ਰੁਕ ਨਹੀਂ ਰਿਹਾ ਕੋਰੋਨਾ, JN.1 ਦੇ ਮਾਮਲੇ 150 ਦੇ ਪਾਰ, 9 ਮਹੀਨਿਆਂ ਬਾਅਦ ਬੰਗਾਲ ‘ਚ ਪਹਿਲੀ ਮੌਤ

Published: 

29 Dec 2023 06:32 AM

ਦੇਸ਼ 'ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂਅ ਨਹੀਂ ਲੈ ਰਹੇ ਹਨ, JN.1 ਦੇ ਵੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ, ਕੋਰੋਨਾ ਦੇ ਨਵੇਂ ਉਪ ਰੂਪ ਦੇ 157 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 78 ਮਾਮਲੇ ਕੇਰਲ ਵਿੱਚ ਪਾਏ ਗਏ ਹਨ।

ਰੁਕ ਨਹੀਂ ਰਿਹਾ ਕੋਰੋਨਾ, JN.1 ਦੇ ਮਾਮਲੇ 150 ਦੇ ਪਾਰ, 9 ਮਹੀਨਿਆਂ ਬਾਅਦ ਬੰਗਾਲ ਚ ਪਹਿਲੀ ਮੌਤ

ਕੋਰੋਨਾ .(Image Credit Source: Freepik)

Follow Us On

ਦੇਸ਼ ‘ਚ ਕੋਰੋਨਾ (Corona) ਇਨਫੈਕਸ਼ਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਰਵਾਰ ਨੂੰ ਕੋਵਿਡ ਦੇ 702 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਵਿਡ ਸਬ-ਵੇਰੀਐਂਟ JN.1 ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਹੁਣ ਤੱਕ ਇਹ ਨੌਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਇਸ ਸਬ-ਵੇਰੀਐਂਟ ਦੇ 157 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 78 ਕੇਸ ਇਕੱਲੇ ਕੇਰਲ ਦੇ ਹਨ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 6 ਮੌਤਾਂ ਵੀ ਹੋਈਆਂ ਹਨ। ਬੰਗਾਲ ‘ਚ ਵੀ 9 ਮਹੀਨਿਆਂ ਬਾਅਦ ਕੋਰੋਨਾ ਇਨਫੈਕਸ਼ਨ ਕਾਰਨ ਇਕ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਕੋਰੋਨਾ ਦੀ ਲਾਗ ਹੌਲੀ-ਹੌਲੀ ਘਾਤਕ ਹੁੰਦੀ ਜਾ ਰਹੀ ਹੈ। ਜਿਵੇਂ-ਜਿਵੇਂ ਸਰਦੀ ਵਧਦੀ ਜਾ ਰਹੀ ਹੈ, ਕੋਰੋਨਾ ਦੇ ਨਵੇਂ ਮਾਮਲੇ ਵਧਦੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਕਰਮਿਤ ਲੋਕਾਂ ਦੀ ਮੌਤ ਦਾ ਸਿਲਸਿਲਾ ਵੀ ਜਾਰੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ JN.1 ਦੇ ਨਵੇਂ 157 ਕੇਸਾਂ ਵਿੱਚੋਂ 78 ਕੇਰਲ ਦੇ ਹਨ। ਇਸ ਤੋਂ ਇਲਾਵਾ 34 ਮਾਮਲੇ ਗੁਜਰਾਤ ਦੇ ਹਨ। ਇਸ ਤੋਂ ਇਲਾਵਾ ਗੋਆ ਵਿੱਚ JN.1 ਦੇ 18, ਮਹਾਰਾਸ਼ਟਰ ਵਿੱਚ 7, ਰਾਜਸਥਾਨ ਵਿੱਚ 5, ਤਾਮਿਲਨਾਡੂ ਵਿੱਚ 4, ਤੇਲੰਗਾਨਾ ਵਿੱਚ 2, ਦਿੱਲੀ ਵਿੱਚ ਇੱਕ ਕੇਸ ਸਰਗਰਮ ਹਨ।

ਬੰਗਾਲ ਵਿੱਚ ਇੱਕ ਦੀ ਮੌਤ

ਪੱਛਮੀ ਬੰਗਾਲ ਵਿੱਚ ਵੀਰਵਾਰ ਨੂੰ 9 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਇੱਕ ਕੋਵਿਡ-ਪਾਜ਼ਿਟਿਵ ਮਰੀਜ਼ ਦੀ ਮੌਤ ਦਰਜ ਕੀਤੀ ਗਈ, ਇੱਕ ਸਿਹਤ ਅਧਿਕਾਰੀ ਨੇ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਮਰੀਜ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ, ਉਸ ਨੂੰ ਕਈ ਹੋਰ ਬਿਮਾਰੀਆਂ ਵੀ ਸਨ। ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਵਿਅਕਤੀ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰਾਜ ਵਿੱਚ ਕੋਵਿਡ ਕਾਰਨ ਆਖਰੀ ਮੌਤ 26 ਮਾਰਚ ਨੂੰ ਹੋਈ ਸੀ। ਸੂਬੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 11 ਹੈ। ਜਦਕਿ ਤਿੰਨ ਲੋਕਾਂ ਨੂੰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਗੁਜਰਾਤ ਵਿੱਚ JN.1

ਗੁਜਰਾਤ ਵਿੱਚ ਕੋਰੋਨਾ ਦੀ ਸਥਿਤੀ ਚਿੰਤਾਜਨਕ ਨਹੀਂ ਦੱਸੀ ਜਾ ਰਹੀ ਹੈ। ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਦੇ ਅਨੁਸਾਰ, ਰਾਜ ਵਿੱਚ ਬਹੁਤ ਸਾਰੇ ਮਰੀਜ਼ਾਂ ਨੇ JN.1 ਵੇਰੀਐਂਟ ‘ਤੇ ਕਾਬੂ ਪਾਇਆ ਹੈ। ਸਿਹਤ ਮੰਤਰੀ ਦੇ ਅਨੁਸਾਰ, ਅਹਿਮਦਾਬਾਦ ਵਿੱਚ 47, ਰਾਜਕੋਟ ਵਿੱਚ 10, ਗਾਂਧੀਨਗਰ ਵਿੱਚ 4 ਅਤੇ ਦਾਹੋਦ, ਗਿਰ ਸੋਮਨਾਥ, ਕੱਛ, ਮੋਰਬੀ ਅਤੇ ਸਾਬਰਕਾਂਠਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਸਾਹਮਣੇ ਆਏ ਸਾਰੇ ਮਰੀਜ਼ਾਂ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਓਡੀਸ਼ਾ ‘ਚ ਨਵੇਂ ਕੇਸ

ਓਡੀਸ਼ਾ ਵਿੱਚ ਕੋਵਿਡ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਨਿਰਦੇਸ਼ਕ ਨਿਰੰਜਨ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਸੂਬੇ ‘ਚ ਤਿੰਨ ਨਵੇਂ ਮਾਮਲਿਆਂ ਤੋਂ ਬਾਅਦ ਇਹ ਗਿਣਤੀ ਅੱਠ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹੁਣ ਤੱਕ ਸੂਬੇ ਵਿੱਚ ਕਿਸੇ ਨੂੰ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲੋੜ ਨਹੀਂ ਪਈ ਹੈ।