ਹਿਮਾਚਲ ਪ੍ਰਦੇਸ਼ ਦੇ ਕਾਂਗੜਾ ‘ਚ ਅੱਠ ਮਿੰਟਾਂ ‘ਚ ਦੋ ਵਾਰ ਕੰਬੀ ਧਰਤੀ
ਕਾਂਗੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਧਰਮਸ਼ਾਲਾ ਦੀਆਂ ਧੌਲਾਧਾਰ ਪਹਾੜੀਆਂ ਨੇੜੇ ਸੀ ਭੂਚਾਲ ਦਾ ਕੇਂਦਰ
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ‘ਤੇ ਬਰਫ਼ਬਾਰੀ ਦੌਰਾਨ ਸ਼ਨੀਵਾਰ ਤੜਕੇ ਅੱਠ ਮਿੰਟ ਦੇ ਅੰਦਰ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕਾਂਗੜਾ ਦੇ ਜ਼ਿਲ੍ਹਾ ਹੈੱਡਕੁਆਰਟਰ ਧਰਮਸ਼ਾਲਾ ਦੀਆਂ ਧੌਲਾਧਾਰ ਪਹਾੜੀਆਂ ਨੇੜੇ ਸੀ। ਚੰਬਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੋ ਵਾਰ ਭੂਚਾਲ ਦੇ ਝਟਕਿਆਂ ਨਾਲ ਲੋਕ ਹਿੱਲ ਗਏ। 118 ਸਾਲ ਪਹਿਲਾਂ ਕਾਂਗੜਾ ਅਤੇ ਚੰਬਾ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਦੀ ਭਿਆਨਕਤਾ ਕਾਂਗੜਾ ਅਤੇ ਚੰਬਾ ਵਾਸੀਆਂ ਦੇ ਮਨਾਂ ਵਿੱਚ ਤਾਜ਼ਾ ਹੋ ਗਈ।
ਨਾਲੋਂ-ਨਾਲ ਮਹਿਸੂਸ ਕੀਤੇ ਗਏ ਦੋ ਝਟਕੇ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਸਵੇਰੇ 5.10 ਵਜੇ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਧਰਮਸ਼ਾਲਾ ਦੀਆਂ ਧੌਲਾਧਾਰ ਦੀਆਂ ਪਹਾੜੀਆਂ ਦੇ ਹੇਠਾਂ ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਆਰਐਫ ਅੰਦਰਾਲਾ ਗ੍ਰੋਨ ਵਿੱਚ ਜਮੀਨੀ ਪੱਧਰ ਤੋਂ ਪੰਜ ਕਿਲੋਮੀਟਰ ਹੇਠਾਂ ਸੀ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.8 ਮਾਪੀ ਗਈ। ਕੁਝ ਮਿੰਟਾਂ ਬਾਅਦ, 05:17 ‘ਤੇ, ਦੂਜਾ ਝਟਕਾ ਲੱਗਾ। ਇਸ ਦੀ ਤੀਬਰਤਾ ਪਹਿਲੇ ਭੂਚਾਲ ਨਾਲੋਂ ਜ਼ਿਆਦਾ 3.2 ਰਹੀ। ਭੂਚਾਲ ਦਾ ਕੇਂਦਰ ਧਰਮਸ਼ਾਲਾ ਦੇ ਧੌਲਾਧਰ ਪਹਾੜੀਆਂ ‘ਚ ਸਥਿਤ ਧਾਰ ਸ਼ਰੌਰ ਖੇਤਰ ‘ਚ ਜ਼ਮੀਨ ਦੀ ਸਤ੍ਹਾ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਰਿਹਾ।
ਜਾਨੀ ਨੁਕਸਾਨ ਦੀ ਨਹੀਂ ਖਬਰ
ਸਟੇਟ ਡਿਜ਼ਾਸਟਰ ਮੈਨੇਜਮੈਂਟ ਸੈੱਲ ਦੇ ਡਾਇਰੈਕਟਰ ਸੁਦੇਸ਼ ਮੋਕਤਾ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕਿਤੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਇੱਕ ਮਹੀਨੇ ਵਿੱਚ ਅੱਠ ਵਾਰ ਭੂਚਾਲ ਆਇਆ ਹੈ। ਹਾਲਾਂਕਿ ਤੀਬਰਤਾ ਘੱਟ ਹੋਣ ਕਰਕੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਵਿੱਚ ਚਾਰ ਦਿਨ ਪਹਿਲਾਂ 2.5 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ 03 ਜਨਵਰੀ ਨੂੰ ਸੋਲਨ ਜ਼ਿਲ੍ਹੇ ਵਿੱਚ 2.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਦੋਂ ਕਿ 31 ਦਸੰਬਰ ਨੂੰ ਮੰਡੀ ਜ਼ਿਲ੍ਹੇ ਵਿੱਚ ਵੀ ਇਸੇ ਤੀਬਰਤਾ ਦਾ ਭੂਚਾਲ ਆਇਆ ਸੀ। 26 ਦਸੰਬਰ ਨੂੰ ਕਾਂਗੜਾ, 21 ਦਸੰਬਰ ਨੂੰ ਲਾਹੌਲ-ਸਪੀਤੀ ਅਤੇ 16 ਦਸੰਬਰ ਨੂੰ ਕਿਨੌਰ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਸੰਵੇਦਨਸ਼ੀਲ ਸਿਸਮਿਕ ਜ਼ੋਨ-05 ਵਿੱਚ ਆਉਂਦੇ ਹਨ ਇਹ ਜਿਲ੍ਹੇ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਚੰਬਾ, ਮੰਡੀ, ਸ਼ਿਮਲਾ, ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹੇ ਭੂਚਾਲ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਹੀ ਸੰਵੇਦਨਸ਼ੀਲ ਸਿਸਮਿਕ ਜ਼ੋਨ-05 ਵਿੱਚ ਆਉਂਦੇ ਹਨ। ਦੱਸ ਦੇਈਏ ਕਿ ਸੂਬੇ ਨੂੰ ਸਾਲ 1905 ਵਿੱਚ ਵਿਨਾਸ਼ਕਾਰੀ ਭੁਚਾਲ ਦੀ ਮਾਰ ਝੱਲਣੀ ਪਈ ਸੀ। ਉਦੋਂ ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਤੇਜ ਤੀਬਰਤਾ ਵਾਲੇ ਭੂਚਾਲ ਵਿੱਚ 10 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।