ਅਹਿਮਦਾਬਾਦ: 10ਵੀਂ ਜਮਾਤ ਦੀ ਵਿਦਿਆਰਥਣ ਨੇ ਅਚਾਨਕ ਸਕੂਲ ਦੀ ਬਾਲਕੋਨੀ ਤੋਂ ਮਾਰੀ ਛਾਲ… ਸੀਸੀਟੀਵੀ ‘ਚ ਕੈਦ ਹੋਈ ਲਾਈਵ ਮੌਤ
ਗੁਜਰਾਤ ਦੇ ਅਹਿਮਦਾਬਾਦ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 10ਵੀਂ ਜਮਾਤ 'ਚ ਪੜ੍ਹਦੀ 16 ਸਾਲਾ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ।
ਗੁਜਰਾਤ ਦੇ ਅਹਿਮਦਾਬਾਦ ‘ਚ, 10ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਗੰਭੀਰ ਜ਼ਖਮੀ ਵਿਦਿਆਰਥਣ ਨੂੰ ਹਸਪਤਾਲ ਲਿਜਾਇਆ ਗਿਆ। ਪਰ ਇਲਾਜ ਦੌਰਾਨ ਵਿਦਿਆਰਥਣ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸਕੂਲ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਜਾਂਚ ਲਈ ਭੇਜ ਦਿੱਤੀ ਹੈ।
ਇਹ ਘਟਨਾ ਨਵਰੰਗਪੁਰਾ ਇਲਾਕੇ ‘ਚ ਸਥਿਤ ਸੋਮ ਲਲਿਤ ਸਕੂਲ ਦੀ ਹੈ। ਵੀਰਵਾਰ ਨੂੰ ਵਾਪਰੀ ਇਸ ਦੁਖਦਾਈ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਕੂਲ ਦੀ ਸੀਸੀਟੀਵੀ ਫੁਟੇਜ ‘ਚ ਦਿਖਾਇਆ ਗਿਆ ਹੈ ਕਿ ਵਿਦਿਆਰਥਣ ਦੁਪਹਿਰ 12:30 ਵਜੇ ਦੇ ਕਰੀਬ ਲਾਬੀ ‘ਚ ਚਾਬੀ ਦਾ ਛੱਲਾ ਘੁੰਮਾਉਂਦੇ ਹੋਏ ਚੱਲ ਰਹੀ ਸੀ। ਫਿਰ ਅਚਾਨਕ ਉਸ ਨੇ ਰੇਲਿੰਗ ਪਾਰ ਕੇ ਛਾਲ ਮਾਰ ਦਿੱਤੀ। ਉਸ ਦੇ ਦੋਸਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ।
ਇਹ ਘਟਨਾ ਉਦੋਂ ਵਾਪਰੀ ਜਦੋਂ ਸਕੂਲ ‘ਚ ਦੁਪਹਿਰ ਦੇ ਖਾਣੇ ਦੀ ਬ੍ਰੇਕ ਚੱਲ ਰਹੀ ਸੀ। ਵਿਦਿਆਰਥਣ ਦੇ ਛਾਲ ਮਾਰਨ ਤੋਂ ਬਾਅਦ ਸਕੂਲ ‘ਚ ਰੌਲਾ ਪੈ ਗਿਆ। ਕਲਾਸ ਦੇ ਵਿਦਿਆਰਥੀ ਰੇਲਿੰਗ ਵੱਲ ਭੱਜੇ। ਅਧਿਆਪਕ ਵੀ ਬਾਹਰ ਆ ਗਏ। ਪਰ ਕੋਈ ਵੀ ਕੁਝ ਸਮਝ ਨਹੀਂ ਸਕਿਆ। ਛਾਲ ਮਾਰਨ ਤੋਂ ਬਾਅਦ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ‘ਚ ਸਿਰ ‘ਚ ਡੂੰਘੀ ਸੱਟ ਅਤੇ ਹੱਥਾਂ ਅਤੇ ਲੱਤਾਂ ਦੀਆਂ ਹੱਡੀਆਂ ‘ਚ ਫ੍ਰੈਕਚਰ ਸ਼ਾਮਲ ਹੈ। ਉਸ ਨੂੰ ਤੁਰੰਤ ਨੇੜਲੇ ਨਿਧੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਆਈਸੀਯੂ ‘ਚ ਦਾਖਲ ਕਰਵਾਇਆ ਗਿਆ। ਬਾਅਦ ‘ਚ, ਪਰਿਵਾਰ ਨੇ ਉਸ ਨੂੰ ਥਲਤੇਜ ਦੇ ਕਿਸੇ ਹੋਰ ਹਸਪਤਾਲ ‘ਚ ਸ਼ਿਫਟ ਕੀਤਾ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
‘ਗੜਬੜੀ ਦਾ ਸ਼ੱਕ ਨਹੀਂ’
ਪੁਲਿਸ ਨੇ ਕਿਹਾ- ਵਿਦਿਆਰਥਣ ਦੀ ਖੁਦਕੁਸ਼ੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਸੀਂ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਾਂ। ਫਿਲਹਾਲ, ਸਾਨੂੰ ਕਿਸੇ ਗੜਬੜੀ ਦਾ ਸ਼ੱਕ ਨਹੀਂ ਹੈ, ਫਿਰ ਵੀ ਅਸੀਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਾਂ। ਉਸ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ।
ਛੁੱਟੀਆਂ ਤੋਂ ਬਾਅਦ ਸਕੂਲ ਵਾਪਸ ਆਈ ਸੀ
ਸਕੂਲ ਮੈਨੇਜਰ ਪ੍ਰਗਨੇਸ਼ ਸ਼ਾਸਤਰੀ ਨੇ ਕਿਹਾ- ਵਿਦਿਆਰਥਣ ਪਿਛਲੇ ਪੰਜ ਸਾਲਾਂ ਤੋਂ ਸਕੂਲ ‘ਚ ਪੜ੍ਹ ਰਹੀ ਸੀ, ਹਾਲ ਹੀ ‘ਚ ਉਹ ਇੱਕ ਮਹੀਨੇ ਦੀ ਛੁੱਟੀ ਤੋਂ ਬਾਅਦ 10 ਦਿਨ ਪਹਿਲਾਂ ਸਕੂਲ ਵਾਪਸ ਆਈ ਸੀ। ਉਸ ਨੇ ਸਕੂਲ ਨੂੰ ਇੱਕ ਮੈਡੀਕਲ ਸਰਟੀਫਿਕੇਟ ਵੀ ਜਮ੍ਹਾ ਕਰਵਾਇਆ ਸੀ। ਬੱਚੀ ਦੇ ਪਿਤਾ ਸਵੇਰੇ ਉਸ ਨੂੰ ਸਕੂਲ ਛੱਡ ਕੇ ਗਏ ਸਨ। ਵਿਦਿਆਰਥੀਆਂ ਦੇ ਅਨੁਸਾਰ, ਉਸ ਨੇ ਕਲਾਸ ਦੌਰਾਨ ਅਚਾਨਕ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਅਧਿਆਪਕ ਨੇ ਉਸ ਨੂੰ ਸ਼ਾਂਤ ਕਰਵਾਇਆ। ਨਵਰੰਗਪੁਰਾ ਪੁਲਿਸ ਨੇ ਇਸ ਮਾਮਲੇ ‘ਚ ਮੈਡੀਕਲ-ਲੀਗਲ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸਕੂਲ ਦੇ ਅਧਿਆਪਕਾਂ, ਸਟਾਫ਼ ਤੇ ਕੁਝ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਬੱਚੀ ਦੀ ਮੌਤ ਕਾਰਨ ਪਰਿਵਾਰ ਸਦਮੇ ‘ਚ ਹੈ।
