ਡੱਲੇਵਾਲ ਦੀ ਕੁੱਝ ਦਿਨ ਪਹਿਲਾ ਦੀ ਤਸਵੀਰ
ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 47ਵਾਂ ਦਿਨ ਹੈ। ਵੀਰਵਾਰ ਨੂੰ ਕੀਤੇ ਗਏ ਉਹਨਾਂ ਦੇ ਟੈਸਟ ਦੀ ਰਿਪੋਰਟ ਅੱਜ ਸ਼ਾਮ ਨੂੰ ਜਨਤਕ ਕਰ ਦਿੱਤੀ ਗਈ। ਜਿਸ ਵਿੱਚ ਉਹਨਾਂ ਦੀ ਵਿਗੜਦੀ ਹਾਲਤ ‘ਤੇ ਚਿੰਤਾ ਪ੍ਰਗਟ ਕੀਤੀ ਹੈ।
ਵੱਖ ਵੱਖ ਕਿਸਾਨ ਆਗੂਆਂ ਨੇ ਡੱਲੇਵਾਲ ਵਿਗੜਦੀ ਸਿਹਤ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਸਦੇ ਸਰੀਰ ਦੇ ਕਈ ਮਹੱਤਵਪੂਰਨ ਤੱਤ ਆਮ ਸੀਮਾਵਾਂ ਤੋਂ ਪਰੇ ਹਨ।
ਅੱਜ, ਤੇਲੰਗਾਨਾ ਦੇ ਖੰਮਨ ਵਿੱਚ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ 12 ਘੰਟੇ ਦੀ ਪ੍ਰਤੀਕਾਤਮਕ ਭੁੱਖ ਹੜਤਾਲ ਵੀ ਕੀਤੀ ਗਈ। ਇਸ ਦੇ ਨਾਲ ਹੀ, ਕੱਲ੍ਹ ਹਰਿਆਣਾ ਦੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਵੱਡਾ ਸਮੂਹ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਖਨੌਰੀ ਕਿਸਾਨ ਮੋਰਚੇ ਵਿੱਚ ਆਵੇਗਾ।
SKM ਦਾ ਵੀ ਮਿਲਿਆ ਸਾਥ
ਡੱਲੇਵਾਲ ਦੀ ਭੁੱਖ ਹੜਤਾਲ ਤੋਂ ਬਾਅਦ ਕਿਸਾਨ ਆਗੂ ਇੱਕ ਮੰਚ ਉੱਪਰ ਇਕੱਠੇ ਹੁੰਦੇ ਨਜ਼ਰ ਆ ਰਹੇ ਹਨ। ਬੀਤੇ ਕੱਲ੍ਹ(ਸ਼ੁੱਕਰਵਾਰ) ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ ਸਿੰਘ ਸਮੇਤ ਹੋਰ ਆਗੂ ਖਨੌਰੀ ਸਰਹੱਦ ‘ਤੇ ਪਹੁੰਚੇ ਅਤੇ ਡੱਲੇਵਾਲ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂਆਂ ਨੇ 9 ਜਨਵਰੀ ਨੂੰ ਮੋਗਾ ਵਿਖੇ ਹੋਈ ਮਹਾਂਪੰਚਾਇਤ ਵਿੱਚ ਪਾਸ ਕੀਤਾ ਗਿਆ ਪ੍ਰਸਤਾਵ ਮੋਰਚੇ ਦੇ ਆਗੂਆਂ ਨੂੰ ਸੌਂਪਿਆ।
ਕਿਸਾਨ ਆਗੂਆਂ ਨੇ ਇੱਕ ਸਵਰ ਵਿੱਚ ਕੇਂਦਰ ਸਰਕਾਰ ਤੋਂ ਫ਼ਸਲਾਂ ਲਈ MSP ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਖਨੌਰੀ ਮੋਰਚੇ ਦੇ ਆਗੂਆਂ ਨੇ ਸਾਰੇ ਕਿਸਾਨਾਂ ਤੋਂ ਸਹਿਯੋਗ ਮੰਗਿਆ ਹੈ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।
ਯੂਪੀ ਚ ਕਿਸਾਨ ਨਜ਼ਰਬੰਦ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ‘ਤੇ, ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਪਿੰਡ ਪੱਧਰ ‘ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ। ਉੱਤਰ ਪ੍ਰਦੇਸ਼ ਵਿੱਚ ਇਸ ਅੰਦੋਲਨ ਨੂੰ ਰੋਕਣ ਲਈ ਪੁਲਿਸ ਨੇ ਬੁਲੰਦ ਸ਼ਹਿਰ ਅਤੇ ਅਲੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਤਾਂ ਜੋ ਕਿਸਾਨ ਕੇਂਦਰ ਸਰਕਾਰ ਦੇ ਪੁਤਲੇ ਨਾ ਸਾੜ ਸਕਣ।
ਕਿਸਾਨ ਆਗੂਆਂ ਨੇ ਇਸਨੂੰ ਲੋਕਤੰਤਰ ਦਾ ਦਮਨ ਦੱਸਿਆ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਡੱਲੇਵਾਲ ਦੀ ਸਿਹਤ ਨਾਲ ਕੁਝ ਵੀ ਮਾੜਾ ਹੋਇਆ ਤਾਂ ਦੇਸ਼ ਭਰ ਵਿੱਚ ਇੱਕ ਵਿਸ਼ਾਲ ਕਿਸਾਨ ਅੰਦੋਲਨ ਖੜ੍ਹਾ ਹੋ ਜਾਵੇਗਾ।