ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਨੇ ਕੀਤਾ ਕੁਝ ਅਜਿਹਾ, ਹਰ ਕੋਈ ਕਰ ਰਿਹਾ ਤਾਰੀਫ, ਸਰਕਾਰ ਤੋਂ ਕੀਤੀ ਇਹ ਮੰਗ

Updated On: 

26 Jul 2024 12:42 PM IST

23 ਸਾਲ ਪਹਿਲਾਂ ਗੀਤਾ ਨਾਂ ਦੀ ਕੁੜੀ ਗਲਤੀ ਨਾਲ ਪਾਕਿਸਤਾਨ ਪਹੁੰਚ ਗਈ ਸੀ। ਉਹ ਸਾਲ 2015 ਵਿੱਚ ਵਾਪਸ ਪਰਤੀ ਸੀ। ਗੂੰਗੀ ਅਤੇ ਬੋਲ਼ੀ ਗੀਤਾ ਨੇ ਇਸ ਸਾਲ ਅੱਠਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਸਨੇ ਇਹ ਇਮਤਿਹਾਨ ਫਸਟ ਡਿਵੀਜ਼ਨ ਨਾਲ ਪਾਸ ਕੀਤਾ ਹੈ। ਹੁਣ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੀ ਹੈ।

ਪਾਕਿਸਤਾਨ ਤੋਂ ਭਾਰਤ ਪਰਤੀ ਗੀਤਾ ਨੇ ਕੀਤਾ ਕੁਝ ਅਜਿਹਾ, ਹਰ ਕੋਈ ਕਰ ਰਿਹਾ ਤਾਰੀਫ, ਸਰਕਾਰ ਤੋਂ ਕੀਤੀ ਇਹ ਮੰਗ

2015 'ਚ ਪਾਕਿਸਤਾਨ ਤੋਂ ਪਰਤੀ ਸੀ ਗੀਤਾ

Follow Us On

ਪਾਕਿਸਤਾਨ ਤੋਂ ਭਾਰਤ ਪਰਤੀ ਗੂੰਗੀ ਅਤੇ ਬੋਲ਼ੀ ਗੀਤਾ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਹੈ। ਹੁਣ ਉਹ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੀ ਹੈ। ਗੀਤਾ ਨੇ ਮੱਧ ਪ੍ਰਦੇਸ਼ ਰਾਜ ਓਪਨ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ 600 ਵਿੱਚੋਂ 411 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਸਮਾਜਿਕ ਵਿਗਿਆਨ ਅਤੇ ਸੰਸਕ੍ਰਿਤ ਵਿੱਚ ਏਨੇ ਚੰਗੇ ਅੰਕ ਹਾਸਲ ਕੀਤੇ ਹਨ ਕਿ ਹਰ ਕੋਈ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕ ਰਿਹਾ।

ਇੰਦੌਰ ਦੀ ਗੈਰ-ਸਰਕਾਰੀ ਸੰਸਥਾ ਆਨੰਦ ਸੇਵਾ ਸੁਸਾਇਟੀ ਗੀਤਾ ਨੂੰ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਸੰਗਠਨ ਦੇ ਸਕੱਤਰ ਅਤੇ ਸੰਕੇਤਕ ਭਾਸ਼ਾ ਦੇ ਮਾਹਰ ਗਿਆਨੇਂਦਰ ਪੁਰੋਹਿਤ ਨੇ ਬੁੱਧਵਾਰ ਨੂੰ ਕਿਹਾ – ਗੀਤਾ ਆਪਣੇ ਪ੍ਰੀਖਿਆ ਦੇ ਨਤੀਜਿਆਂ ਤੋਂ ਬਹੁਤ ਉਤਸ਼ਾਹਿਤ ਹੈ ਅਤੇ ਉਮੀਦ ਭਰੀਆਂ ਅੱਖਾਂ ਨਾਲ ਆਪਣੇ ਭਵਿੱਖ ਵੱਲ ਦੇਖ ਰਹੀ ਹੈ। ਗੀਤਾ 2015 ਵਿੱਚ ਪਾਕਿਸਤਾਨ ਤੋਂ ਭਾਰਤ ਪਰਤੀ ਸੀ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਵਿੱਚ ਹੀ ਰਹਿ ਰਹੀ ਸੀ।

ਪੁਰੋਹਿਤ ਅਨੁਸਾਰ ਗੀਤਾ ਨੇ ਉਨ੍ਹਾਂ ਨੂੰ ਵੀਡੀਓ ਕਾਲ ‘ਤੇ ਇਸ਼ਾਰਿਆਂ ਰਾਹੀਂ ਦੱਸਿਆ ਕਿ ਉਹ ਸਰਕਾਰੀ ਨੌਕਰੀ ਕਰ ਕੇ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਚੌਥੇ ਦਰਜੇ ਦੇ ਮੁਲਾਜ਼ਮਾਂ ਦੀ ਭਰਤੀ ਲਈ ਉਮੀਦਵਾਰਾਂ ਦੀ ਘੱਟੋ-ਘੱਟ ਵਿਦਿਅਕ ਯੋਗਤਾ ਅੱਠਵੀਂ ਪਾਸ ਰੱਖੀ ਗਈ ਹੈ। ਇਸ ਲਿਹਾਜ਼ ਨਾਲ ਗੀਤਾ ਇਸ ਵਰਗ ਦੀਆਂ ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਦੇ ਯੋਗ ਬਣ ਗਈ ਹੈ।

ਗਿਆਨੇਂਦਰ ਪੁਰੋਹਿਤ ਨੇ ਦੱਸਿਆ- ਗੀਤਾ ਦਾ ਅਸਲੀ ਨਾਂ ਰਾਧਾ ਹੈ ਅਤੇ ਇਨ੍ਹੀਂ ਦਿਨੀਂ ਉਹ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ‘ਚ ਆਪਣੀ ਮਾਂ ਮੀਨਾ ਪਾਂਡਰੇ ਨਾਲ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਗੀਤਾ ਦਾ ਪਰਿਵਾਰ ਗਰੀਬ ਹੈ ਅਤੇ ਉਹ ਆਰਥਿਕ ਤੌਰ ‘ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਨੌਕਰੀ ਕਰਨਾ ਚਾਹੁੰਦੀ ਹੈ। ਗੀਤਾ ਮੁਤਾਬਕ ਉਹ ਫਿਲਹਾਲ ਵਿਆਹ ਨਹੀਂ ਕਰਨਾ ਚਾਹੁੰਦੀ।

ਗਲਤੀ ਨਾਲ ਚਲੀ ਗਈ ਸੀ ਪਾਕਿਸਤਾਨ

ਗੀਤਾ ਕਰੀਬ 23 ਸਾਲ ਪਹਿਲਾਂ ਬਚਪਨ ‘ਚ ਟਰੇਨ ‘ਚ ਸਵਾਰ ਹੋ ਕੇ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਈ ਸੀ। ਪਾਕਿਸਤਾਨੀ ਰੇਂਜਰਾਂ ਨੂੰ ਗੀਤਾ ਲਾਹੌਰ ਰੇਲਵੇ ਸਟੇਸ਼ਨ ‘ਤੇ ਸਮਝੌਤਾ ਐਕਸਪ੍ਰੈਸ ‘ਚ ਇਕੱਲੀ ਬੈਠੇ ਹੋਏ ਮਿਲੀ। ਗੂੰਗੀ ਅਤੇ ਬੋਲੀ ਬੱਚੀ ਨੂੰ ਪਾਕਿਸਤਾਨ ਦੀ ਸਮਾਜਿਕ ਸੰਸਥਾ ਈਧੀ ਫਾਊਂਡੇਸ਼ਨ ਦੀ ਬਿਲਕਿਸ ਈਧੀ ਨੇ ਗੋਦ ਲਿਆ ਸੀ ਅਤੇ ਕਰਾਚੀ ਵਿੱਚ ਆਪਣੇ ਕੋਲ ਰੱਖਿਆ ਸੀ।

26 ਅਕਤੂਬਰ 2015 ਨੂੰ ਹੋਈ ਸੀ ਘਰ ਵਾਪਸੀ

ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ (ਹੁਣ ਮ੍ਰਿਤਕ) ਦੇ ਵਿਸ਼ੇਸ਼ ਯਤਨਾਂ ਸਦਕਾ ਗੀਤਾ 26 ਅਕਤੂਬਰ 2015 ਨੂੰ ਘਰ ਪਰਤ ਸਕੀ ਸੀ। ਅਗਲੇ ਹੀ ਦਿਨ ਉਸ ਨੂੰ ਇੰਦੌਰ ਵਿੱਚ ਇੱਕ ਐਨਜੀਓ ਦੇ ਰਿਹਾਇਸ਼ੀ ਕੰਪਲੈਕਸ ਵਿੱਚ ਭੇਜ ਦਿੱਤਾ ਗਿਆ। ਸਾਲ 2021 ਵਿੱਚ ਮਹਾਰਾਸ਼ਟਰ ਵਿੱਚ ਆਪਣੇ ਪਰਿਵਾਰ ਦਾ ਪਤਾ ਲੱਗਣ ਤੋਂ ਬਾਅਦ ਗੀਤਾ ਇਸ ਰਾਜ ਵਿੱਚ ਰਹਿ ਰਹੀ ਹੈ।