ਸਮੁੰਦਰ ਤੱਟ ਨਾਲ ਅੱਜ ਟਕਰਾਏਗਾ ਚੱਕਰਵਾਤੀ ਤੂਫਾਨ ਫੇਂਗਲ, ਭਾਰੀ ਮੀਂਹ ਦਾ ਅਲਰਟ ਤਬਾਹੀ ਮਚਾ ਸਕਦਾ ਹੈ ਤੂਫਾਨ
Fengal Cyclone: ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਚੱਕਰਵਾਤ ਜ਼ੋਰ ਫੜ ਰਿਹਾ ਹੈ। ਇਹ ਚੱਕਰਵਾਤ ਬੁੱਧਵਾਰ ਨੂੰ ਤੂਫਾਨ ਬਣ ਜਾਵੇਗਾ। ਹਾਲਾਂਕਿ ਇਸ ਤੂਫਾਨ ਦਾ ਅਸਰ ਬੰਗਾਲ 'ਚ ਜ਼ਿਆਦਾ ਦੇਖਣ ਨੂੰ ਨਹੀਂ ਮਿਲੇਗਾ ਪਰ ਇਹ ਤੂਫਾਨ ਤੱਟ ਨਾਲ ਟਕਰਾਏਗਾ, ਜਿਸ ਨਾਲ ਭਾਰੀ ਤਬਾਹੀ ਹੋ ਸਕਦੀ ਹੈ। ਇਸ ਤੂਫਾਨ ਨੂੰ ਫੇਂਗਲ ਦਾ ਨਾਂ ਦਿੱਤਾ ਗਿਆ ਹੈ।
ਬੰਗਾਲ ਦੀ ਖਾੜੀ ਵਿੱਚ ਇੱਕ ਨਵਾਂ ਚੱਕਰਵਾਤ ਜ਼ੋਰ ਫੜ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਮਜ਼ਬੂਤ ਹੋ ਕੇ ਡੂੰਘੇ ਦਬਾਅ ਵਿੱਚ ਬਦਲ ਗਿਆ ਹੈ। ਅੱਜ ਯਾਨੀ ਬੁੱਧਵਾਰ ਨੂੰ ਇਹ ਚੱਕਰਵਾਤ ਤੂਫਾਨ ਬਣ ਜਾਵੇਗਾ। ਹਾਲਾਂਕਿ ਇਸ ਚੱਕਰਵਾਤ ਦਾ ਅਸਰ ਬੰਗਾਲ ‘ਚ ਖਾਸ ਤੌਰ ‘ਤੇ ਨਹੀਂ ਦਿਖੇਗਾ ਪਰ ਇਹ ਚੱਕਰਵਾਤ ਤਾਮਿਲਨਾਡੂ ਨਾਲ ਟਕਰਾਏਗਾ। ਇਸ ਚੱਕਰਵਾਤ ਨੂੰ ਫੇਂਗਲ ਦਾ ਨਾਂ ਦਿੱਤਾ ਗਿਆ ਹੈ।
ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ, ਚੱਕਰਵਾਤ ਫੇਂਗਲ ਚੇਨਈ ਤੋਂ 770 ਕਿਲੋਮੀਟਰ ਦੱਖਣ-ਦੱਖਣ ਪੂਰਬ ਵਿੱਚ ਸਥਿਤ ਹੈ। ਤਾਮਿਲਨਾਡੂ ਤੱਟ ਤੋਂ ਲੰਘਦਾ ਹੋਇਆ ਇਹ ਅਗਲੇ ਦੋ ਦਿਨਾਂ ਤੱਕ ਉੱਤਰ-ਪੱਛਮ ਵੱਲ ਸ਼੍ਰੀਲੰਕਾ ਦੇ ਤੱਟ ਵੱਲ ਵਧੇਗਾ। ਇਸ ਕਾਰਨ ਸੂਬੇ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਮਿਲਨਾਡੂ ‘ਚ ਮੰਗਲਵਾਰ ਤੋਂ ਬਾਰਿਸ਼ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਚੇਨਈ, ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ‘ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਇਸ ਸਬੰਧੀ ਪਹਿਲਾਂ ਹੀ ਉੱਚ ਪੱਧਰੀ ਮੀਟਿੰਗ ਕਰ ਚੁੱਕੇ ਹਨ। ਉਨ੍ਹਾਂ ਨੇ ਐਨਡੀਆਰਐਫ ਅਤੇ ਐਸਡੀਆਰਐਫ ਨਾਲ ਮੀਟਿੰਗ ਕੀਤੀ। ਉਨ੍ਹਾਂ ਰਾਹਤ ਕੈਂਪ ਅਤੇ ਮੈਡੀਕਲ ਟੀਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਛੇਰਿਆਂ ਨੂੰ ਸਮੁੰਦਰ ਵਿੱਚ ਜਾਣ ਦੀ ਮਨਾਹੀ ਕੀਤੀ ਗਈ ਹੈ, ਜੋ ਲੋਕ ਇਸ ਸਮੇਂ ਸਮੁੰਦਰ ਵਿੱਚ ਹਨ। ਉਨ੍ਹਾਂ ਨੂੰ ਵੀ ਤੁਰੰਤ ਨਜ਼ਦੀਕੀ ਬੰਦਰਗਾਹ ‘ਤੇ ਵਾਪਸ ਜਾਣ ਲਈ ਕਿਹਾ ਗਿਆ ਹੈ। ਰਾਜ ਵੱਲੋਂ ਸਹਾਇਤਾ ਕੇਂਦਰ ਵੀ ਬਣਾਏ ਗਏ ਹਨ, ਜੋ 24 ਘੰਟੇ ਖੁੱਲ੍ਹੇ ਰਹਿਣਗੇ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਕਾਲਜ ਰਹੇ ਬੰਦ
ਇਸ ਦੌਰਾਨ, ਭਾਰਤ ਦੇ ਮੌਸਮ ਵਿਭਾਗ (IMD) ਨੇ ਤਾਮਿਲਨਾਡੂ ਦੇ ਕੁਝ ਹਿੱਸਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਲੋਕਾਂ ਨੂੰ ਚੌਕਸ ਰਹਿਣ ਅਤੇ ਸਿਰਫ ਜ਼ਰੂਰੀ ਕੰਮਾਂ ਲਈ ਹੀ ਬਾਹਰ ਨਿਕਲਣ ਲਈ ਕਿਹਾ ਹੈ। ਇਸ ਦੇ ਨਾਲ ਹੀ ਬਾਹਰੀ ਗਤੀਵਿਧੀਆਂ ਨੂੰ ਘੱਟ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। ਹਾਲਾਂਕਿ ਚੇਨਈ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਬਾਰਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਬੁੱਧਵਾਰ ਨੂੰ ਤਿਰੂਵੱਲੁਰ, ਤੰਜਾਵੁਰ, ਮੇਇਲਾਦੁਥੁਰਾਈ, ਪੁਡੂਚੇਰੀ, ਕਰਾਈਕਲ, ਚੇਨਈ, ਚੇਂਗਲਪੱਟੂ, ਤਿਰੂਵਰੂਰ ਅਤੇ ਕੁੱਡਲੋਰ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਰਹੇ।