ਵਕੀਲਾਂ ਦੀ ਬਹਿਸ ਤੋਂ ਬਾਅਦ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਗੋਲੀਬਾਰੀ, ਜਾਨੀ ਨੁਕਸਾਨ ਦੀ ਨਹੀਂ ਖ਼ਬਰ

Published: 

05 Jul 2023 14:53 PM

Firing in Tis Hazari Court: ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਦੇ ਬਾਹਰ ਵਕੀਲਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਗੋਲੀ ਚਲਾ ਦਿੱਤੀ ਗਈ। ਪੁਲਿਸ ਮੁਤਾਬਕ, ਇਸ ਘਟਨਾ 'ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

ਵਕੀਲਾਂ ਦੀ ਬਹਿਸ ਤੋਂ ਬਾਅਦ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਗੋਲੀਬਾਰੀ, ਜਾਨੀ ਨੁਕਸਾਨ ਦੀ ਨਹੀਂ ਖ਼ਬਰ
Follow Us On

ਬੁੱਧਵਾਰ ਨੂੰ ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੰਪਲੈਕਸ ਦੇ ਬਾਹਰ ਗੋਲੀਬਾਰੀ ਹੋਈ। ਪੁਲਿਸ ਨੇ ਦੱਸਿਆ ਕਿ ਵਕੀਲਾਂ ਵਿਚਾਲੇ ਬਹਿਸ ਹੋਈ, ਜਿਸ ਤੋਂ ਬਾਅਦ ਗੋਲੀ ਚਲਾਈ ਗਈ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਗੋਲੀਬਾਰੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਦੱਸਿਆ ਗਿਆ ਹੈ ਕਿ ਵਕੀਲਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਹਵਾਈ ਫਾਇਰਿੰਗ ਕੀਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਫੋਰਸ ਨੇ ਤੁਰੰਤ ਸਥਿਤੀ ‘ਤੇ ਕਾਬੂ ਪਾ ਲਿਆ।

ਵਕੀਲਾਂ ਵਿਚਾਲੇ ਹੋਈ ਗੋਲੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ‘ਚ ਵਕੀਲਾਂ ਨੂੰ ਭੀੜੀ ਗਲੀ ‘ਚੋਂ ਲੰਘਦੇ ਦੇਖਿਆ ਜਾ ਸਕਦਾ ਹੈ। ਗਲੀ ਦੇ ਚੌਰਾਹੇ ‘ਤੇ ਵਕੀਲਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ, ਇਸ ਦੌਰਾਨ ਭੀੜ ‘ਚੋਂ ਇਕ ਹੱਥ ‘ਚ ਪਿਸਤੌਲ ਉਠਦੀ ਦਿਖਾਈ ਦਿੰਦੀ ਹੈ। ਗੋਲੀ ਚਲਾਉਣ ਤੋਂ ਬਾਅਦ ਵਿਅਕਤੀ ਨੂੰ ਪਿੱਛੇ ਵੱਲ ਜਾਂਦਾ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਸਾਰੇ ਵਕੀਲ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਗੋਲੀਬਾਰੀ ਦੌਰਾਨ ਕੋਈ ਵੀ ਡਰ ਕੇ ਇਧਰ-ਉਧਰ ਨਹੀਂ ਭੱਜਦਾ।

ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਕੀਲਾਂ ਦੇ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਦੌਰਾਨ ਜਦੋਂ ਤਕਰਾਰ ਵਧਣ ਲੱਗੀ ਤਾਂ ਇਕ ਵਕੀਲ ਨੇ ਪਿਸਤੌਲ ਕੱਢ ਕੇ ਹਵਾ ਵਿਚ ਗੋਲੀ ਚਲਾ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।

ਬਾਰ ਕੌਂਸਲ ਦੇ ਪ੍ਰਧਾਨ ਨੇ ਕੀਤੀ ਘਟਨਾ ਦੀ ਨਿਖੇਧੀ
ਦਿੱਲੀ ਬਾਰ ਕੌਂਸਲ ਦੇ ਪ੍ਰਧਾਨ ਕੇਕੇ ਮਨਨ ਨੇ ਗੋਲੀਬਾਰੀ ਦੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਜਿਸ ਹਥਿਆਰ ਨਾਲ ਗੋਲੀਬਾਰੀ ਕੀਤੀ ਗਈ ਉਹ ਲਾਇਸੈਂਸੀ ਸੀ ਜਾਂ ਨਹੀਂ। ਮਨਨ ਦਾ ਕਹਿਣਾ ਹੈ ਕਿ ਭਾਵੇਂ ਹਥਿਆਰ ਲਾਇਸੰਸਸ਼ੁਦਾ ਹੋਵੇ, ਵਕੀਲ ਨੂੰ ਅਦਾਲਤ ਦੇ ਅੰਦਰ ਜਾਂ ਬਾਹਰ ਇਸ ਤਰੀਕੇ ਨਾਲ ਵਰਤਣ ਦੀ ਇਜਾਜ਼ਤ ਨਹੀਂ ਹੈ।