ਹਿੰਸਾ ਦੀ ਅੱਗ ‘ਚ ਫਿਰ ਝੁਲਸਿਆ ਮਨੀਪੁਰ, ਪੁਲਿਸ ਫੋਰਸ ‘ਤੇ ਗੋਲੀਬਾਰੀ ‘ਚ ਕਮਾਂਡੋ ਜ਼ਖਮੀ, ਇੱਕ ਦੀ ਮੌਤ

Published: 

30 Dec 2023 23:37 PM

Manipur Violence: ਮਨੀਪੁਰ ਵਿੱਚ ਪਿਛਲੇ 8 ਮਹੀਨਿਆਂ ਤੋਂ ਜਾਰੀ ਹਿੰਸਾ ਰੁਕਣ ਦਾ ਕੋਈ ਸੰਕੇਤ ਨਹੀਂ ਦੇ ਰਹੀ ਹੈ। ਇੱਥੇ ਹਰ ਰੋਜ਼ ਕਤਲ ਦੀਆਂ ਖ਼ਬਰਾਂ ਆ ਰਹੀਆਂ ਹਨ। ਮਨੀਪੁਰ ਵਿੱਚ 3 ਮਈ, 2023 ਨੂੰ ਭੜਕੀ ਜਾਤੀ ਹਿੰਸਾ ਵਿੱਚ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਅੱਜ ਦੁਪਹਿਰ ਨੂੰ ਮਨੀਪੁਰ ਦੇ ਤੇਂਗਨੋਪਾਲ ਜ਼ਿਲੇ ਦੇ ਮੋਰੇਹ 'ਚ ਅਣਪਛਾਤੇ ਬੰਦੂਕਧਾਰੀਆਂ ਨੇ ਪੁਲਿਸ ਫੋਰਸ 'ਤੇ ਗੋਲੀਬਾਰੀ ਕਰ ਦਿੱਤੀ।

ਹਿੰਸਾ ਦੀ ਅੱਗ ਚ ਫਿਰ ਝੁਲਸਿਆ ਮਨੀਪੁਰ, ਪੁਲਿਸ ਫੋਰਸ ਤੇ ਗੋਲੀਬਾਰੀ ਚ ਕਮਾਂਡੋ ਜ਼ਖਮੀ, ਇੱਕ ਦੀ ਮੌਤ
Follow Us On

ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਗਈ ਹੈ। ਅੱਜ ਯਾਨੀ ਸ਼ਨੀਵਾਰ ਦੁਪਹਿਰ ਨੂੰ ਮਨੀਪੁਰ ਦੇ ਤੇਂਗਨੋਪਾਲ ਜ਼ਿਲੇ ਦੇ ਮੋਰੇਹ ‘ਚ ਅਣਪਛਾਤੇ ਬੰਦੂਕਧਾਰੀਆਂ ਨੇ ਪੁਲਿਸ ਫੋਰਸ ‘ਤੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਮਨੀਪੁਰ ਪੁਲਿਸ ਦਾ ਇੱਕ ਕਮਾਂਡੋ ਜ਼ਖ਼ਮੀ ਹੋ ਗਿਆ। ਇਸ ਤੋਂ ਪਹਿਲਾਂ ਸਵੇਰੇ ਪੱਛਮੀ ਇੰਫਾਲ ਦੇ ਕਡੰਗਬੰਦ ‘ਚ ਕੁਝ ਅਣਪਛਾਤੇ ਲੋਕਾਂ ਨੇ ਇੱਕ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਮਨੀਪੁਰ ਵਿੱਚ ਪਿਛਲੇ 8 ਮਹੀਨਿਆਂ ਤੋਂ ਜਾਰੀ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇੱਥੇ ਹਰ ਰੋਜ਼ ਕਤਲ ਦੀਆਂ ਖ਼ਬਰਾਂ ਆ ਰਹੀਆਂ ਹਨ। ਮਨੀਪੁਰ ਵਿੱਚ 3 ਮਈ 2023 ਨੂੰ ਭੜਕੀ ਹਿੰਸਾ ਵਿੱਚ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ।

ਬੰਦੂਕਧਾਰੀਆਂ ਨੇ ਕਮਾਂਡੋ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ

ਚਸ਼ਮਦੀਦਾਂ ਮੁਤਾਬਕ ਅਣਪਛਾਤੇ ਬੰਦੂਕਧਾਰੀਆਂ ਨੇ ਪੁਲਿਸ ਕਮਾਂਡੋਜ਼ ਨੂੰ ਲੈ ਕੇ ਜਾ ਰਹੇ ਵਾਹਨਾਂ ਨੂੰ ਉਦੋਂ ਨਿਸ਼ਾਨਾ ਬਣਾਇਆ ਜਦੋਂ ਉਹ ਮੋਰੇਹ ਤੋਂ ਕੀ ਲੋਕੇਸ਼ਨ ਪੁਆਇੰਟ (ਕੇਐਲਪੀ) ਵੱਲ ਵਧ ਰਹੇ ਸਨ। ਇਸ ਹਮਲੇ ਵਿੱਚ ਮਨੀਪੁਰ ਪੁਲਿਸ ਦਾ ਇੱਕ ਕਮਾਂਡੋ ਜ਼ਖ਼ਮੀ ਹੋ ਗਿਆ। ਜ਼ਖਮੀ ਕਮਾਂਡੋ ਦੀ ਪਛਾਣ 5IRB ਦੇ ਪੋਂਖਲੁੰਗ ਵਜੋਂ ਹੋਈ ਹੈ। ਉਸ ਦਾ ਆਸਾਮ ਰਾਈਫਲਜ਼ ਕੈਂਪ ਵਿੱਚ ਇਲਾਜ ਚੱਲ ਰਿਹਾ ਹੈ।

ਦਰਅਸਲ, ਇਹ ਘਟਨਾ ਉਦੋਂ ਵਾਪਰੀ ਜਦੋਂ ਮਨੀਪੁਰ ਪੁਲਿਸ ਦੇ ਕਮਾਂਡੋ ਇਲਾਕੇ ਵਿੱਚ ਨਿਯਮਤ ਗਸ਼ਤ ਕਰ ਰਹੇ ਸਨ। ਅਣਪਛਾਤੇ ਬੰਦੂਕਧਾਰੀਆਂ ਨੇ ਮੋਰੇਹ ਦੀ ਕਮਾਂਡੋ ਟੀਮ ‘ਤੇ ਗੋਲੀਆਂ ਚਲਾਈਆਂ ਅਤੇ ਬੰਬ ਸੁੱਟੇ। ਪੁਲਿਸ ਨੇ ਦੱਸਿਆ ਕਿ ਪਹਿਲਾਂ ਦੋ ਬੰਬ ਧਮਾਕੇ ਹੋਏ, ਜਿਸ ਤੋਂ ਬਾਅਦ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਕਰੀਬ 350 ਤੋਂ 400 ਗੋਲੀਆਂ ਚਲਾਈਆਂ ਗਈਆਂ।

ਇੰਫਾਲ ‘ਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

ਇਸ ਦੇ ਨਾਲ ਹੀ ਸ਼ਨੀਵਾਰ ਸਵੇਰੇ ਪੱਛਮੀ ਇੰਫਾਲ ਦੇ ਕਡੰਗਬੰਦ ‘ਚ ਕੁਝ ਅਣਪਛਾਤੇ ਲੋਕਾਂ ਨੇ ਇੱਕ ਗਾਰਡ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜੇਮਸਬੋਂਡ ਨਿਗੋਂਬਮ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਪਿੰਡ ਦੀ ਸੁਰੱਖਿਆ ਲਈ ਤਾਇਨਾਤ ਸੀ, ਉਸ ਨੂੰ ਨੇੜਲੇ ਪਹਾੜੀ ਤੋਂ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਕਦਾਂਗਬੰਦ ਕਾਂਗਪੋਕਪੀ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੀ ਹੈ। ਇੱਥੇ 3 ਮਈ ਤੋਂ ਲਗਾਤਾਰ ਹਿੰਸਾ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ।

ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ

ਮਨੀਪੁਰ ਵਿੱਚ 3 ਮਈ ਨੂੰ ਭੜਕੀ ਹਿੰਸਾ ਤੋਂ ਬਾਅਦ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਾਤੀ ਹਿੰਸਾ ਦੇ ਸ਼ੁਰੂ ਹੋਣ ਤੋਂ ਬਾਅਦ, ਮਨੀਪੁਰ ਵਿੱਚ ਹਿੰਸਾ ਭੜਕਣ ਦੀਆਂ ਖ਼ਬਰਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਹਨ। ਦੱਸ ਦੇਈਏ ਕਿ ਮੀਤੀ ਭਾਈਚਾਰੇ ਨੂੰ ST ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸੂਬੇ ‘ਚ ਹਿੰਸਾ ਭੜਕ ਗਈ ਸੀ। ਮੀਤੀ ਭਾਈਚਾਰਾ ਮਨੀਪੁਰ ਦੀ ਆਬਾਦੀ ਦਾ ਲਗਭਗ 53 ਫੀਸਦ ਬਣਦਾ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਨਾਗਾ ਅਤੇ ਕੂਕੀ ਵਰਗੇ ਆਦਿਵਾਸੀ ਭਾਈਚਾਰਿਆਂ ਦੀ ਹਿੱਸੇਦਾਰੀ 40 ਫੀਸਦੀ ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।