ਕੀ 20 ਨਵੰਬਰ ਤੋਂ ਬਾਅਦ ਸਾਫ਼ ਹੋ ਜਾਵੇਗੀ ਦਿੱਲੀ ਦੀ ਹਵਾ ? ਨਕਲੀ ਮੀਂਹ ਰਾਹੀਂ ਪ੍ਰਦੂਸ਼ਣ ਨੂੰ ਖਤਮ ਕਰਨ ਦੀ ਤਿਆਰੀ
ਦਿੱਲੀ ਵਿੱਚ ਪ੍ਰਦੂਸ਼ਣ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿੱਲੀ ਸਰਕਾਰ ਇਸ ਨੂੰ ਕੰਟਰੋਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ, ਹਾਲਾਂਕਿ AQI ਵਿੱਚ ਸੁਧਾਰ ਨਹੀਂ ਹੋ ਰਿਹਾ ਹੈ। ਅਜਿਹੇ 'ਚ ਹੁਣ ਦਿੱਲੀ ਸਰਕਾਰ ਨੇ ਨਕਲੀ ਬਾਰਿਸ਼ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਬੁੱਧਵਾਰ ਨੂੰ ਆਈਆਈਟੀ ਕਾਨਪੁਰ ਦੇ ਮਾਹਿਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ ਮੰਤਰੀ ਆਤਿਸ਼ੀ ਵੀ ਮੌਜੂਦ ਸਨ।
ਹੁਣ ਦਿੱਲੀ ਨੂੰ ਪ੍ਰਦੂਸ਼ਣ (Pollution) ਤੋਂ ਮੁਕਤ ਕਰਨ ਲਈ ਨਕਲੀ ਮੀਂਹ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਸਬੰਧੀ ਪੂਰੀ ਤਿਆਰੀ ਕਰ ਲਈ ਗਈ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਮੁਤਾਬਕ ਇਹ ਨਕਲੀ ਬਾਰਿਸ਼ 20 ਜਾਂ 21 ਨਵੰਬਰ ਨੂੰ ਕੀਤੀ ਜਾ ਸਕਦੀ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਇਸ ਸਬੰਧੀ ਆਈਆਈਟੀ ਕਾਨਪੁਰ ਦੇ ਮਾਹਿਰਾਂ ਨਾਲ ਮੀਟਿੰਗ ਵੀ ਕੀਤੀ। ਇਸ ਮੀਟਿੰਗ ਵਿੱਚ ਮੰਤਰੀ ਆਤਿਸ਼ੀ ਵੀ ਮੌਜੂਦ ਸਨ।
ਦਿੱਲੀ ਗੈਸ ਚੈਂਬਰ ਬਣ ਗਈ ਹੈ, ਹਵਾ ਗੁਣਵੱਤਾ ਸੂਚਕ ਅੰਕ ਰਿਕਾਰਡ ‘ਤੇ ਹੈ। ਜ਼ਹਿਰੀਲੀ ਹਵਾ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਸੀਪੀਸੀਬੀ ਦੇ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਵੀ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 426 ‘ਤੇ ਰਿਹਾ, ਜੋ ਕਿ ਬਹੁਤ ਗੰਭੀਰ ਸਥਿਤੀ ਹੈ। ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜੀਆਰਏਪੀ-4 ਵੀ ਲਾਗੂ ਕਰ ਦਿੱਤਾ ਗਿਆ ਹੈ ਪਰ ਪ੍ਰਦੂਸ਼ਣ ਦੀ ਸਥਿਤੀ ਵਿੱਚ ਕਮੀ ਨਾ ਆਉਣ ਕਾਰਨ ਹੁਣ ਨਕਲੀ ਵਰਖਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਤਰ੍ਹਾਂ ਹੁੰਦੀ ਹੈ ਨਕਲੀ ਵਰਖਾ
ਕਿਸੇ ਵੀ ਖੇਤਰ ‘ਤੇ ਨਕਲੀ ਬਾਰਿਸ਼ ਕਰਨ ਲਈ ਸਭ ਤੋਂ ਪਹਿਲਾਂ ਹਵਾਈ ਜਹਾਜ਼ ਦੀ ਮਦਦ ਨਾਲ ਅਸਮਾਨ ‘ਚ ਸਿਲਵਰ ਆਇਓਡਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ, ਜਿਵੇਂ ਹੀ ਇਹ ਹਵਾ ਦੇ ਸੰਪਰਕ ‘ਚ ਆਉਂਦਾ ਹੈ ਤਾਂ ਤੇਜ਼ੀ ਨਾਲ ਬੱਦਲ ਬਣ ਜਾਂਦੇ ਹਨ, ਇਨ੍ਹਾਂ ਬੱਦਲਾਂ ਕਾਰਨ ਹੀ ਮੀਂਹ ਪੈਂਦਾ ਹੈ। ਸਰਲ ਭਾਸ਼ਾ ਵਿੱਚ ਇਸਨੂੰ ਕਲਾਉਡ ਸੀਡਿੰਗ ਵੀ ਕਿਹਾ ਜਾਂਦਾ ਹੈ। ਆਈਆਈਟੀ ਕਾਨਪੁਰ ਦੇ ਮਾਹਿਰਾਂ ਅਨੁਸਾਰ ਸਿਲਵਰ ਆਇਓਡਾਈਡ ਬਰਫ਼ ਵਰਗੀ ਹੁੰਦੀ ਹੈ, ਜਿਸ ਕਾਰਨ ਬੱਦਲਾਂ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਬੱਦਲ ਮੀਂਹ ਪੈਣ ਲੱਗਦੇ ਹਨ।
2018 ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ ਪਲਾਨ
2018 ‘ਚ ਦਿੱਲੀ ‘ਚ ਨਕਲੀ ਬਾਰਿਸ਼ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਸੀ ਪਰ ਉਸ ਸਮੇਂ ਮੌਸਮ ਅਨੁਕੂਲ ਨਾ ਹੋਣ ਕਾਰਨ ਇਹ ਯੋਜਨਾ ਟਾਲ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਆਈਆਈਟੀ ਦੇ ਪ੍ਰੋਫੈਸਰਾਂ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਸੀ ਪਰ ਮੌਸਮ ਨੇ ਸਾਰੀਆਂ ਤਿਆਰੀਆਂ ਨੂੰ ਵਿਗਾੜ ਦਿੱਤਾ ਸੀ। ਆਈਆਈਟੀ ਮਾਹਿਰਾਂ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਹਰ ਵਾਰ ਨਕਲੀ ਮੀਂਹ ਪਾਉਣਾ ਮੁਸ਼ਕਲ ਹੁੰਦਾ ਹੈ, ਅਸਲ ਵਿੱਚ ਸਰਦੀਆਂ ਵਿੱਚ ਬੱਦਲਾਂ ਵਿੱਚ ਨਮੀ ਘੱਟ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਕਲਾਉਡ ਸੀਡਿੰਗ ਦੀ ਪ੍ਰਕਿਰਿਆ ਮੁਸ਼ਕਲ ਹੋ ਜਾਂਦੀ ਹੈ।