਨੂੰ ਭੜਕਾਇਆ ਗਿਆ- ਕੰਗਨਾ
ਕੰਗਨਾ ਨੇ ਕਿਹਾ ਕਿ ਇੱਕ ਦਿਨ ਕਿਸਾਨ ਸਮਝ ਜਾਣਗੇ ਕੌਣ ਸਹੀ ਸੀ ਅਤੇ ਕੌਣ ਗਲਤ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ਼ ਜਾਣ ਬੁੱਝ ਕੇ ਕਿਸਾਨਾਂ ਨੂੰ ਭੜਕਾਇਆ ਗਿਆ। ਕੰਗਨਾ ਨੇ ਕਿਹਾ ਕਿ ਉਹ ਦੇਸ਼ ਦੇ ਹਿੱਤ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸਾਧਿਆ ਨਿਸ਼ਾਨਾ
ਕੰਗਨਾ ਦੇ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਅਰਸ਼ਦੀਪ ਕਾਲੇਰ ਨੇ ਭਾਜਪਾ ਨੇ ਨਿਸ਼ਾਨਾ ਸਾਧਿਆ। ਉਹਨਾਂ ਨੇ ਪੁੱਛਿਆ ਕਿ ਭਾਜਪਾ ਆਪਣੇ ਸਾਂਸਦ ਉੱਪਰ ਕਿਉਂ ਨਹੀਂ ਕੋਈ ਕਾਰਵਾਈ ਕਰਦੀ। ਉਹਨਾਂ ਕਿਹਾ ਕਿ ਭਾਜਪਾ ਨੂੰ ਦੱਸਣਾ ਚਾਹੀਦਾ ਹੈ ਕਿ ਕੰਗਨਾ BJP ਦੇ ਕਹਿਣ ਤੇ ਅਜਿਹੇ ਬਾਅਦ ਦੇ ਰਹੀ ਹੈ ਜਾਂ ਖੁਦ ਹੀ ਅਜਿਹਾ ਬੋਲ ਰਹੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹੱਕ ਲਈ ਡਟ ਕੇ ਅਵਾਜ਼ ਬੁਲੰਦ ਕਰੇਗੀ।
ਕੀ ਸਨ ਖੇਤੀ ਕਾਨੂੰਨ ?
ਸਾਲ 2020 ਦੇ ਸਤੰਬਰ ਮਹੀਨੇ ਵਿੱਚ ਦੇਸ਼ ਦੀ ਪਾਰਲੀਮੈਂਟ ਵਿੱਚ 3 ਬਿੱਲ ਲਿਆਂਦੇ ਗਏ। ਜਿਨ੍ਹਾਂ ਨੂੰ ਖੇਤੀਬਾੜੀ ਬਿੱਲ ਆਖਿਆ ਗਿਆ। ਜਿਨ੍ਹਾਂ ਵਿੱਚ ਜ਼ਰੂਰੀ ਵਸਤਾਂ ਕਾਨੂੰਨ, ਕੰਨਟਰੈਕਟ ਫਾਰਮਿੰਗ ਕਾਨੂੰਨ, ਖੁੱਲੀ ਮੰਡੀ ਨਾਲ ਸਬੰਧਿਤ ਕਾਨੂੰਨ ਲਿਆਂਦੇ ਗਏ।
17 ਸਤੰਬਰ ਨੂੰ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ 20 ਸਤੰਬਰ ਨੂੰ ਰਾਜ ਸਭਾ ਵਿੱਚੋਂ ਵੀ ਬਿੱਲਾਂ ਨੂੰ ਮਨਜ਼ੂਰੀ ਮਿਲ ਗਈ। ਹਾਲਾਂਕਿ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਬਹੁਮਤ ਵਾਲੀ ਤਤਕਾਲੀ ਸਰਕਾਰ ਨੇ ਇਹਨਾਂ ਬਿਲਾਂ ਨੂੰ ਸਟੈਂਡਿੰਗ ਕਮੇਟੀ ਕੋਲ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ 27 ਸਤੰਬਰ ਨੂੰ ਬਿੱਲ ਤੇ ਤਤਕਾਲੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਸਖ਼ਤ ਕਰ ਦਿੱਤੇ। ਜਿਸ ਤੋਂ ਬਾਅਦ ਬਿੱਲ ਨੇ ਕਾਨੂੰਨਾਂ ਦਾ ਰੂਪ ਲੈ ਲਿਆ।
ਦਿੱਲੀ ਦੀਆਂ ਸਰਹੱਦਾਂ ਤੇ ਚੱਲਿਆ ਅੰਦੋਲਨ
ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚੇ। ਇਸ ਸਾਲ ਤੋਂ ਜ਼ਿਆਦਾ ਸਮਾਂ ਕਿਸਾਨ ਦਾ ਅੰਦੋਲਨ ਚੱਲਿਆ। ਕਿਸਾਨਾਂ ਦੇ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ।