ਇਸਰੋ ਨੇ ਜੋਸ਼ੀਮਠ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਪਹਿਲੀ ਵਾਰ ਜੋਸ਼ੀਮਠ ਦੀ ਧਰਤੀ ਹੇਠ ਦੀ ਹੱਲਚੱਲ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਪਹਿਲੀ ਵਾਰ ਜੋਸ਼ੀਮਠ ਦੀ ਧਰਤੀ ਹੇਠ ਦੀ ਹੱਲਚੱਲ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਸ਼ੁਰੂਆਤੀ ਤਸਵੀਰਾਂ ਕਾਰਟੋਸੈਟ-2ਐੱਸ ਉਪਗ੍ਰਹਿ ਤੋਂ ਲਈਆਂ ਗਈਆਂ ਹਨ। ਜੋਸ਼ੀਮਠ ਸਮੁੰਦਰ ਤਲ ਤੋਂ ਲਗਭਗ 6000 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਹ ਧਾਰਮਿਕ, ਇਤਿਹਾਸਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਜੋਸ਼ੀਮਠ ਨੂੰ ਭੂਚਾਲ ਜ਼ੋਨ 5 ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਜੋਸ਼ੀਮਠ ਤਬਾਹੀ ਦਾ ਇਸਰੋ ਨੇ ਲਿਆ ਜਾਇਜ਼ਾ
ਇਸਰੋ ਦੀਆਂ ਇਨ੍ਹਾਂ ਤਸਵੀਰਾਂ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋਸ਼ੀਮਠ ਦਾ ਕਿਹੜਾ ਹਿੱਸਾ ਡਿੱਗਣ ਵਾਲਾ ਹੈ। ਇਸਰੋ ਨੇ ਆਪਣੇ ਸੈਟੇਲਾਈਟ ਰਾਹੀਂ ਜੋਸ਼ੀਮਠ ਤਬਾਹੀ ਦਾ ਜਾਇਜ਼ਾ ਲਿਆ ਹੈ। ਇਸ ਦੀਆਂ ਤਸਵੀਰਾਂ ਡਰਾਉਣ ਵਾਲੀਆਂ ਹਨ। ਇਨ੍ਹਾਂ ਤਸਵੀਰਾਂ ‘ਤੇ ਪੀਲਾ ਰੰਗ ਸੰਵੇਦਨਸ਼ੀਲ ਜ਼ੋਨ ਹੈ। ਪੂਰਾ ਸ਼ਹਿਰ ਇਸ ਪੀਲੇ ਚੱਕਰ ਵਿੱਚ ਆਉਂਦਾ ਹੈ। ਇਸਰੋ ਨੇ ਆਰਮੀ ਹੈਲੀਪੈਡ ਅਤੇ ਨਰਸਿਮਹਾ ਮੰਦਿਰ ਦੀ ਤਸਵੀਰ ਵੀ ਜਾਰੀ ਕੀਤੀ ਹੈ।
ਲਾਲ ਚੱਕਰ ਵਿੱਚ ਦਿਖਾਇਆ ਜੋਸ਼ੀਮਠ ਦਾ ਕੇਂਦਰੀ ਹਿੱਸਾ
ਸੈਟੇਲਾਈਟ ਚਿੱਤਰਾਂ ਵਿੱਚ ਦਿਖਾਈ ਦੇਣ ਵਾਲੀਆਂ ਲਾਲ ਧਾਰੀਆਂ ਸੜਕਾਂ ਹਨ। ਨੀਲੇ ਰੰਗ ਦਾ ਘੇਰਾ ਜੋਸ਼ੀਮਠ ਦੇ ਹੇਠਾਂ ਦੀ ਨਿਕਾਸੀ ਪ੍ਰਣਾਲੀ ਹੈ। ਜੋਸ਼ੀਮਠ ਦਾ ਕੇਂਦਰੀ ਹਿੱਸਾ ਲਾਲ ਚੱਕਰ ਵਿੱਚ ਦਿਖਾਇਆ ਗਿਆ ਹੈ। ਇਹ ਜਮੀਨ ਖਿਸਕਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਜ਼ਿਕਰਯੋਗ ਹੈ ਕਿ ਜੋਸ਼ੀਮੱਠ ‘ਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਕੇਂਦਰ ਅਤੇ ਉੱਤਰਾਖੰਡ ਸਰਕਾਰਾਂ ਪਹਿਲਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੀਆਂ ਹਨ। ਇੱਥੋਂ ਦੇ ਇੱਕ ਵੱਡੇ ਖੇਤਰ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ।