Satyendar Jain: DDU ‘ਚ ਸਤੇਂਦਰ ਜੈਨ ਦੀ ਤਬੀਅਤ ਵਿਗੜੀ, ਆਕਸੀਜਨ ਸਪੋਰਟ ‘ਤੇ ਹਨ ਸਾਬਕਾ ਮੰਤਰੀ ; LNJP ਹਸਪਤਾਲ ਕੀਤਾ ਗਿਆ ਸ਼ਿਫਟ
ਅੱਜ ਸਵੇਰੇ ਡੀਡੀਯੂ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਸਿਹਤ ਅਚਾਨਕ ਜਿਆਦਾ ਵਿਗੜ ਗਈ ਹੈ। ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ DDU ਤੋਂ LNJP ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ।
Delhi News: ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤੇਂਦਰ ਜੈਨ (Satinder Jain) ਦੀ ਤਬੀਅਤ ਅਚਾਨਕ ਜਿਆਦਾ ਵਿਗੜ ਗਈ ਹੈ। ਅੱਜ ਸਵੇਰੇ, ਉਨ੍ਹਾਂ ਨੂੰ ਦੀਨ ਦਿਆਲ ਉਪਾਧਿਆਏ (DDU) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਦੁਪਹਿਰ ਤੱਕ ਹਾਲਤ ਜਿਆਦਾ ਵਿਗੜਨ ਕਾਰਨ, ਉਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਪਾ ਦਿੱਤਾ ਗਿਆ ਅਤੇ ਤੁਰੰਤ ਐਲਐਨਜੇਪੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਦੇ ਬਾਥਰੂਮ ਵਿੱਚ ਚੱਕਰ ਆਉਣ ਕਾਰਨ ਸਤਿੰਦਰ ਜੈਨ ਡਿੱਗ ਗਏ ਸਨ। ਇਸ ਤੋਂ ਪਹਿਲਾਂ ਵੀ ਸਤਿੰਦਰ ਜੈਨ ਬਾਥਰੂਮ ਵਿੱਚ ਡਿੱਗੇ ਸਨ, ਜਿਸ ਨਾਲ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗ ਗਈ ਸੀ। ਪਿਛਲੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਸਤੇਂਦਰ ਜੈਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਹੈ।
ਜੇਲ੍ਹ ਸੂਤਰਾਂ ਅਨੁਸਾਰ ਸਤੇਂਦਰ ਜੈਨ ਤਿਹਾੜ ਦੀ ਜੇਲ੍ਹ ਨੰਬਰ-7 ਵਿੱਚ ਬੰਦ ਹਨ। ਅੱਜ ਸਵੇਰੇ 6 ਵਜੇ ਉਹ ਬੇਹੋਸ਼ ਹੋ ਗਏ ਅਤੇ ਬਾਥਰੂਮ ਵਿੱਚ ਡਿੱਗ ਪਏ। ਉਨ੍ਹਾਂ ਦੇ ਡਿੱਗਣ ਦੀ ਆਵਾਜ਼ ਸੁਣ ਕੇ ਸੁਰੱਖਿਆ ਮੁਲਾਜ਼ਮ ਤੁਰੰਤ ਉਨ੍ਹਾਂ ਨੂੰ ਲੈ ਕੇ ਦੀਨ ਦਿਆਲ ਹਸਪਤਾਲ ਲੈ ਗਏ। ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸਾਵਧਾਨੀ ਵਜੋਂ ਉਨ੍ਹਾਂ ਦੇ ਸਾਰੇ ਟੈਸਟ ਕੀਤੇ ਜਾਣਗੇ। ਸਤੇਂਦਰ ਜੈਨ ਨੂੰ ਵੀ ਰੀੜ੍ਹ ਦੀ ਹੱਡੀ ਦੀ ਸਰਜਰੀ ਵੀ ਹੋਣੀ ਹੈ। ਰੀੜ੍ਹ ਦੀ ਹੱਡੀ ਦੀ ਸਮੱਸਿਆ ਕਾਰਨ ਉਹ ਕਮਰ ਵਿੱਚ ਬੈਲਟ ਪਾਉਂਦੇ ਹਨ।
ਜੇਲ੍ਹ ‘ਚ 35 ਕਿਲੋ ਘੱਟ ਗਿਆ ਸਤੇਂਦਰ ਜੈਨ ਦਾ ਭਾਰ
ਇਸ ਤੋਂ ਪਹਿਲਾਂ 22 ਮਈ ਨੂੰ ਵੀ ਸਤੇਂਦਰ ਜੈਨ ਜੇਲ੍ਹ ਦੇ ਬਾਥਰੂਮ ਵਿੱਚ ਚੱਕਰ ਖਾ ਕੇ ਡਿੱਗ ਪਏ ਸਨ। ਉਦੋਂ ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿੱਚ ਸਤੇਂਦਰ ਜੈਨ ਦਾ ਵਜ਼ਨ 35 ਕਿਲੋ ਘਟ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਸਤੇਂਦਰ ਜੈਨ, ਜੈਨ ਧਰਮ ਨੂੰ ਮੰਨਦੇ ਹਨ। ਜੈਨ ਧਰਮ ਵਿੱਚ, ਮੰਦਰ ਵਿੱਚ ਜਾਣ ਤੋਂ ਬਿਨਾਂ ਪਕਾਇਆ ਹੋਇਆ ਭੋਜਨ ਨਹੀਂ ਲੈ ਸਕਦੇ ਹਨ। ਇਸੇ ਕਰਕੇ ਉਹ ਜੇਲ੍ਹ ਵਿੱਚ ਕੱਚੀਆਂ ਸਬਜ਼ੀਆਂ, ਫਲ ਅਤੇ ਸੁੱਕੇ ਮੇਵੇ ਹੀ ਖਾ ਰਹੇ ਹਨ।
ਮਨੀ ਲਾਂਡਰਿੰਗ ਮਾਮਲੇ ‘ਚ ਤਿਹਾੜ ਜੇਲ੍ਹ ‘ਚ ਬੰਦ ਹਨ ਜੈਨ
ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਵਿੱਚ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ, ਉਦੋਂ ਤੋਂ ਸਤੇਂਦਰ ਜੈਨ ਤਿਹਾੜ ਜੇਲ੍ਹ ਵਿੱਚ ਬੰਦ ਹਨ। ਤੇਜ਼ੀ ਨਾਲ ਭਾਰ ਘਟਣ ਕਾਰਨ ਉਹ ਬਹੁਤ ਕਾਫੀ ਕਮਜ਼ੋਰ ਹੋ ਗਏ ਹਨ। ਅਕਸਰ ਉਨ੍ਹਾਂ ਨੂੰ ਚੱਕਰ ਆ ਜਾਂਦਾ ਹੈ ਅਤੇ ਤਿਹਾੜ ਜੇਲ੍ਹ ਦੇ ਬਾਥਰੂਮ ਵਿੱਚ ਡਿੱਗ ਜਾਂਦੇ ਹਨ। ਆਮ ਆਦਮੀ ਪਾਰਟੀ ਸਤੇਂਦਰ ਜੈਨ ਦੀ ਇਸ ਹਾਲਤ ਲਈ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੇ ਬਦਲੇ ਦੀ ਭਾਵਨਾ ਨਾਲ ਸਤੇਂਦਰ ਜੈਨ ਨੂੰ ਫਸਾਇਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ