ਕਿਸੇ ਵੀ ਧਰਮ ‘ਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ… ਪਟਾਕਿਆਂ ਨੂੰ ਲੈ ਕੇ ਕੀ ਬੋਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ?

Updated On: 

30 Oct 2025 10:53 AM IST

ਸੁਪਰੀਮ ਕੋਰਟ ਦੇ ਸਾਬਕਾ ਜੱਜ ਅਭੈ ਐਸ. ਓਕਾ ਨੇ ਕਿਹਾ ਕਿ ਕੋਈ ਵੀ ਧਰਮ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਅੱਗੇ ਕਿਹਾ ਕਿ ਪਟਾਕੇ, ਜੋ ਵਾਤਾਵਰਣ ਲਈ ਨੁਕਸਾਨਦੇਹ ਹਨ, ਲਗਭਗ ਸਾਰੇ ਧਰਮਾਂ ਦੇ ਤਿਉਹਾਰਾਂ ਤੇ ਵਿਆਹਾਂ 'ਚ ਵਰਤੇ ਜਾਂਦੇ ਹਨ। ਜਸਟਿਸ ਓਕਾ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਪ੍ਰਦੂਸ਼ਣ ਫੈਲਾਉਣਾ ਸਹੀ ਨਹੀਂ ਹੈ।

ਕਿਸੇ ਵੀ ਧਰਮ ਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ... ਪਟਾਕਿਆਂ ਨੂੰ ਲੈ ਕੇ ਕੀ ਬੋਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ?
Follow Us On

ਸੁਪਰੀਮ ਕੋਰਟ ਦੇ ਸਾਬਕਾ ਜੱਜ ਅਭੈ ਐਸ. ਓਕਾ ਨੇ ਹਾਲ ਹੀ ‘ਚ ‘ਗ੍ਰੀਨ ਪਟਾਕੇ’ ਦੀ ਇਜਾਜ਼ਤ ਦੇਣ ਵਾਲੇ ਸੁਪਰੀਮ ਕੋਰਟ ਦੇ ਹੁਕਮ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੰਦਾ। ਓਕਾ ਨੇ ਕਿਹਾ, “ਜੇਕਰ ਜੱਜ ਸੱਚਮੁੱਚ ਮੌਲਿਕ ਅਧਿਕਾਰਾਂ ਤੇ ਕਰਤੱਵਾਂ ਦੇ ਨਾਲ-ਨਾਲ ਵਾਤਾਵਰਣ ਦੀ ਰੱਖਿਆ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਲੋਕਪ੍ਰਿਯ ਜਾਂ ਧਾਰਮਿਕ ਭਾਵਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ।”

ਜਸਟਿਸ ਓਕਾ ਨੇ ਕਿਹਾ ਕਿ ਪਟਾਕੇ ਚਲਾਉਣਾ, ਪਾਣੀ ‘ਚ ਮੂਰਤੀਆਂ ਵਿਸਰਜਿਤ ਕਰਨਾ ਤੇ ਲਾਊਡਸਪੀਕਰਾਂ ਦੀ ਵਰਤੋਂ ਕਰਨਾ ਸੰਵਿਧਾਨ ‘ਚ ਜ਼ਰੂਰੀ ਧਾਰਮਿਕ ਅਭਿਆਸਾਂ ਵਜੋਂ ਮਾਨਤਾ ਪ੍ਰਾਪਤ ਨਹੀਂ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਮ ‘ਤੇ ਪ੍ਰਦੂਸ਼ਣ ਫੈਲਾਉਣਾ ਸਹੀ ਨਹੀਂ ਹੈ।

ਧਰਮ ਦੇ ਨਾਮ ‘ਤੇ ਪ੍ਰਦੂਸ਼ਣ ਵਧ ਰਿਹਾ

ਦਿੱਲੀ ‘ਚ ਪਟਾਕਿਆਂ ‘ਤੇ ਸਾਲ ਭਰ ਪਾਬੰਦੀ ਲਗਾਉਣ ਵਾਲੇ ਸਾਬਕਾ ਜੱਜ ਓਕਾ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ, ਧਰਮ ਦੇ ਨਾਮ ‘ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੀ ਪ੍ਰਵਿਰਤੀ ਵਧ ਰਹੀ ਹੈ। ਹਾਲਾਂਕਿ, ਜੇਕਰ ਅਸੀਂ ਸਾਰੇ ਧਰਮਾਂ ‘ਤੇ ਨਜ਼ਰ ਮਾਰੀਏ, ਤਾਂ ਸਾਨੂੰ ਪਤਾ ਲੱਗੇਗਾ ਕਿ ਹਰ ਧਰਮ ਸਾਨੂੰ ਵਾਤਾਵਰਣ ਦੀ ਰੱਖਿਆ ਕਰਨ ਤੇ ਜੀਵਾਂ ਪ੍ਰਤੀ ਹਮਦਰਦੀ ਰੱਖਣ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਸਾਨੂੰ ਤਿਉਹਾਰ ਮਨਾਉਂਦੇ ਸਮੇਂ ਵਾਤਾਵਰਣ ਨੂੰ ਤਬਾਹ ਕਰਨ ਜਾਂ ਜਾਨਵਰਾਂ ਪ੍ਰਤੀ ਬੇਰਹਿਮ ਹੋਣ ਦੀ ਇਜਾਜ਼ਤ ਨਹੀਂ ਦਿੰਦਾ।

“ਸਾਰੇ ਧਰਮਾਂ ਦੇ ਲੋਕ ਪਟਾਕੇ ਚਲਾਉਂਦੇ ਹਨ”

ਜਸਟਿਸ ਓਕਾ ਨੇ ਕਿਹਾ ਕਿ ਪਟਾਕੇ ਸਿਰਫ਼ ਦੀਵਾਲੀ ਜਾਂ ਹਿੰਦੂ ਤਿਉਹਾਰਾਂ ਤੱਕ ਹੀ ਸੀਮਿਤ ਨਹੀਂ ਹਨ। ਭਾਰਤ ‘ਚ ਕਈ ਥਾਵਾਂ ‘ਤੇ ਈਸਾਈ ਨਵੇਂ ਸਾਲ ਦੇ ਪਹਿਲੇ ਦਿਨ ਵੀ ਪਟਾਕੇ ਚਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਟਾਕੇ ਲਗਭਗ ਸਾਰੇ ਧਰਮਾਂ ਦੇ ਲੋਕਾਂ ਦੇ ਵਿਆਹਾਂ ‘ਚ ਵਰਤੇ ਜਾਂਦੇ ਹਨ।

ਜਸਟਿਸਾਂ ਨੇ ਪੁੱਛੇ ਸਵਾਲ

ਜਸਟਿਸ ਓਕਾ ਨੇ ਲੋਕਾਂ ਨੂੰ ਪੁੱਛਿਆ, “ਕੀ ਕੋਈ ਕਹਿ ਸਕਦਾ ਹੈ ਕਿ ਪਟਾਕੇ ਚਲਾਉਣਾ ਕਿਸੇ ਵੀ ਧਰਮ ਦਾ ਜ਼ਰੂਰੀ ਹਿੱਸਾ ਹੈ ਜੋ ਸਾਡੇ ਸੰਵਿਧਾਨ ‘ਚ ਸੁਰੱਖਿਅਤ ਹੈ? ਅਸੀਂ ਆਪਣੇ ਤਿਉਹਾਰ ਖੁਸ਼ੀ ਤੇ ਅਨੰਦ ਲਈ ਮਨਾਉਂਦੇ ਹਾਂ, ਪਰ ਸਵਾਲ ਇਹ ਹੈ ਕਿ ਅਸੀਂ ਪਟਾਕੇ ਚਲਾਉਣ ਤੋਂ ਖੁਸ਼ੀ ਤੇ ਅਨੰਦ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜੋ ਬਜ਼ੁਰਗਾਂ ਤੇ ਬਿਮਾਰਾਂ, ਪੰਛੀਆਂਅਤੇ ਜਾਨਵਰਾਂ ਨੂੰ ਪਰੇਸ਼ਾਨ ਕਰਦੇ ਹਨ?”

ਜਸਟਿਸ ਨੇ ਇੱਕ ਹੋਰ ਸਵਾਲ ਪੁੱਛਿਆ, “ਕੀ ਸਾਡਾ ਧਰਮ ਨਦੀ ‘ਚ ਕਿਸੇ ਮੂਰਤੀ ਨੂੰ ਵਿਸਰਜਨ ਕਰਨ ਲਈ ਕਹਿੰਦਾ ਹੈ?” ਉਨ੍ਹਾਂ ਕਿਹਾ, “ਗਣਪਤੀ ਮੂਰਤੀਆਂ ਨੂੰ ਵਿਸਰਜਨ ਕਰਨ ਤੋਂ ਬਾਅਦ ਮੁੰਬਈ ਦੇ ਸਮੁੰਦਰੀ ਕੰਢਿਆਂ ਤੇ ਹੋਰ ਹਿੱਸਿਆਂ ‘ਚ ਜਾਓ, ਤੁਸੀਂ ਉਨ੍ਹਾਂ ਨੂੰ ਵਿਸਰਜਨ ਕਰਕੇ ਨਦੀਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖ ਸਕਦੇ ਹੋ।” ਉਨ੍ਹਾਂ ਕਿਹਾ, “ਇਹ ਸਿਰਫ਼ ਗਣਪਤੀ ਵਿਸਰਜਨ ਤੱਕ ਹੀ ਸੀਮਿਤ ਨਹੀਂ ਹੈ; ਹੋਰ ਧਾਰਮਿਕ ਤਿਉਹਾਰ ਵੀ ਸਮੁੰਦਰੀ ਕੰਢਿਆਂ ਤੇ ਝੀਲਾਂ ਦੇ ਕੰਢਿਆਂ ‘ਤੇ ਮਨਾਏ ਜਾਂਦੇ ਹਨ।”