ਬ੍ਰਹਮਾ ਵੀ ਅੰਦਾਜ਼ਾ ਨਹੀਂ ਲਗਾ ਸਕਦੇ.. ਪੰਜਾਬ ਦੀਆਂ ਚੋਣਾਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

tv9-punjabi
Updated On: 

10 Apr 2025 12:41 PM

Amit Shah's Big Statement: ਅਮਿਤ ਸ਼ਾਹ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਨਤੀਜਾ ਅਨੁਮਾਨ ਲਗਾਉਣਾ ਮੁਸ਼ਕਲ ਹੈ। ਉਨ੍ਹਾਂ ਨੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਸਵਾਲ ਨੂੰ ਟਾਲ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਲੋਕ ਚੰਗਾ ਫੈਸਲਾ ਲੈਣਗੇ। ਖਾਲਿਸਤਾਨੀ ਗਤੀਵਿਧੀਆਂ 'ਤੇ, ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਖ਼ਤ ਰੁਖ਼ ਦਾ ਜ਼ਿਕਰ ਕੀਤਾ।

ਬ੍ਰਹਮਾ ਵੀ ਅੰਦਾਜ਼ਾ ਨਹੀਂ ਲਗਾ ਸਕਦੇ.. ਪੰਜਾਬ ਦੀਆਂ ਚੋਣਾਂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ

ਅਮਿਤ ਸ਼ਾਹ ਦੀ ਪੁਰਾਣੀ ਤਸਵੀਰ

Follow Us On

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2027 ਵਿੱਚ ਪੰਜਾਬ ਵਿੱਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਹਾ ਜਾਂਦਾ ਹੈ ਕਿ ਬ੍ਰਹਿਮੰਡ ਦੀ ਰਚਨਾ ਭਗਵਾਨ ਬ੍ਰਹਮਾ ਨੇ ਕੀਤੀ ਸੀ, ਪਰ ਭਗਵਾਨ ਬ੍ਰਹਮਾ ਵੀ ਪੰਜਾਬ ਵਿੱਚ ਚੋਣਾਂ ਦੀ ਭਵਿੱਖਬਾਣੀ ਨਹੀਂ ਕਰ ਸਕਣਗੇ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਚੋਣਾਂ ਆਉਣ ‘ਤੇ ਪੰਜਾਬ ਦੇ ਲੋਕ ਇੱਕ ਚੰਗਾ ਫੈਸਲਾ ਲੈਣਗੇ ਅਤੇ ਸੂਬੇ ਵਿੱਚ ਬਹੁਮਤ ਵਾਲੀ ਸਰਕਾਰ ਬਣੇਗੀ।

ਜ਼ਿਕਰਯੋਗ ਹੈ ਕਿ ਇਹ ਪੰਜਾਬ ਨੂੰ ਲੈਕੇ ਅਮਿਤ ਸ਼ਾਹ ਦਾ ਪਹਿਲਾਂ ਬਿਆਨ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲੋਕ ਸਭਾ ਚੋਣਾਂ ਵੇਲੇ ਅਮਿਤ ਸ਼ਾਹ ਨੇ ਇਹੀ ਗੱਲ ਕਹੀ ਸੀ। ਜਦੋਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਉਹਨਾਂ ਕੋਲੋਂ ਸਵਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਗੱਠਜੋੜ ਦੀ ਗੱਲ ਸੁਣ ਹੱਸ ਪਏ ਅਮਿਤ ਸ਼ਾਹ

ਦਿੱਲੀ ਦੇ ਇੱਕ ਨਿੱਜੀ ਮੀਡੀਆ ਨੈੱਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਅਮਿਤ ਸ਼ਾਹ ਨੂੰ ਅਗਾਮੀ ਚੋਣਾਂ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਹੱਸਦਿਆਂ ਹੱਸਦਿਆਂ ਸਵਾਲ ਨੂੰ ਟਾਲ ਦਿੱਤਾ। ਉਹਨਾਂ ਨੇ ਕਿਹਾ ਕਿ ਸਮਾਂ ਆਉਣ ਤੇ ਪੰਜਾਬ ਦੇ ਲੋਕ ਚੰਗਾ ਫੈਸਲਾ ਲੈਣਗੇ ਅਤੇ ਪੰਜਾਬ ਵਿੱਚ ਪੂਰਨ ਬਹੁਮਤ ਵਾਲੀ ਚੰਗੀ ਸਰਕਾਰ ਬਣੇਗੀ। ਹਾਲਾਂਕਿ ਉਹਨਾਂ ਨੇ ਅਕਾਲੀ ਦਲ ਤੇ ਕੋਈ ਟਿੱਪਣੀ ਕਰਨ ਤੋਂ ਬਚਾਅ ਕੀਤਾ।

ਦੇਸ਼ ਖਿਲਾਫ਼ ਕੋਈ ਗੱਲ ਬਰਦਾਸ਼ਿਤ ਨਹੀਂ- ਸ਼ਾਹ

ਜਦੋਂ ਅਮਿਤ ਸ਼ਾਹ ਤੋਂ ਪੁੱਛਿਆ ਗਿਆ ਕਿ ਭਾਰਤ ਵਿੱਚ ਖਾਲਿਸਤਾਨੀ ਗਤੀਵਿਧੀਆਂ ਵੱਧ ਰਹੀਆਂ ਹਨ, ਤਾਂ ਉਨ੍ਹਾਂ ਕਿਹਾ ਕਿ ਇਸਨੂੰ ਰੋਕਣਾ ਸੂਬਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਹਾਲਾਂਕਿ, ਇਹ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਨਾਮ ‘ਤੇ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ, ਤਾਂ ਇਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਅਸੀਂ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਵਾਂਗੇ, ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।”